ਵਿਦਿਆਰਥੀ ਸੁਆਲਾਂ ਤੇ ਵਿਦਿਆਰਥੀ ਰਾਇਸ਼ੁਮਾਰੀ ਕਰਵਾਉਣ ਦਾ ਫੈਸਲਾ

ਬਠਿੰਡਾ-ਮਾਨਸਾ

ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਨਾਲ ਸਬੰਧਿਤ ਪੰਜਾਬ ਤੇ ਹਰਿਆਣਾ ਦੇ ਸਰਗਰਮ ਆਗੂ ਹਿੱਸਿਆਂ ਦੀ ਅਹਿਮ ਮੀਟਿੰਗ ਹੋਈ

ਮਾਨਸਾ, ਗੁਰਦਾਸਪੁਰ 1 ਫਰਵਰੀ (ਸਰਬਜੀਤ ਸਿੰਘ)– ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਨਾਲ ਸਬੰਧਿਤ ਪੰਜਾਬ ਤੇ ਹਰਿਆਣਾ ਦੇ ਸਰਗਰਮ ਆਗੂ ਹਿੱਸਿਆਂ ਦੀ ਅਹਿਮ ਮੀਟਿੰਗ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਸੂਬਾ ਆਗੂ ਸੁਖਜੀਤ ਸਿੰਘ ਰਾਮਾਨੰਦੀ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਕੌਮੀ ਜਨਰਲ ਸਕੱਤਰ ਪ੍ਰਸੰਨਜੀਤ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ। ਉਨ੍ਹਾਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਉੱਚ ਸਿੱਖਿਆ ਤੇ ਖਰਚ ਕਰਨ ਤੋਂ ਹੱਥ ਪਿਛਾਂਹ ਖਿੱਚ ਰਹੀ ਹੈ ਅਤੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਰਾਹੀਂ ਵਿਦਿਅੱਕ ਸੰਸਥਾਵਾਂ ਨੂੰ ਗਰਾਂਟ ਦੇ ਕੇ ਚਲਾਉਣ ਦੀ ਹਾਇਰ ਐਜੂਕੇਸ਼ਨ ਫਾਇਨਾਂਸ ਏਜੰਸੀ ਬਣਾ ਕੇ ਵਿਦਿਅੱਕ ਸੰਸਥਾਵਾਂ ਨੂੰ ਕਰਜ਼ਾ ਮੁਹੱਈਆ ਕਰਵਾ ਕੇ ਚਲਾਏ ਜਾਣ ਦੀ ਨੀਤੀ ਵੱਲ ਵੱਧ ਰਹੀ ਹੈ। ਜਿਸਦਾ ਖਮਿਆਜ਼ਾ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਦੀਆਂ ਫੀਸਾਂ ਫੰਡਾਂ ਵਿੱਚ ਬੇਥਾਹ ਵਾਧੇ ਦੇ ਰੂਪ ਵਿੱਚ ਭੁੱਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਆਏ ਸਾਲ ਦੋ ਕਰੋੜ ਰੁਜ਼ਗਾਰ ਦੇਣ ਦਾ ਵਾਅਦਾ ਕਰਨ ਵਾਲੀ ਮੋਦੀ ਪਿੱਛਲੇ ਦਸ ਸਾਲਾਂ ਵਿੱਚ ਖਾਲੀ ਹੋਈਆਂ ਪੋਸਟਾਂ ਭਰਨ ਵਿੱਚ ਵੀ ਫੇਲ੍ਹ ਸਾਬਿਤ ਹੋਈ ਹੈ। ਇਸ ਮੌਕੇ ਵਿਦਿਆਰਥੀਆਂ ਦੇ ਫੀਸਾਂ ਫੰਡਾਂ ਚ ਵਾਧੇ ਤੇ ਰੋਕ ਲਗਾਏ ਜਾਣ, ਵਿਦਿਆਰਥੀ ਬੱਸ ਪਾਸ ਸਾਰੀਆਂ ਸਰਕਾਰੀ ਤੇ ਗੈਰ ਸਰਕਾਰੀ ਬੱਸਾਂ ਤੇ ਲਾਗੂ ਕਰਵਾਏ ਜਾਣ, ਦਲਿਤ, ਪਿੱਛੜੇ ਤੇ ਘੱਟ ਗਿਣਤੀਆਂ ਨਾਲ ਸਬੰਧਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਸਕੀਮ ਸਮੇਂ ਸਿਰ ਦਿੱਤੇ ਜਾਣ ਦੀ ਗਾਰੰਟੀ ਕੀਤੇ, ਵਿਦਿਆਰਥੀਆਂ ਲਈ ਹੋਸਟਲ ਦੀ ਸਹੂਲਤ ਦਿੱਤੇ ਜਾਣ ਆਦਿ ਸੁਆਲਾਂ ਨੂੰ ਲੈ ਕੇ 7,8,9ਫਰਵਰੀ ਨੂੰ ਲਗਾਤਾਰ ਤਿੰਨ ਦਿਨ ਪੂਰੇ ਦੇਸ਼ ਭਰ ਦੀਆਂ ਉੱਚ ਵਿਦਿਅੱਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਤੋਂ ਉਕਤ ਵਿਦਿਆਰਥੀ ਸੁਆਲਾਂ ਤੇ ਰਾਇਸ਼ੁਮਾਰੀ ਇਕੱਤਰ ਕੀਤੀ ਜਾਵੇਗੀ।