ਪੀ ਏ ਯੂ ਲੁਧਿਆਣਾ ਵੱਲੋਂ ਸਿਫਾਰਿਸ਼ ਪਰਮਲ ਦੀਆਂ ਕਿਸਮਾਂ ਦੇ ਬੂਟੇ ਗਲਣ ਕਾਰਨ ਕਿਸਾਨਾਂ ਵਿੱਚ ਭਾਰੀ ਨਿਰਾਸ਼ਾ – ਭੋਜਰਾਜ

ਗੁਰਦਾਸਪੁਰ

ਯੂਨੀਵਰਸਿਟੀ ਦੀ ਕਾਰਜਸ਼ੈਲੀ ਸਵਾਲਾਂ ਦੇ ਘੇਰੇ ਵਿੱਚ

ਗੁਰਦਾਸਪੁਰ 23 ਜੁਲਾਈ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਆਗੂ ਅਤੇ ਕਿਸਾਨ ਤੇ ਜਵਾਨ ਭੁਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਤਿਆਰ ਕੀਤੀਆਂ ਗਈਆਂ ਪੀਆਰ 131 ਅਤੇ 128 ਕਿਸਮ ਦੇ ਬੂਟੇ ਗਲਣੇ ਸ਼ੁਰੂ ਹੋ ਗਏ ਹਨ। ਜਿਸ ਕਾਰਨ ਸੂਬੇ ਦੇ ਕਿਸਾਨਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਉਹਨਾ ਕਿਹਾ ਕਿ ਸਾਲ 2022 ਵਿੱਚ ਕਰੀਬ ਇਕ ਲੱਖ ਏਕੜ ਰਕਬਾ ਪੀਆਰ 121 ਦਾ ਚਾਈਨਾ ਵਾਇਰਸ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਜਿਸ ਸਬੰਧੀ ਪੰਜਾਬ ਸਰਕਾਰ ਨੇ ਮੁਆਵਜ਼ਾ ਐਲਾਨ ਕਰਕੇ ਵੀ ਇੱਕ ਵੀ ਕਿਸਾਨ ਨੂੰ ਇੱਕ ਧੇਲਾ ਵੀ ਮੁਆਵਜ਼ਾ ਨਹੀਂ ਸੀ ਦਿੱਤਾ। ਹੁਣ ਜਦੋਂ ਪੂਰੇ ਸੂਬੇ ਵਿੱਚ ਮੁੜ ਕੋਈ ਬਿਮਾਰੀ ਫੈਲ ਰਹੀ ਹੈ ਜਿਸ ਨੂੰ ਦੇਖ ਕੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਫਸਲਾਂ ਦੇ ਲਾਹੇਵੰਦ ਭਾਅ ਨਾ ਮਿਲਣ ਕਾਰਨ ਕਿਸਾਨ ਪਹਿਲਾਂ ਹੀ ਕਰਜੇ ਦੀ ਮਾਰ ਹੇਠ ਹਨ ਅਤੇ ਜਦੋਂ ਫਿਰ ਫਸਲ ਖਰਾਬ ਹੋ ਜਾਂਦੀ ਹੈ ਤੇ ਉਪਰੋ ਸਰਕਾਰ ਵੀ ਕੋਈ ਇਮਦਾਦ ਨਹੀਂ ਕਰਦੀ ਤਾਂ ਕਿਸਾਨਾਂ ਦਾ ਜੀਣਾ ਦੁੱਭਰ ਹੋ ਜਾਂਦਾ ਹੈ।

ਕਿਸਾਨ ਆਗੂ ਭੋਜਰਾਜ ਨੇ ਕਿਹਾ ਕਿ ਬੀਜ ਤਿਆਰ ਕਰਨ ਵਾਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨੂੰ ਇਹ ਨਹੀਂ ਪਤਾ ਕਿ ਇਹ ਕਿਸਮਾਂ ਬਿਮਾਰੀਆਂ ਦਾ ਸਾਹਮਣਾ ਕਰਨ ਵਿੱਚ ਕਿੰਨੀਆਂ ਕੁ ਸਮਰੱਥ ਹਨ। ਜੇਕਰ ਇਹ ਬਿਮਾਰੀਆਂ ਦਾ ਸਾਹਮਣਾ ਨਹੀਂ ਕਰ ਸਕਦੀਆਂ ਤਾਂ ਫਿਰ ਯੂਨੀਵਰਸਿਟੀ ਜਾਂ ਪੰਜਾਬ ਸਰਕਾਰ ਇਸ ਦਾ ਬੀਜ ਹੀ ਕਿਉਂ ਵੇਚਦੀਆਂ ਹਨ। ਕਿਸਾਨਾਂ ਦੇ ਹੋਏ ਨੁਕਸਾਨ ਦਾ ਕੌਣ ਜਿੰਮੇਵਾਰ ਹੈ। ਇਸ ਦੀ ਭਰਭਾਈ ਕੌਣ ਕਰੇਗਾ। ਜੇਕਰ ਆਪਣੀਆਂ ਤਿਆਰ ਕੀਤੀਆਂ ਕਿਸਮਾਂ ਦੀ ਪ੍ਰਮਾਣਿਕਤਾ ਪੀਏਯੂ ਦੇ ਮਾਹਿਰਾਂ ਨੂੰ ਨਹੀਂ ਪਤਾ ਤਾਂ ਫਿਰ ਖੇਤੀਬਾੜੀ ਯੂਨੀਵਰਸਿਟੀ ਦੀ ਕਾਰਜ ਸ਼ੈਲੀ ਦੇ ਉੱਤੇ ਵੱਡੇ ਸਵਾਲ ਖੜੇ ਹੁੰਦੇ ਹਨ।

ਕਿਸਾਨ ਆਗੂ ਭੋਜਰਾਜ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਹਰ ਪਿੰਡ ਵਿੱਚ ਖੇਤੀਬਾੜੀ ਮਹਿਕਮੇ ਦੇ ਅਧਿਕਾਰੀ ਭੇਜੇ ਜਾਣ ਜੋ ਇਸ ਬਿਮਾਰੀ ਤੋਂ ਬਚਾਅ ਲਈ ਕਿਸਾਨਾਂ ਨੂੰ ਸਹੀ ਨਿਰਦੇਸ਼ ਦੇ ਸਕਣ ਅਤੇ ਸੂਬਾ ਸਰਕਾਰ ਕਿਸਾਨਾਂ ਦੇ ਹੋਏ ਅਤੇ ਹੋਣ ਵਾਲੇ ਨੁਕਸਾਨ ਦੀ ਭਰਪਾਈ ਨੂੰ ਯਕੀਨੀ ਬਣਾਵੇ ਤਾਂ ਜੋ ਕਿਸਾਨਾਂ ਨੂੰ ਹੋਣ ਵਾਲੇ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ।

Leave a Reply

Your email address will not be published. Required fields are marked *