ਸਰਹੱਦੀ ਖੇਤਰ ਦੀਆਂ ਔਰਤਾਂ ਨੂੰ ਰੋਜ਼ਗਾਰ ਦੇ ਮੌਕੇ ਦੇਣ ਲਈ ਜਾਪਾ ਵਰਕਰ (ਮਾਤਾ ਅਤੇ ਨਵੇਂ ਜਨਮੇਂ ਬੱਚਿਆਂ ਦੀ ਦੇਖਭਾਲ ਕਰਨ ਵਾਲਾ) ਦਾ 3 ਮਹੀਨੇ ਦਾ ਮੁਫ਼ਤ ਟਰੇਨਿੰਗ ਕੋਰਸ ਸ਼ੁਰੂ ਕੀਤਾ
ਪਹਿਲੇ ਬੈਚ ਵਿੱਚ 30 ਔਰਤਾਂ ਨੂੰ ਕੀਤਾ ਜਾਵੇਗਾ ਟਰੇਂਡ
ਗੁਰਦਾਸਪੁਰ, 14 ਫਰਵਰੀ (ਸਰਬਜੀਤ ਸਿੰਘ)- ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਤਹਿਤ ਅੱਜ ਬਲਾਕ ਡੇਰਾ ਬਾਬਾ ਨਾਨਕ ਵਿਖੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ ਜਾਪਾ ਵਰਕਰ (ਮਾਤਾ ਅਤੇ ਨਵੇਂ ਜਨਮੇਂ ਬੱਚਿਆਂ ਦੀ ਦੇਖਭਾਲ ਕਰਨ ਵਾਲਾ) ਦਾ 3 ਮਹੀਨੇ ਦਾ ਮੁਫ਼ਤ ਟਰੇਨਿੰਗ ਕੋਰਸ ਦੀ ਸ੍ਰੀ ਸਾਈਂ ਐਜੂਕੇਸ਼ਨਲ ਸੁਸਾਇਟੀ, ਡੇਰਾ ਬਾਬਾ ਨਾਨਕ ਵਿਖੇ ਸ਼ੁਰੂਆਤ ਕੀਤੀ ਗਈ। ਇਸ ਟਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ, ਗੁਰਦਾਸਪੁਰ ਵੱਲੋਂ ਕੀਤਾ ਗਿਆ। ਇਸ ਮੌਕੇ ਜਾਪਾ ਵਰਕਰ ਕੋਰਸ ਦੇ ਪਹਿਲੇ ਬੈਚ ਲਈ ਚੋਣ ਕੀਤੀਆਂ ਗਈਆਂ 30 ਲੜਕੀਆਂ/ਔਰਤਾਂ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਕੋਰਸ ਦਾ ਮੁੱਖ ਮੰਤਵ ਸਰਹੱਦੀ ਖੇਤਰ ਵਿੱਚ ਔਰਤਾਂ ਦੇ ਵਾਸਤੇ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨਾ ਅਤੇ ਨਾਰੀ ਸ਼ਕਤੀਕਰਨ ਨੂੰ ਬੜ੍ਹਾਵਾ ਦੇਣਾ ਹੈ। ਉਨ੍ਹਾਂ ਕਿਹਾ ਕਿ ਇਸ ਕੋਰਸ ਦਾ ਸਮਾਂ 3 ਮਹੀਨੇ ਦਾ ਹੋਵੇਗਾ ਅਤੇ ਟਰੇਨਿੰਗ ਮੁਕੰਮਲ ਕਰਨ ਵਾਲੇ ਟਰੇਨਰਾਂ/ਸਿੱਖਿਆਰਥੀਆਂ ਨੂੰ ਟਰੇਨਿੰਗ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ ਜੋ ਉਨ੍ਹਾਂ ਲਈ ਰੋਜ਼ਗਾਰ ਪ੍ਰਾਪਤ ਕਰਨ ਵਿੱਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਰੋਜ਼ਗਾਰ ਬਿਊਰੋ ਵੱਲੋਂ ਟਰੇਨਿੰਗ ਪ੍ਰਾਪਤ ਕਰ ਚੁੱਕੀਆਂ ਔਰਤਾਂ ਨੂੰ ਰੋਜ਼ਗਾਰ ਦੇਣ ਲਈ ਉਪਰਾਲੇ ਕੀਤੇ ਜਾਣਗੇ। ਇਸ ਵਾਸਤੇ ਜ਼ਿਲ੍ਹਾ ਪੱਧਰ ‘ਤੇ ਰੋਜ਼ਗਾਰ ਬਿਊਰੋ ਵੱਲੋਂ ਇੱਕ ਡਾਇਰੈਕਟਰੀ ਤਿਆਰ ਕੀਤੀ ਜਾਵੇਗੀ, ਜਿਸ ਵਿੱਚ ਇਹ ਕੋਰਸ ਮੁਕੰਮਲ ਕਰ ਚੁੱਕੀਆਂ ਔਰਤਾਂ ਦੇ ਨਾਮ ਅਤੇ ਵੇਰਵੇ ਦਰਜ ਹੋਣਗੇ ਤਾਂ ਜੋ ਇਸ ਦਾ ਵੱਧ ਤੋਂ ਵੱਧ ਪ੍ਰਚਾਰ ਹੋ ਸਕੇ ਅਤੇ ਵੱਧ ਤੋਂ ਵੱਧ ਔਰਤਾਂ ਨੂੰ ਰੋਜ਼ਗਾਰ ਮਿਲ ਸਕੇ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮੌਜੂਦਾ ਸਮੇਂ ਜਾਪਾ ਵਰਕਰ ਦੀ ਮੰਗ ਬਹੁਤ ਜ਼ਿਆਦਾ ਹੈ, ਪਰੰਤੂ ਇਸ ਖੇਤਰ ਵਿੱਚ ਸਿੱਖਿਅਤ ਵਰਕਰਾਂ ਦੀ ਘਾਟ ਹੋਣ ਕਾਰਨ ਵਰਕਰ ਨਹੀਂ ਮਿਲਦੇ। ਉਨ੍ਹਾਂ ਕਿਹਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦੇ ਤਹਿਤ ਨਾਰੀ ਸ਼ਕਤੀਕਰਨ ਅਤੇ ਹੁਨਰ ਵਿਕਾਸ ਨੂੰ ਵੀ ਜੋੜਿਆ ਗਿਆ ਹੈ ਜਿਸ ਦੇ ਤਹਿਤ ਹੀ ਹੁਨਰਮੰਦ ਜਾਪਾ ਵਰਕਰ ਦੀ ਮੰਗ ਨੂੰ ਪੂਰਾ ਕਰਨ ਲਈ ਸਰਹੱਦੀ ਖੇਤਰ ਵਿੱਚ ਇਹ ਟਰੇਨਿੰਗ ਕੋਰਸ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਪਾ ਵਰਕਰ ਦਾ ਮੁੱਖ ਕੰਮ ਗਰਭਵਤੀ ਔਰਤਾਂ, ਜਣੇਪੇ ਤੋਂ ਬਾਅਦ ਮਾਂ ਦੀ ਦੇਖਭਾਲ ਅਤੇ ਨਵੇਂ ਜਨਮੇ ਬੱਚੇ ਦੀ ਦੇਖਭਾਲ ਸ਼ਾਮਲ ਹੈ ਅਤੇ ਇਹ ਸਿਖਲਾਈ ਪ੍ਰਾਪਤ ਔਰਤਾਂ ਆਪਣੇ ਪਰਿਵਾਰ ਲਈ ਵੀ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸਹਾਈ ਹੋਣਗੀਆਂ, ਆਪਣੇ ਬੱਚਿਆਂ ਦੀ ਵੀ ਚੰਗੀ ਦੇਖਭਾਲ ਕਰ ਪਾਉਣਗੀਆਂ ਅਤੇ ਆਪਣੇ ਆਸ-ਪਾਸ ਹੋਰ ਔਰਤਾਂ ਨੂੰ ਵੀ ਜਾਗਰੂਕ ਕਰਨਗੀਆਂ। ਉਨ੍ਹਾਂ ਕਿਹਾ ਕਿ ਇਹ ਟਰੇਨਿੰਗ ਕੋਰਸ ਰਾਸ਼ਟਰੀ ਹੁਨਰ ਵਿਕਾਸ ਯੋਜਨਾ ਦੇ ਤਹਿਤ ਸਰਟੀਫਾਇਡ ਹੈ ਅਤੇ ਸਿਖਲਾਈ ਲੈਣ ਵਾਲੀਆਂ ਔਰਤਾਂ ਨੂੰ ਥਿਊਰੀ ਦੇ ਨਾਲ-ਨਾਲ ਪ੍ਰੈਕਟੀਕਲ ਗਿਆਨ ਵੀ ਦਿੱਤਾ ਜਾਵੇਗਾ।