ਇਸ ਮੌਕੇ ਗ੍ਰਾਮੀਣ ਭਾਰਤ ਬੰਦ ਮੌਕੇ 16ਫਰਵਰੀ ਨੂੰ ਨਵੀਂ ਸਿੱਖਿਆ ਨੀਤੀ ਰੱਦ ਕਰਵਾਏ ਜਾਣ, ਵਿਦਿਆਰਥੀ ਬੱਸ ਪਾਸ ਸਾਰੀਆਂ ਸਰਕਾਰੀ ਤੇ ਗੈਰ ਸਰਕਾਰੀ ਬੱਸਾਂ ਤੇ ਲਾਗੂ ਕਰਵਾਏ ਜਾਣ ਵਿਦਿਆਰਥੀ ਲਈ ਸਕਾਲਰਸ਼ਿਪ ਤੁਰੰਤ ਜਾਰੀ ਕੀਤੇ ਜਾਣ ਆਦਿ ਮੰਗਾਂ ਨੂੰ ਲੈਕੇ 16ਫਰਵਰੀ ਨੂੰ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ।ਇਸ ਮੌਕੇ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਹਿੱਟ ਐਂਡ ਰਨ ਕਾਨੂੰਨ ਕਾਰਨ ਰੋਡਵੇਜ਼ ਕਰਮਚਾਰੀਆਂ ਵੱਲੋਂ ਮਹਿਜ਼ 52ਸੁਆਰੀਆਂ ਬਿਠਾਏ ਜਾਣ ਦੇ ਫ਼ੈਸਲੇ ਕਾਰਨ ਵਿਦਿਆਰਥੀਆਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਰੋਡਵੇਜ਼ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਜਲਦੀ ਹੱਲ ਕਰਕੇ ਸੁਖਾਵਾਂ ਮਾਹੌਲ ਬਣਾਇਆ ਜਾਵੇ ਅਤੇ ਵਿਦਿਆਰਥੀ ਬੱਸ ਪਾਸ ਸਾਰੀਆਂ ਬੱਸਾਂ ਤੇ ਲਾਗੂ ਕਰੇ ।ਜੇਕਰ ਦੇਸ਼ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਮਾਨ ਸਰਕਾਰ ਵਿਦਿਆਰਥੀ ਮੰਗਾਂ ਵੱਲ ਗੌਰ ਨਹੀਂ ਕਰਦੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਇਸ‌ ਮੌਕੇ ਆਇਸ‌ਾ ਪੰਜਾਬ ਵੱਲੋਂ ਜਸਪ੍ਰੀਤ ਕੌਰ ਮੌੜ,ਸੀਮਾ ਕੌਰ ਗੁੜੱਦੀ,ਪ੍ਰਿਤਪਾਲ ਕੌਰ ਸ਼ੇਰਖਾਂ ਵਾਲਾ,ਅਮਨਦੀਪ ਸਿੰਘ ਮੰਡੇਰ,ਕੁਲਵੰਤ ਸਿੰਘ ਖੋਖਰ ਕਲਾਂ,ਅਰਸ਼ਦੀਪ ਸਿੰਘ ਖੋਖਰ ਕਲਾਂ, ਰਵਲੀਨ ਕੌਰ ਡੇਲੂਆਣਾ,ਸੰਦੀਪ ਸਿੰਘ ਬੱਪੀਆਣਾ,ਮਨਜੀਤ ਸਿੰਘ ਬੱਪੀਆਣਾ,ਲੱਛਮੀ ਕੌਰ ਖੋਖਰ ਖੁਰਦ,ਲਵਪ੍ਰੀਤ ਸਿੰਘ ਬੱਪੀਆਣਾ,ਸੁਖਪ੍ਰੀਤ ਕੌਰ ਰਮਦਿੱਤੇਵਾਲਾ,ਰੀਤੂ ਕੌਰ ਰਮਦਿੱਤੇਵਾਲਾ,ਖੁਸ਼ਪ੍ਰੀਤ ਕੌਰ ਚਹਿਲਾਂਵਾਲੀ,ਗੁਰਪ੍ਰੀਤ ਸਿੰਘ ਹੀਰਕੇ,ਸੰਦੀਪ ਸਿੰਘ,ਜਸ਼ਨਪ੍ਰੀਤ ਸਿੰਘ ਬੱਪੀਆਣਾ ਅਤੇ ਆਇਸਾ ਹਰਿਆਣਾ ਵੱਲੋਂ ਗੁਰਪ੍ਰੀਤ ਸਿੰਘ ਰਤੀਆ,ਬੱਬੂ ਰਤੀਆ,ਸ਼ਿੰਦਾ ਰਤੀਆ ਅਤੇ ਰਵੀ ਰਤੀਆ ਆਦਿ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *