ਗੁਰਦਾਸਪੁਰ ਵਾਸੀਆਂ ਨੇ ਪੰਜਾਬ ਦੇ ਅਮੀਰ ਵਿਰਸੇ ਤੇ ਇਤਿਹਾਸ ਨੂੰ ਰੂਪਮਾਨ ਕਰਦੀਆਂ ਝਾਕੀਆਂ ਦੇ ਦਰਸ਼ਨ ਕੀਤੇ

ਗੁਰਦਾਸਪੁਰ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਚੇਅਰਮੈਨ ਰਮਨ ਬਹਿਲ ਨੇ ਗੁਰਦਾਸਪੁਰ ਤੋਂ ਝਾਕੀਆਂ ਨੂੰ ਜ਼ਿਲ੍ਹੇ ਦੇ ਹੋਰਨਾਂ ਭਾਗਾਂ ਲਈ ਕੀਤਾ ਰਵਾਨਾ

ਸਕੂਲੀ ਵਿਦਿਆਰਥੀਆਂ ਅਤੇ ਰਾਹਗੀਰਾਂ ਨੇ ਝਾਕੀਆਂ ਨਾਲ ਤਸਵੀਰਾਂ ਅਤੇ ਸੈਲਫੀਆਂ ਖਿਚਵਾ ਕੇ ਆਪਣੀ ਸਦੀਵੀ ਯਾਦ ਦਾ ਹਿੱਸਾ ਬਣਾਇਆ

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਤਰਜਮਾਨੀ ਕਰਦੀਆਂ ਝਾਕੀਆਂ ਨੂੰ ਪ੍ਰਦਰਸ਼ਿਤ ਕਰਨ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ – ਡਿਪਟੀ ਕਮਿਸ਼ਨਰ

ਪੰਜਾਬ ਦਾ ਇਤਿਹਾਸ ਅਤੇ ਸਭਿਆਚਾਰ ਬੇਮਿਸਾਲ ਹੈ ਅਤੇ ਇਸ ਨੂੰ ਕੋਈ ਵੀ ਘਟਾ ਕੇ ਨਹੀਂ ਦੇਖ ਸਕਦਾ – ਰਮਨ ਬਹਿਲ

ਗੁਰਦਾਸਪੁਰ, 14 ਫਰਵਰੀ (ਸਰਬਜੀਤ ਸਿੰਘ)– ‘ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਪੰਜਾਬੀਆਂ ਦੇ ਅਹਿਮ ਯੋਗਦਾਨ’, ‘ਨਾਰੀ ਸ਼ਕਤੀ’ ਅਤੇ ‘ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ ਨੂੰ ਰੂਪਮਾਨ’ ਕਰਦੀਆਂ ਝਾਕੀਆਂ ਦਾ ਗੁਰਦਾਸਪੁਰ  ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਬੀਤੀ ਸ਼ਾਮ ਇਹ ਝਾਕੀਆਂ ਦੀਨਾਨਗਰ ਤੋਂ ਹੁੰਦੀਆਂ ਹੋਈਆਂ ਗੁਰਦਾਸਪੁਰ ਸ਼ਹਿਰ ਦੇ ਨਵੇਂ ਬੱਸ ਅੱਡੇ ਵਿਖੇ ਪਹੁੰਚ ਗਈਆਂ ਸਨ, ਜਿੱਥੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਨ੍ਹਾਂ ਝਾਕੀਆਂ ਦੇ ਦਰਸ਼ਨ ਕੀਤੇ।

