ਡੱਲੇਵਾਲ, ਪੰਧੇਰ, ਸੁਰਜੀਤ ਫੂਲ, ਮਨਜੀਤ ਰਾਏ ਆਦਿ ਦੀ ਲੜਾਈ ਸਰਕਾਰ ਨਾਲ ਹੈ ਜਾਂ ਸੰਯੁਕਤ ਕਿਸਾਨ ਮੋਰਚੇ ਨਾਲ-ਚਮਕੌਰ ਸਿੰਘ

ਪੰਜਾਬ

ਗੁਰਦਾਸਪੁਰ, 4 ਮਾਰਚ (ਸਰਬਜੀਤ ਸਿੰਘ)– ਪੰਜਾਬ ਦੇ ਬਹਾਦਰ ਲੋਕੋ ਤੁਹਾਡੇ ਵੱਲੋਂ 2020 ਵਿੱਚ ਲੜੇ ਗਏ ਇਤਿਹਾਸਕ ਕਿਸਾਨ ਘੋਲ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਮੋਦੀ ਦੀ ਚੜ੍ਹਤ ਦਾ ਮੁਲੱਮਾਂ ਲਹਿੰਦਾ ਨਜ਼ਰ ਆ ਰਿਹਾ ਹੈ। ਇਸੇ ਕਰਕੇ ਕੇਂਦਰ ਸਰਕਾਰ, ਉਸ ਦੀ ਬੀ ਟੀਮ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਡੱਲੇਵਾਲ-ਪੰਧੇਰ ਲਾਣੇ ਨੂੰ ਤਿਆਰ ਕਰਕੇ ਪੰਜਾਬ ਦੀ ਸਭ ਤੋਂ ਵੱਧ ਆਧਾਰ ਵਾਲੀ ਜਥੇਬੰਦੀ ਉਗਰਾਹਾਂ ਸਮੇਤ ਸੰਯੁਕਤ ਕਿਸਾਨ ਮੋਰਚੇ ਦਾ ਆਧਾਰ ਖੋਰਨ ਲਈ ਅਤੇ ਐਸ.ਕੇ.ਐਮ ਨੂੰ ਤੋੜਨ ਵਾਸਤੇ ਐਮ.ਐਸ.ਪੀ ਵਾਲਾ ਮੌਜੂਦਾ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਇਹ ਸੰਘਰਸ਼ ਤਹਿਸ਼ੁਦਾ ਸੰਘਰਸ਼ ਹੈ। ਇਸ ਡੱਲੇਵਾਲ ਪੰਧੇਰ ਸੁਰਜੀਤ ਫੂਲ ਮਨਜੀਤ ਰਾਏ ਵੱਲੋਂ 13 ਫਰਵਰੀ ਨੂੰ ਦਿੱਲੀ ਜਾਣ ਦੇ ਸੱਦੇ ਬਾਰੇ ਭਾਰਤ ਪੱਧਰ ਦੀਆਂ 400 ਤੋਂ ਉੱਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਫਰੰਟ ਐਸ.ਕੇ.ਐਮ ਨਾਲ ਕੋਈ ਸਲਾਹ ਨਹੀਂ ਕੀਤੀ‌। ਉਲਟਾ ਐਸ.ਕੇ.ਐਮ ਨੂੰ ਅੱਡੋ ਪਾਟੀ ਕਰਨ ਲਈ ਪੰਜਾਬ ਵਾਲੇ ਇਕੱਲੇ-ਇਕੱਲੇ ਕਿਸਾਨ ਆਗੂ ਨੂੰ ਮਿਲਿਆ ਗਿਆ। ਉਹਨਾਂ ਨਾਲ ਵੀ ਕੋਈ ਸਲਾਹ ਨਹੀਂ ਕੀਤੀ‌ ਬਲਕਿ ਆਪਣੇ ਵੱਲੋਂ ਉਲੀਕੇ ਦਿੱਲੀ ਜਾਣ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਸਤੇ ਸੱਦਾ ਦਿੱਤਾ ਗਿਆ। ਇਹ ਆਗੂਆਂ ਨੂੰ ਮਿਲਣ ਦਾ ਮਕਸਦ ਐਸ.