ਸ਼ੁਭਕਰਨ ਉੱਤੇ ਗੋਲੀ ਚਲਾਉਣ ਵਾਲਿਆਂ ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ਼ ਹੋਵੇ – ਲਾਭ ਅਕਲੀਆ

ਦੇਸ਼

ਰਾਮਪੁਰਾ, ਗੁਰਦਾਸਪੁਰ, 23 ਫਰਵਰੀ (ਸਰਬਜੀਤ ਸਿੰਘ)– ਮੋਦੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਰਿਆਣਾ ਪੁਲੀਸ ਅਤੇ ਨੀਮ ਫ਼ੌਜੀ ਦਸਤਿਆਂ ਵੱਲੋਂ ਸ਼ੰਭੂ ਅਤੇ ਖਨੌਰੀ ਬਾਡਰਾਂ ‘ਤੇ , ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਕਿਸਾਨਾਂ ਉੱਪਰ ਅਣਮਨੁੱਖੀ ਜ਼ਬਰ ਢਾਹਿਆ ਜਾ ਰਿਹਾ ਹੈ ਅਤੇ ਬਾਡਰਾਂ ਨੂੰ ਜੰਗ ਦੇ ਅਖਾੜੇ ਵਿੱਚ ਬਦਲ ਦਿੱਤਾ ਗਿਆ ਹੈ।ਪੁਲੀਸ ਵੱਲੋਂ ਰਬੜ ਦੀਆਂ ਗੋਲ਼ੀਆਂ ਅਤੇ ਅੱਥਰੂ ਗੈਸ ਦੇ ਗੋਲੇ ਦਾਗ਼ ਕੇ ਹੁਣ ਤੱਕ ਸੈਂਕੜੇ ਕਿਸਾਨਾਂ ਨੂੰ ਫੱਟੜ ਕਰ ਦਿੱਤਾ ਗਿਆ ਹੈ। ਕੱਲ੍ਹ ਖਨੌਰੀ ਬਾਡਰ ਤੇ 22 ਸਾਲਾਂ ਦੇ ਨੌਜਵਾਨ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਨਾਲ ਦਰਦਨਾਕ ਮੌਤ ਹੋ ਗਈ ਹੈ, ਜੋ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀ ਪੀ ਆਈ (ਐਮ ਐਲ ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਹਰਿਆਣਾ ਦੀ ਖੱਟਰ ਸਰਕਾਰ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਨਾਲ ਅਣਮਨੁੱਖੀ ਵਰਤਾਓ ਕਰ ਰਹੀ ਹੈ ਅਤੇ ਆਮ ਜਨਤਾ ਦੇ ਜਮਹੂਰੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ । ਕਿਸਾਨ ਜਿਨ੍ਹਾਂ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਹਨ, ਮੋਦੀ ਸਰਕਾਰ ਪਹਿਲਾਂ ਮੰਨ ਚੁੱਕੀ ਹੈ। ਅਸਲ ਵਿੱਚ ਮੋਦੀ ਸਰਕਾਰ ਦੇਸ਼ ਦੀ ਸਾਰੀ ਸੰਪਤੀ ਅਤੇ ਸਰਕਾਰੀ ਅਦਾਰਿਆਂ ਨੂੰ ਅੰਬਾਨੀ ਅਡਾਨੀ ਵਰਗੇ ਵੱਡੇ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਆਗੂ ਨੇ ਮੰਗ ਕੀਤੀ ਕਿ ਨੌਜਵਾਨ ਸ਼ੁਭਕਰਨ ਨੂੰ ਗੋਲੀ ਮਾਰਨ ਵਾਲਿਆਂ ਉੱਤੇ ਕਤਲ ਦਾ ਮੁਕੱਦਮਾ ਦਰਜ਼ ਕੀਤਾ ਜਾਵੇ ਅਤੇ ਪ੍ਰੀਵਾਰ ਨੂੰ ਬਣਦੀ ਮੱਦਦ ਦਿੱਤੀ ਜਾਵੇ। ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਸੰਵੇਦਨਸ਼ੀਲਤਾ ਦੇ ਨਾਲ ਪ੍ਰਵਾਨ ਕੀਤਾ ਜਾਵੇ।

Leave a Reply

Your email address will not be published. Required fields are marked *