ਗੁਰਦਾਸਪੁਰ 23 ਨਵੰਬਰ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਦੇ 350 ਸਾਲਾ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਉਲੀਕੇ ਗਏ ਪ੍ਰੋਗਰਾਮ,ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ। ਇਨਾ ਸਮਾਗਮਾਂ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਜਗਜੀਤ ਸਿੰਘ ਡੱਲੇਵਾਲ,ਬਲਦੇਵ ਸਿੰਘ ਸਿਰਸਾ,ਸੁਖਦੇਵ ਸਿੰਘ ਭੋਜਰਾਜ,ਅਮਰਜੀਤ ਸਿੰਘ ਰੜਾ,ਹਰਸੁਲਿੰਦਰ ਸਿੰਘ ਕਿਸ਼ਨਗੜ੍ਹ,ਸਤਨਾਮ ਸਿੰਘ ਬਾਗੜੀਆਂ,ਸੁਖਪਾਲ ਸਿੰਘ ਡੱਫਰ,ਸ਼ੇਰਾ ਅਠਵਾਲ,ਰਘਬੀਰ ਸਿੰਘ ਭੰਗਾਲਾ,ਰਜਿੰਦਰ ਸਿੰਘ ਜਫਰਵਾਲ,ਸੋਨੂ ਔਲਖ ਅਤੇ ਕਵਲਜੀਤ ਸਿੰਘ ਖੁਸ਼ਹਾਲਪੁਰ 25 ਨਵੰਬਰ ਨੂੰ 10 ਵਜੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣਗੇ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ, ਸਿੱਖ ਧਰਮ ਦੇ ਨੌਵੇਂ ਗੁਰੂ, ਆਪਣੀ ਅਦਭੁਤ ਸ਼ਹਾਦਤ ਅਤੇ ਅਟੱਲ ਆਤਮਿਕਤਾ ਲਈ ‘ਹਿੰਦ ਦੀ ਚਾਦਰ’ ਵੱਜੋਂ ਸਦੀਵ ਯਾਦ ਕੀਤੇ ਜਾਂਦੇ ਹਨ। ਉਹਨਾਂ ਦਾ ਜੀਵਨ ਸਚਾਈ, ਨਿਮਰਤਾ, ਦਇਆ ਅਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਸਮਰਪਤ ਸੀ। ਗੁਰੂ ਸਾਹਿਬ ਨੇ ਮਨੁੱਖਤਾ ਨੂੰ ਅਨਿਆਏ, ਜੁਲਮ ਅਤੇ ਧਾਰਮਿਕ ਜਬਰ ਦੇ ਖਿਲਾਫ ਖੜੇ ਹੋਣ ਦਾ ਅਮਰ ਸੰਦੇਸ਼ ਦਿੱਤਾ। ਉਹਨਾਂ ਦੀ ਸ਼ਹਾਦਤ ਸਿਰਫ ਸਿੱਖ ਕੌਮ ਲਈ ਹੀ ਨਹੀਂ, ਬਲਕਿ ਪੂਰੇ ਭਾਰਤ ਅਤੇ ਸੰਸਾਰ ਲਈ ਧਾਰਮਿਕ ਸਹਿਣਸ਼ੀਲਤਾ ਅਤੇ ਮਨੁੱਖੀ ਅਧਿਕਾਰਾਂ ਦਾ ਪ੍ਰਤੀਕ ਬਣੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਿਰਾਸਤ ਸਾਨੂੰ ਹਿੰਮਤ, ਸੱਚਾਈ ਅਤੇ ਮਨੁੱਖਤਾ ਦੇ ਮਾਰਗ ਤੇ ਚੱਲਣ ਲਈ ਪ੍ਰੇਰਤ ਕਰਦੀ ਹੈ।ਉਹਨਾਂ ਦੀ ਸ਼ਹਾਦਤ ਦੀ ਯਾਦਗਾਰ ਸਦੀਵ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਪ੍ਰੇਰਨਾ ਦਾ ਸਰੋਤ ਰਹੇਗੀ।