ਕੇ.ਐਮ ਨੂੰ ਸੰਘਰਸ਼ ਵਿੱਚ ਸ਼ਾਮਲ ਕਰਨਾ ਘੱਟ ਤੋੜਨਾ ਜ਼ਿਆਦਾ ਸੀ। ਡੱਲੇਵਾਲ ਪੰਧੇਰ ਨੇ ਅਜਿਹਾ ਇਸ ਵਾਸਤੇ ਕੀਤਾ ਕਿ ਪੰਜਾਬ ਵਾਲੀਆਂ ਕਿਸਾਨ ਜਥੇਬੰਦੀਆਂ ਨੂੰ ਐਸ.ਕੇ.ਐਮ ਨਾਲੋਂ ਵੱਖ ਕਰਕੇ ਸੰਘਰਸ਼ ਨੂੰ ਭਾਰਤ ਪੱਧਰ ਤੋਂ ਸੁੰਗੇੜ ਕੇ ਪੰਜਾਬ ਪੱਧਰਾ ਕੀਤਾ ਜਾਵੇ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਸੁਖਬੀਰ ਬਾਦਲ ਦੇ ਕਹਿਣ ਵਾਂਗ ਕੇਂਦਰ ਸਰਕਾਰ ਨੂੰ ਪੰਜਾਬ ਉੱਤੇ ਬਲ ਪ੍ਰਯੋਗ ਕਰਨ ਦਾ ਮੌਕਾ ਦੇਣਾ ਹੈ। ਪੰਜਾਬ ਦੇ ਸੂਝਵਾਨ ਲੋਕੋ ਹੁਣ ਤੁਸੀਂ ਸੋਚੋ ਕਿ ਕੀ ਡੱਲੇਵਾਲ ਪੰਧੇਰ ਸੁਰਜੀਤ ਫੂਲ ਮਨਜੀਤ ਰਾਏ ਲੱਖਾਂ ਸਿਧਾਣਾ, ਰਫ਼ਤਾਰ ਰਾਏ ਭਾਨੇ ਸਿੱਧੂ ਵਰਗੇ ਲੋਕਾਂ ਵਾਸਤੇ ਸਭ ਕੁੱਝ ਕਰ ਰਹੇ ਨੇ ਜਾਂ ਕਿਸ ਵਾਸਤੇ? ਇਸ ਗੱਲ ਵਿੱਚ ਇੱਕ ਗੱਲ ਹੋਰ ਵੀ ਧਿਆਨ ਰੱਖਣ ਯੋਗ ਹੈ ਕਿ ਡੱਲੇਵਾਲ ਪੰਧੇਰ, ਲਾਣੇ ਦੇ ਨਾਲ ਸੰਘਰਸ਼ ਵਿੱਚ ਸ਼ਾਮਲ ਮਨਜੀਤ ਰਾਏ ਦੀ ਇੱਕ ਇੰਟਰਵਿਊ ਦੀ ਵੀਡੀਓ ਸੋਸ਼ਿਲ ਮੀਡੀਆ ਉੱਤੇ ਘੁੰਮ ਰਹੀ ਹੈ ਜਿਸ ਵਿੱਚ ਮਨਜੀਤ ਰਾਏ ਡੱਲੇਵਾਲ ਨੂੰ ਭਾਜਪਾ ਦੇ ਕਿਸਾਨ ਸੈੱਲ ਦਾ ਨੁਮਾਇੰਦਾ ਦੱਸ ਰਿਹਾ ਹੈ। ਇਸ ਬਾਰੇ ਮਨਜੀਤ ਰਾਏ ਨੂੰ ਵੀ ਇਹ ਗੱਲ ਪੁੱਛਣੀ ਬਣਦੀ ਹੈ ਕਿ ਜੇਕਰ ਡੱਲੇਵਾਲ ਪੰਧੇਰ ਸੁਰਜੀਤ ਫੂਲ ਵਰਗੇ ਭਾਜਪਾ ਵੱਲੋਂ ਸ਼ਿੰਗਾਰੇ ਗਏ ਨੇ ਤਾਂ ਫਿਰ ਮਨਜੀਤ ਰਾਏ ਖ਼ੁਦ ਇਸ ਮੌਜੂਦਾ ਸੰਘਰਸ਼ ਦਾ ਹਿੱਸਾ ਕਿਉਂ ਹੈ? ਇਸ ਬਾਰੇ ਠੀਕ ਤਰ੍ਹਾਂ ਜਾਨਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੜੇ ਇਤਿਹਾਸਕ ਦਿੱਲੀ ਘੋਲ ਦੀਆਂ ਕੁੱਝ ਘਟਨਾਵਾਂ ਨੂੰ ਸਮਝਣਾ ਪਵੇਗਾ। ਘਟਨਾਵਾਂ ਇਹ ਕਿ ਜਦੋਂ ਐਸ.ਕੇ.ਐਮ ਦੀ ਅਗਵਾਈ ਹੇਠ 26 ਨਵੰਬਰ 2020 ਨੂੰ ਦਿੱਲੀ ਵੱਲ ਕੂਚ ਕੀਤਾ ਗਿਆ ਉਸ ਸਮੇਂ ਸਮੁੱਚਾ ਸੰਯੁਕਤ ਕਿਸਾਨ ਮੋਰਚਾ ਸਰਕਾਰ ਵੱਲੋਂ ਲਾਈਆਂ ਰੋਕਾਂ ਤੋੜ ਕੇ ਦਿੱਲੀ ਗਿਆ। ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਸਿੰਘੂ ਬਾਰਡਰ ਉੱਤੇ ਰੋਕ ਲਿਆ ਅਤੇ ਉਗਰਾਹਾਂ ਵਾਲਿਆਂ ਨੂੰ ਟਿੱਕਰੀ ਬਾਰਡਰ ‘ਤੇ। ਪਰ ਪੰਧੇਰ ਦੀ ਜਥੇਬੰਦੀ ਕਈ ਦਿਨਾਂ ਬਾਅਦ ਦਿੱਲੀ ਗਈ ਤੇ ਸਰਕਾਰ ਦੀਆਂ ਸਖ਼ਤ ਰੋਕਾਂ ਵਿੱਚੋਂ ਦੀ 50 ਕਿਲੋਮੀਟਰ ਅੱਗੇ ਜਾ ਕੇ ਗਾਜੀਪੁਰ ਬਾਰਡਰ ‘ਤੇ ਪਹੁੰਚੀ। ਇਹ ਗੱਲ ਕਿਸ ਪਾਸੇ ਇਸ਼ਾਰਾ ਕਰ ਰਹੀ ਹੈ। 26 ਜਨਵਰੀ 2021 ਦੇ ਟਰੈਕਟਰ ਮਾਰਚ ਤੋਂ ਇੱਕ ਦਿਨ ਪਹਿਲਾਂ 25 ਜਨਵਰੀ ਵਾਲੇ ਦਿਨ ਲੱਖਾ ਸਿਧਾਣਾ, ਦੀਪ ਸਿੱਧੂ, ਭਾਨੇ ਸਿੱਧੂ ਵਰਗਿਆਂ ਨੇ ਸਿੰਘੂ ਬਾਰਡਰ ਵਾਲੀ ਐਸ.ਕੇ.ਐਮ ਵਾਲੀ ਸਟੇਜ ਧੱਕੇ ਨਾਲ ਹਥਿਆ ਲਈ ਤੇ 26 ਜਨਵਰੀ ਵਾਲੇ ਦਿਨ ਐਸ.ਕੇ.ਐਮ ਵੱਲੋਂ ਤਹਿ ਰੂਟ ਦੀ ਥਾਂ ਲਾਲ ਕਿਲ੍ਹੇ ਜਾਇਆ ਗਿਆ। ਪੰਧੇਰ ਵੀ ਉਹਨਾਂ ਨਾਲ਼ ਹੀ ਗਿਆ। ਸੰਯੁਕਤ ਕਿਸਾਨ ਮੋਰਚੇ ਅਤੇ ਉਗਰਾਹਾਂ ਹੁਰਾਂ ਦੀ ਸੁਚੱਜੀ ਅਗਵਾਈ ਅਤੇ ਟਿਕੈਤ ਦੇ ਗਾਜੀਪੁਰ ਬਾਰਡਰ ਖ਼ਾਲੀ ਕਰਵਾਉਣ ਦੀ ਲਾਲਸਾ ਹਿੱਤ ਕੀਤੇ ਸਰਕਾਰੀ ਹਮਲੇ ਖ਼ਿਲਾਫ਼ ਟਿਕੈਤ ਵੱਲੋਂ ਰੋਣ ਕਰਕੇ ਬਚਾਅ ਰਹਿ ਗਿਆ ਵਰਨਾ ਉੱਥੋਂ ਲਾਸ਼ਾਂ ਦੇ ਟਰੱਕ ਆਉਣੇ ਸੀ ਕਿਸਾਨਾਂ ਦੇ ਭਰਕੇ। ਪੰਧੇਰ ਦੀ ਇਸ ਹੋਛੀ ਕਾਰਵਾਈ ਦਾ ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਨੋਟਿਸ ਲਿਆ ਤਾਂ ਡੱਲੇਵਾਲ ਦਾ ਪੰਧੇਰ ਪ੍ਰਤੀ ਰੁਖ਼ ਨਰਮ ਰਿਹਾ। ਉਸ ਤੋਂ ਬਾਅਦ ਦਿੱਲੀ ਘੋਲ ਖ਼ਤਮ ਹੋਣ ਤੋਂ ਬਾਅਦ ਡੱਲੇਵਾਲ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਖੋਰਾ ਲਾਉਣ ਖ਼ਾਤਰ ਇਹ ਗੱਲ ਪ੍ਰਚਾਰੀ ਕਿ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਦਿੱਲੀ ਮੋਰਚਾ 3000 ਕਰੋੜ ਵਿੱਚ ਵੇਚ ਦਿੱਤਾ ਹੈ। 