ਅੱਜ ਸਵੇਰੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਬੱਸ ਅੱਡੇ ਤੋਂ ਇਨ੍ਹਾਂ ਝਾਕੀਆਂ ਨੂੰ ਹਰੀ ਝੰਡੀ ਦਿਖਾ ਕੇ ਧਾਰੀਵਾਲ, ਨੌਸ਼ਹਿਰਾ ਮੱਝਾ ਸਿੰਘ ਅਤੇ ਬਟਾਲਾ ਸ਼ਹਿਰਾਂ ਲਈ ਰਵਾਨਾ ਕੀਤਾ ਗਿਆ।  ਬੱਸ ਸਟੈਂਡ ਗੁਰਦਾਸਪੁਰ ਵਿੱਚ ਆਮ ਲੋਕਾਂ ਤੋਂ ਇਲਾਵਾ ਬੱਬਰੀ ਬਾਈਪਾਸ ਅਤੇ ਧਾਰੀਵਾਲ ਸ਼ਹਿਰ ਦੇ ਬਾਈਪਾਸ ਉੱਪਰ ਸਕੂਲੀ ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਝਾਕੀਆਂ ਦੇ ਦਰਸ਼ਨ ਕੀਤੇ। ਵਿਦਿਆਰਥੀਆਂ ਵੱਲੋਂ ਝਾਕੀਆਂ ਪਹੁੰਚਣ ਸਮੇਂ ਭਾਰਤ ਮਾਤਾ ਕੀ ਜੈ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਬੁਲੰਦ ਕੀਤੇ ਗਏ।  ਇਸ ਮੌਕੇ ਵੱਡੀ ਗਿਣਤੀ ਵਿਚ ਸਕੂਲੀ ਵਿਦਿਆਰਥੀਆਂ ਅਤੇ ਰਾਹ ਜਾਂਦੇ ਲੋਕਾਂ ਨੇ ਝਾਕੀਆਂ ਨਾਲ ਤਸਵੀਰਾਂ ਅਤੇ ਸੈਲਫੀਆਂ ਖਿਚਵਾਈਆਂ ਅਤੇ ਆਪਣੀ ਸਦੀਵੀ ਯਾਦ ਦਾ ਹਿੱਸਾ ਬਣਾਇਆ।

ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ‘ਤੇ ਤਿਆਰ ਕਰਵਾਈਆਂ ਇਨ੍ਹਾਂ ਝਾਕੀਆਂ ਵਿਚ ਜਲਿਆਂ ਵਾਲੇ ਬਾਗ ਦੀ ਘਟਨਾ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਬਾਬਾ ਸੋਹਨ ਸਿੰਘ ਭਕਨਾ, ਲਾਲਾ ਲਾਜਪਤ ਰਾਏ, ਸ਼ਹੀਦ ਸੁਖਦੇਵ, ਲਾਲਾ ਹਰਦਿਆਲ, ਸਰਦਾਰ ਅਜੀਤ ਸਿੰਘ, ਬਾਬਾ ਖੜਕ ਸਿੰਘ, ਮਦਨ ਲਾਲ ਢੀਂਗਰਾ, ਡਾ. ਦੀਵਾਨ ਸਿੰਘ ਕਾਲ਼ੇਪਾਣੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੀ ਕੁਰਬਾਨੀ ਅਤੇ ਕਾਮਾਗਾਟਾਮਾਰੂ ਦੀ ਘਟਨਾ ਨੂੰ ਦਿਖਾਇਆ ਗਿਆ ਹੈ। ਇਸੇ ਤਰ੍ਹਾਂ ਦੂਜੀ ਝਾਕੀ ਜ਼ਰੀਏ ਨਾਰੀ ਸ਼ਕਤੀਕਰਨ (ਮਾਈ ਭਾਗੋ ਦੀ ਸੂਰਮਗਤੀ) ਅਤੇ ਮਾਈ ਭਾਗੋ ਆਰਮਡ ਫੋਰਸਜ ਪ੍ਰੈਪਰੇਟਰੀ ਇੰਸਟੀਚਿਊਟ ਫ਼ਾਰ ਗਰਲਜ਼ ਦੁਆਰਾ ਵੱਖ-ਵੱਖ ਖੇਤਰਾਂ ਵਿੱਚ ਨਾਮ ਰੌਸ਼ਨ ਕਰਨ ਵਾਲੀਆਂ ਮਹਿਲਾਵਾਂ ਨੂੰ ਦਰਸਾਇਆ ਗਿਆ ਹੈ। ਇਸੇ ਤਰ੍ਹਾਂ ਤੀਜੀ ਝਾਕੀ ਦੇ ਰਾਹੀਂ ਪੰਜਾਬ ਦੀ ਅਮੀਰ ਵਿਰਾਸਤ ਅਤੇ ਸਭਿਆਚਾਰ ਦੀ ਇਕ ਝਲਕ ਪੇਸ਼ ਕੀਤੀ ਗਈ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਮਾਣਮੱਤੇ ਇਤਿਹਾਸ ਅਤੇ ਵਿਰਸੇ ਨੂੰ ਦਰਸਾਉਂਦੀਆਂ ਇਨ੍ਹਾਂ ਝਾਕੀਆਂ ਨੂੰ ਪੰਜਾਬ ਵਾਸੀਆਂ ਦੇ ਰੂਬਰੂ ਕਰਨ ਲਈ ਕੀਤਾ ਗਿਆ ਇਹ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਝਾਕੀਆਂ ਰਾਹੀਂ ਦਰਸਾਇਆ ਜਾ ਰਿਹਾ ਮਹਾਨ ਇਤਿਹਾਸ ਅਤੇ ਅਮੀਰ ਸਭਿਆਚਾਰ, ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਲਾਹੇਵੰਦ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਝਾਕੀਆਂ ਵਿਚੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਝਲਕ ਦੇਖੀ ਜਾ ਸਕਦੀ ਹੈ।  ਉਨ੍ਹਾਂ ਕਿਹਾ ਕਿ ਮਿਤੀ 12 ਅਤੇ 13 ਫਰਵਰੀ ਨੂੰ ਦੋ ਦਿਨ ਲਈ ਇਹ ਝਾਕੀਆਂ ਜ਼ਿਲ੍ਹਾ ਗੁਰਦਾਸਪੁਰ  ਵਿੱਚ ਆਈਆਂ ਹਨ ਅਤੇ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਇਨ੍ਹਾਂ ਨੂੰ ਦਿਖਾਇਆ ਗਿਆ ਹੈ।

ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਅਤੇ ਸਭਿਆਚਾਰ ਬੇਮਿਸਾਲ ਹੈ ਅਤੇ ਇਸ ਨੂੰ ਕੋਈ ਵੀ ਘਟਾ ਕੇ ਨਹੀਂ ਦੇਖ ਸਕਦਾ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਕੌਮੀ ਗਣਤੰਤਰ ਦਿਵਸ ਲਈ ਤਿਆਰ ਕੀਤੀਆਂ ਇਹ ਸ਼ਾਨਦਾਰ ਝਾਕੀਆਂ, ਜਿਨ੍ਹਾਂ ਨੂੰ ਦਿੱਲੀ ਵਿਖੇ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ, ਨੂੰ ਪੰਜਾਬ ਦੇ ਲੋਕਾਂ ਨੂੰ ਦਿਖਾਉਣ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।  ਉਨ੍ਹਾਂ ਕਿਹਾ ਕਿ ਇਹ ਝਾਕੀਆਂ ਬਹੁਤ ਖ਼ੂਬਸੂਰਤੀ ਨਾਲ ਤਿਆਰ ਕੀਤੀਆਂ ਗਈਆਂ ਹਨ ਅਤੇ ਜੋ ਵੀ ਇਨ੍ਹਾਂ ਨੂੰ ਦੇਖਦਾ ਹੈ ਉਹ ਇਨ੍ਹਾਂ ਦੀ ਤਸਵੀਰ ਲੈਣੋਂ ਨਹੀਂ ਰਹਿ ਪਾਉਂਦਾ। ਬਹਿਲ ਨੇ ਕਿਹਾ ਕਿ ਇਹ ਝਾਕੀਆਂ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਇਤਿਹਾਸ ਅਤੇ ਵਿਰਸੇ ਤੋਂ ਜਾਣੂ ਕਰਵਾਉਣ ਦਾ ਸਬੱਬ ਬਣੀਆਂ ਹਨ।

Leave a Reply

Your email address will not be published. Required fields are marked *