13 ਫਰਵਰੀ 2024 ਵਾਲਾ ਦਿੱਲੀ ਜਾਣ ਦਾ ਸੱਦਾ ਦਿੱਲੀ ਖ਼ਿਲਾਫ਼ ਲੋਕਾਂ ਵਿੱਚ ਪਏ ਗੁੱਸੇ ਨੂੰ ਸੰਯੁਕਤ ਕਿਸਾਨ ਮੋਰਚੇ ਤੇ ਖ਼ਾਸ ਕਰਕੇ ਸਭ ਤੋਂ ਵੱਧ ਕਾਡਰ ਲਈ ਬੈਠੀ ਉਗਰਾਹਾਂ ਜਥੇਬੰਦੀ ਦੇ ਖ਼ਿਲਾਫ਼ ਵਰਤ ਕੇ ਭਾਜਪਾ ਦੀਆਂ ਵੋਟਾਂ ਪੱਕੀਆਂ ਕਰਨ ਦਾ ਪ੍ਰੋਗਰਾਮ ਸੀ। ਇਸੇ ਕਰਕੇ 13 ਫਰਵਰੀ ਨੂੰ ਦਿੱਲੀ ਚੱਲੋ ਦੇ ਨਾਲ ਨਾਲ ਸੰਯੁਕਤ ਕਿਸਾਨ ਮੋਰਚੇ ਤੇ ਉਗਰਾਹਾਂ ਖ਼ਿਲਾਫ਼ ਪ੍ਰਚਾਰ ਲਿਆਂਦਾ ਗਿਆ ਕਿ ਇਹ ਦਿੱਲੀ ਕਿਉਂ ਨਹੀਂ ਜਾ ਰਹੇ। ਜਦੋਂ ਕਿ ਇਹੀ ਸਵਾਲ ਡੱਲੇਵਾਲ ਨੂੰ ਕਰਨਾ ਬਣਦਾ ਹੈ ਜਦੋਂ ਦਿੱਲੀ ਵਾਲੇ ਸੰਘਰਸ਼ ਦੀਆਂ ਰਹਿੰਦਿਆਂ ਮੰਗਾਂ ਉੱਤੇ ਸੰਯੁਕਤ ਕਿਸਾਨ ਮੋਰਚੇ ਨੇ ਲਖੀਮਪੁਰ ਖੀਰੀ ਵੱਡੇ ਇਕੱਠ ਦਾ ਸੱਦਾ ਦਿੱਤਾ ਤਾਂ ਡੱਲੇਵਾਲ ਲਖੀਮਪੁਰ ਖੀਰੀ ਨਹੀਂ ਗਿਆ! ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਜੀਂਦ ਵਿੱਚ ਇਕੱਠ ਕੀਤਾ ਤਾਂ ਡੱਲੇਵਾਲ ਦੀ ਜਥੇਬੰਦੀ ਉੱਥੋਂ ਵੀ ਗਾਇਬ ਸੀ! ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਚੰਡੀਗੜ੍ਹ ਤਿੰਨ ਦਿਨਾਂ ਦਾ ਮੋਰਚਾ ਲਗਾਇਆ ਤਾਂ ਉੱਥੇ ਵੀ ਡੱਲੇਵਾਲ ਨਹੀਂ ਗਿਆ! ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਕਰਕੇ ਮੋਦੀ ਦੀ ਦੁਬਾਰਾ ਚੱਲੀ ਹਵਾ ਨੂੰ। ਭਾਜਪਾ ਦੇ ਹੱਕ ਵਿੱਚ ਵਰਤਣ ਵਾਸਤੇ ਮੌਜੂਦਾ ਘੋਲ ਵਿੱਚ ਲਖੀਮਪੁਰ ਖੀਰੀ ਦੇ ਸ਼ਹੀਦ ਪ੍ਰਵਾਰਾਂ ਨੂੰ ਮਾੜਾ ਮੋਟਾ ਮੁਆਵਜ਼ਾ, ਕਰਜ਼ਾ ਮੁਆਫ਼ੀ ਵਾਲਾ ਪੋਲਾ ਪਤਲਾ ਹੱਲ, ਐਮ.ਐਸ.ਪੀ ਉੱਤੇ ਥੋੜਾ ਬਹੁਤ ਕੁੱਝ ਸਮਝੌਤਾ ਸਿਰੇ ਲਾਉਣ ਦਾ ਇਰਾਦਾ ਸੀ। ਡੱਲੇਵਾਲ, ਪੰਧੇਰ, ਫੂਲ, ਲੱਖਾ ਸਿਧਾਣਾ ਅਤੇ ਭਾਨੇ ਸਿੱਧੂ ਵਰਗਿਆਂ ਨੇ 13 ਫਰਵਰੀ ਵਾਲਾ ਸੰਘਰਸ਼ ਚੱਕ ਤਾਂ ਲਿਆ ਤੇ ਕੇਂਦਰ ਸਰਕਾਰ ਨੇ ਜਦੋਂ 13 ਫਰਵਰੀ ਵਾਲੇ ਦਿੱਲੀ ਮਾਰਚ ਨੂੰ ਦੇਖ ਕੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਫਰੈਂਡਲੀ ਮੈਚ ਅਨੁਸਾਰ ਸੜਕਾਂ ਉੱਤੇ ਕਿੱਲ ਗੱਡਵਾਏ ਗਏ। ਇਸ ਗੱਲ ਨੂੰ ਦੇਖ ਕੇ ਜਦੋਂ ਉਗਰਾਹਾਂ ਜਥੇਬੰਦੀ ਦਾ ਬਿਆਨ ਆ ਗਿਆ ਕਿ ਜੇਕਰ ਕੇਂਦਰ ਸਰਕਾਰ ਨੇ ਦਿੱਲੀ ਜਾਣ ਵਾਲੇ ਲੋਕਾਂ ਉੱਤੇ ਕੋਈ ਗ਼ਲਤ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਆਪਣੀ ਜਥੇਬੰਦੀ ਵੱਲੋਂ ਪੂਰੀ ਤਰ੍ਹਾਂ ਦਿੱਲੀ ਜਾਣ ਵਾਲੇ ਲੋਕਾਂ ਦੇ ਨਾਲ ਆਵਾਂਗੇ‌। ਡੱਲੇਵਾਲ-ਪੰਧੇਰ ਲਾਣੇ ਨੇ ਆਪਣੇ ਆਪ ਨੂੰ ਫ਼ਸੇ ਮਹਿਸੂਸ ਕੀਤਾ। ਕੇਂਦਰ ਸਰਕਾਰ ਨੂੰ ਵੀ ਬਾਜ਼ੀ ਹੱਥੋਂ ਜਾਂਦੀ ਦਿਸੀ ਇਸੇ ਕਰਕੇ ਉਹਨਾਂ ਖਨੌਰੀ ਅਤੇ ਸ਼ੰਭੂ ਬਾਰਡਰਾਂ ‘ਤੇ ਨਿਹੱਥੇ ਲੋਕਾਂ ਉੱਤੇ ਹਮਲਾ ਕਰਕੇ ਬਹੁਤ ਸਾਰੇ ਕਿਸਾਨਾਂ ਨੂੰ ਜ਼ਖ਼ਮੀ ਕਰ ਦਿੱਤਾ। ਸਰਕਾਰ ਵੱਲੋਂ ਨਿਹੱਥੇ ਲੋਕਾਂ ਉੱਤੇ ਕੀਤੇ ਹਮਲੇ ਖ਼ਿਲਾਫ਼ ਉਗਰਾਹਾਂ ਅਤੇ ਮਨਜੀਤ ਧਨੇਰ ਵਾਲੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਡਕੌਂਦਾ ਜਥੇਬੰਦੀਆਂ ਨੇ ਚਾਰ ਘੰਟੇ ਲਈ ਰੇਲਾਂ ਰੋਕਣ ਦਾ ਐਲਾਨ ਕਰ ਦਿੱਤਾ ਅਤੇ ਸੰਯੁਕਤ ਕਿਸਾਨ ਮੋਰਚੇ ਨੇ ਸਮੁੱਚੇ ਪੰਜਾਬ ਵਿੱਚ ਟੋਲ ਫ੍ਰੀ ਕਰਨ ਦਾ ਐਲਾਨ ਕਰ ਦਿੱਤਾ। 17 ਤਰੀਕ ਨੂੰ ਲੋਕ ਜਦੋਂ ਪੰਜਾਬ ਦੇ ਸਾਰੇ ਟੋਲ ਪਲਾਜਿਆਂ ਤੇ ਭਾਜਪਾ ਆਗੂਆਂ ਦੇ ਘਰਾਂ ਮੂਹਰੇ ਜਾ ਬੈਠੇ ਤੇ ਪੰਧੇਰ ਦਾ ਬਿਆਨ ਆ ਗਿਆ ਕਿ ਕੇਂਦਰ ਸਰਕਾਰ ਐਮ.ਐਸ.ਪੀ ਉੱਤੇ ਪਾਰਲੀਮੈਂਟ ਵਿੱਚ ਆਰਡੀਨੈਂਸ ਲੈ ਕੇ ਆਵੇ। ਇਸ ਗੱਲ ਦਾ ਨੋਟਿਸ ਲੈ ਕੇ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਕੁੱਝ ਜਥੇਬੰਦੀਆਂ ਦਾ ਫਿਰ ਬਿਆਨ ਆ ਗਿਆ ਕਿ ਆਰਡੀਨੈਂਸ ਤਾਂ ਇੱਕ ਬਿਲ ਹੁੰਦਾ ਹੈ। ਬਿਲ ਦੀ ਜ਼ਿਆਦਾ ਤੋਂ ਜ਼ਿਆਦਾ ਮਿਆਦ 6 ਮਹੀਨੇ ਦੀ ਹੁੰਦੀ ਹੈ। 6 ਮਹੀਨੇ ਬਾਅਦ ਬਿਲ ਆਪਣੇ ਆਪ ਰੱਦ ਹੋ ਜਾਂਦਾ ਹੈ। ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਦੀ ਆਰਡੀਨੈਂਸ ਵਾਲੀ ਗੱਲ ਉੱਤੇ ਕੋਈ ਸਹਿਮਤੀ ਨਹੀਂ ਹੋਈ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਸਾਨੂੰ ਆਰਡੀਨੈਂਸ ਵਾਲੀ ਗੱਲ ਮਨਜ਼ੂਰ ਨਹੀਂ ਹੈ। ਇਸ ਗੱਲ ਉੱਤੇ ਫਿਰ ਡੱਲੇਵਾਲ-ਪੰਧੇਰ ਸਮੇਤ ਕੇਂਦਰ ਸਰਕਾਰ ਨੂੰ ਫ਼ਿਕਰ ਪੈ ਗਿਆ ਕਿ ਸਾਡੀ ਆਰਡੀਨੈਂਸ ਵਾਲੀ ਦਾਲ ਨਹੀਂ ਗਲ਼ੀ। ਸਰਕਾਰ ਅਤੇ ਡੱਲੇਵਾਲ-ਪੰਧੇਰ ਹੁਰਾਂ ਦੀ ਚਲਦੀ ਮੀਟਿੰਗ ਵਿੱਚੋਂ ਸਰਕਾਰ ਵੱਲੋਂ ਭੇਜੇ ਮੰਤਰੀ ਦੋ ਘੰਟੇ ਮੋਦੀ ਤੇ ਸ਼ਾਹ ਵਰਗਿਆਂ ਨਾਲ ਗੱਲਾਂ ਕਰਦੇ ਰਹੇ ਕਿ ਆਰਡੀਨੈਂਸ ਵਾਲੀ ਗੱਲ ਵੀ ਫੇਲ੍ਹ ਹੋ ਗਈ ਹੈ। ਇਸ ਮਾਮਲੇ ਵਿੱਚ ਇੱਕ ਗੱਲ ਹੋਰ ਸਮਝਣ ਵਾਲੀ ਹੈ ਕਿ ਜਿਹੜੀ ਸਰਕਾਰ 2020-21 ਵਾਲੇ ਘੋਲ ਵਿੱਚ 23 ਜਨਵਰੀ 2021 ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨਾਲ ਗੱਲਬਾਤ ਤੋੜ ਕੇ ਮੁੜਕੇ ਸਾਲ ਭਰ SKM ਨਾਲ ਗੱਲਬਾਤ ਉੱਤੇ ਦੁਬਾਰਾ ਨਹੀਂ ਆਈ ਸੀ, ਉਹ ਸਰਕਾਰ ਡੱਲੇਵਾਲ-ਪੰਧੇਰ ਨਾਲ 4-5 ਦਿਨਾਂ ਵਿੱਚ ਹੀ ਚੌਥੀ ਵਾਰ ਗੱਲਬਾਤ ਉੱਤੇ ਬੈਠ ਰਹੀ ਹੈ। ਇਹ ਗੱਲ ਵੀ ਸਾਫ਼ ਕਰਦੀ ਹੈ ਕਿ ਕੇਂਦਰ ਸਰਕਾਰ ਅਤੇ ਡੱਲੇਵਾਲ-ਪੰਧੇਰ ਹੁਰਾਂ ਦਾ ਮੈਚ ਦੋਸਤਾਨਾ ਹੈ, ਦੁਸ਼ਮਣਾਂਨਾ ਨਹੀਂ। ਉਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਐਫ.ਸੀ.ਆਈ ਰਾਹੀਂ ਪੰਜ ਫ਼ਸਲਾਂ ਉੱਤੇ ਐਮ.ਐਸ.ਪੀ ਦੇ ਕੇ ਠੇਕੇ ਤੇ ਖੇਤੀ ਕਰਵਾਉਣ ਵਾਲਾ ਪੈਂਤੜਾ ਲਿਆਂਦਾ ਗਿਆ। ਲੋਕਾਂ ਨੇ ਇਸ ਫੈਸਲੇ ਨੂੰ ਵੀ ਰੱਦ ਕਰ ਦਿੱਤਾ। ਡੱਲੇਵਾਲ-ਪੰਧੇਰ ਲਾਣਾ ਤੇ ਸਰਕਾਰ ਫਿਰ ਫਸ ਗਈਆਂ। ਇਹਨਾਂ ਨਾਲ ਲੋਕਾਂ ਵਿੱਚ ਫੁੱਟ ਪਾਉਣ ਵਾਲੀਆਂ ਸਿਆਸੀ ਪਾਰਟੀਆਂ ਕਾਂਗਰਸ, ਅਕਾਲੀ ਵਰਗੀਆਂ ਤਾਕਤਾਂ ਦੇ ਮਨਸੂਬੇ ਵੀ ਫੇਲ੍ਹ ਹੋ ਗਏ। ਦੂਜੇ ਪਾਸੇ ਡੱਲੇਵਾਲ, ਪੰਧੇਰ, ਸੁਰਜੀਤ ਫੂਲ, ਲੱਖੇ ਸਿਧਾਣੇ ਵਰਗਿਆਂ ਨੇ ਖਨੌਰੀ ਬਾਰਡਰ ਤੇ ਲੋਕਾਂ ਨੂੰ ਲਾਵਾਰਸ ਛੱਡ ਕੇ ਸਰਕਾਰ ਨੂੰ ਹਮਲਾ ਕਰਨ ਦਾ ਮੌਕਾ ਦਿੱਤਾ। ਉਸ ਵਿੱਚ ਪੁਲੀਸ ਨੇ ਲੋਕਾਂ ਉੱਤੇ ਹਮਲਾ ਕਰਕੇ ਇੱਕ ਨੌਜਵਾਨ ਨੂੰ ਸ਼ਹੀਦ ਕਰ ਦਿੱਤਾ ਅਤੇ ਸੈਂਕੜੇ ਕਿਸਾਨਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਬਹੁਤ ਸਾਰੇ ਨੌਜਵਾਨ ਨੂੰ ਹਰਿਆਣਾ ਪੁਲਿਸ ਨੇ ਅਗਵਾ ਕਰਕੇ ਤਸ਼ੱਦਦ ਕੀਤਾ। ਇਸ ਹਮਲੇ ਤੋਂ ਪਿੱਛੋਂ ਡੱਲੇਵਾਲ ਪੰਧੇਰ ਹੁਰਾਂ ਦਾ ਬਿਆਨ ਆਇਆ ਕਿ ਅਸੀਂ ਅੱਗੇ ਲੱਗ ਕੇ ਪ੍ਰਸ਼ਾਸਨ ਦੇ ਵਿੱਚ ਵੱਜਾਂਗੇ‌। ਖ਼ੁਦ ਪੰਧੇਰ ਨੇ ਇਹ ਗੱਲ ਕਬੂਲ ਕੀਤੀ ਕਿ ਜਦੋਂ ਅਸੀਂ 21 ਫਰਵਰੀ ਨੂੰ ਉੱਥੇ ਗਏ ਤਾਂ ਪੁਲਿਸ ਨੇ ਸਾਨੂੰ ਪਛਾਣ ਲਿਆ। ਪੁਲਿਸ ਨੇ ਕਿਹਾ ਕਿ ਡੱਲੇਵਾਲ ਸਾਹਿਬ ਪੰਧੇਰ ਸਾਹਿਬ ਤੁਸੀਂ ਦੋ-ਦੋ ਚਾਰ-ਚਾਰ ਕਰਕੇ ਪੈਦਲ ਨਿਕਲ਼ ਜਾਓ। ਜਦੋਂ ਕਿ ਪੰਧੇਰ ਹੁਰਾਂ ਦਾ ਪ੍ਰੋਗਰਾਮ ਗ੍ਰਿਫ਼ਤਾਰੀ ਦੇ ਕੇ ਲੋਕਾਂ ਦੀਆਂ ਜੁੱਤੀਆਂ ਤੋਂ ਬਚਣ ਦਾ ਸੀ। ਇਹ ਪੈਂਤੜਾ ਵੀ ਇਹਨਾਂ ਦਾ ਫੇਲ੍ਹ ਸਾਬਤ ਹੋਇਆ। ਚੱਲ ਰਹੇ ਮੌਜੂਦਾ ਘਟਨਾਕ੍ਰਮ ਵਿੱਚ ਭਾਜਪਾ ਸਰਕਾਰ ਸਮੇਤ ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ, ਅਖੌਤੀ ਨੌਜਵਾਨ ਲੀਡਰ ਸਿਧਾਣੇ, ਰਫ਼ਤਾਰ ਰਾਏ, ਭਾਨੇ ਸਿੱਧੂ ਅਤੇ ਇਹਨਾਂ ਅਖੌਤੀ ਕਿਸਾਨ ਲੀਡਰਾਂ ਡੱਲੇਵਾਲ, ਪੰਧੇਰ ਆਦਿ ਆਗੂਆਂ ਵੱਲੋਂ ਲੋਕਾਂ ਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਖਾਲਿਸਤਾਨ ਬਣਾਉਣ ਦੀ ਮੰਗ ਨੂੰ ਉਭਾਰਿਆ ਜਾ ਰਿਹਾ ਹੈ। ਗੱਲ ਮੁਕਾਓ ਇਹਨਾਂ ਦੇ ਸਾਰੇ ਮਨਸ਼ੇ ਫੇਲ੍ਹ ਕਰਨ ਵਾਸਤੇ 400 ਕਿਸਾਨ ਮਜ਼ਦੂਰਾਂ ਦੀਆਂ ਜਥੇਬੰਦੀਆਂ ਅਤੇ ਸਮੂਹ ਦੇਸ਼ ਵਾਸੀਆਂ ਖਾਸ ਕਰਕੇ ਪੰਜਾਬ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਹੈ। ਨਾਲ ਹੀ ਮੈਂ ਇੱਕ ਅਦਨਾ ਜਿਹਾ ਬੰਦਾ ਸਾਰੇ ਹੀ ਦੇਸ਼ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਅਤੇ ਚੋਣਾਂ ਦੇ ਸਮੇਂ ਲਿਖ਼ਤ ਵਿੱਚ ਟਿੱਕੇ ਲੀਡਰ, ਸਿਆਸੀ ਪਾਰਟੀਆਂ, ਕਿਸਾਨ ਅਤੇ ਅਖੌਤੀ ਨੌਜਵਾਨ ਲੀਡਰ ਤੁਹਾਨੂੰ ਆਪਸ ਵਿੱਚ ਲੜਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਇਸ ਕਰਕੇ ਬਚ ਕੇ ਮੋੜ ਤੋਂ ਬਹੁਤ ਕਸੂਤਾ ਮੋੜ ਹੈ। ਸਾਰੇ ਭਾਰਤ ਦੇ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਹੋਰ ਕਾਰੋਬਾਰੀਆਂ ਨੂੰ ਇਕੱਠੇ ਕਰਕੇ ਸਰਕਾਰ ਤੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਦੀ ਗੱਲ ਨੂੰ ਗੰਭੀਰਤਾ ਨਾਲ ਸੁਣੋ ਅਤੇ ਅਮਲ ਕਰੋ।


Leave a Reply

Your email address will not be published. Required fields are marked *