ਗੁਰਦਾਸਪੁਰ, 13 ਅਕਤੂਬਰ (ਸਰਬਜੀਤ ਸਿੰਘ)– ਸੰਸਾਰ ਸਾਮਰਾਜ ਇਸ ਯੁੱਗ ਦੀ ਸਭ ਤੋਂ ਵੱਡੀ ਅਲਾਮਤ ਹੈ। ਇਹ ਦੁਨੀਆ ‘ਤੇ ਪਸਰੀ ਵਹਿਸ਼ਤ ਦਾ ਸੋਮਾ ਬਣਿਆ ਹੋਇਆ ਹੈ। ਇਕ ਵਰਤਾਰੇ ਵਜੋਂ ਹੋਂਦ ਵਿੱਚ ਆਉਣ ਤੋਂ ਲੈ ਕੇ ਮਨੁੱਖਤਾ ਖਿਲਾਫ ਇਸਦੇ ਅਪਰਾਧਾਂ ਦੇ ਅਣਗਿਣਤ ਸਿਆਹ ਪੰਨੇ ਹਨ। ਅਜਿਹਾ ਹੀ ਇੱਕ ਪੰਨਾ ਹੁਣ ਫਿਰ ਸੰਸਾਰ ਦੇ ਲੋਕਾਂ ਸਾਹਮਣੇ ਪੇਸ਼ ਹੋ ਰਿਹਾ ਹੈ। ਫਲਸਤੀਨੀ ਲੋਕਾਂ ਦੀ ਅਜੇਹੀ ਹੋਣੀ ਸੰਸਾਰ ਸਾਮਰਾਜ ਦੇ ਕੁਕਰਮਾਂ ਨੂੰ ਫਿਰ ਲੋਕਾਂ ਸਾਹਮਣੇ ਦਰਸਾ ਰਹੀ ਹੈ। ਆਪਣੀਆਂ ਲੰਮੇ ਦਾਅ ਦੀਆਂ ਲੁਟੇਰੀਆਂ ਸਾਮਰਾਜੀ ਵਿਉਤਾਂ ਤਹਿਤ ਇਕ ਵਸਦੇ ਮੁਲਕ ਨੂੰ ਉਜਾੜ ਦੇਣਾ, ਲੋਕਾਂ ਨੂੰ ਬੇ-ਘਰ ਕਰ ਦੇਣਾ ਤੇ ਦਹਾਕਿਆਂ ਬੱਧੀ ਇਸ ਸੰਤਾਪ ਨੂੰ ਚਲਦੇ ਰਹਿਣ ਲਈ ਮਜਬੂਰ ਕਰੀ ਰੱਖਣਾ ਸਾਮਰਾਜੀਆਂ ਦੇ ਕਿੰਨੇ ਹੀ ਗੁਨਾਹਾਂ ‘ਚੋਂ ਇਕ ਗੁਨਾਹ ਹੈ। ਅਮਰੀਕੀ ਸਾਮਰਾਜੀਆਂ ਨੇ ਦਹਾਕਿਆਂ ਤੋਂ ਪਾਲਤੂ ਇਜ਼ਰਾਇਲੀ ਰਾਜ ਨੂੰ ਲੋਕਾਂ ‘ਤੇ ਕਹਿਰ ਢਾਉਣ ਵਾਲੀ ਤੇ ਸਾਮਰਾਜੀ ਹਿੱਤਾਂ ਦੀ ਸੇਵਾ ਵਾਲੀ ਸ਼ਕਤੀ ਵਜੋਂ ਥਾਪੜਾ ਦੇ ਕੇ ਰੱਖਿਆ ਹੋਇਆ ਹੈ।
ਆਪਣੀ ਹੀ ਧਰਤੀ ‘ਤੇ ਬੇ-ਵਤਨ ਕੀਤੇ ਹੋਏ ਫਲਸਤੀਨੀ ਲੋਕ ਲਗਭਗ ਇਕ ਵੱਡੀ ਜੇਲ੍ਹ ਵਿੱਚ ਨਰਕ ਭਰੀਆਂ ਹਾਲਤਾਂ ਦਰਮਿਆਨ ਰਹਿ ਰਹੇ ਹਨ। ਸਦਾ ਹੀ ਜਾਬਰ ਇਜਰਾਇਲੀ ਰਾਜ ਨਾਲ ਟੱਕਰਾਂ ਲੈਂਦੇ ਰਹਿੰਦੇ ਹਨ। ਇਹ ਬਹੁਤ ਬੇ-ਮੇਚੀ ਟੱਕਰ ਹੈ। ਫਲਸਤੀਨੀ ਲੋਕਾਂ ਦੀ ਇਰਾਦਾ ਬੁਲੰਦੀ ਗੁਲੇਲਾਂ ਨਾਲ ਟੈਂਕਾਂ ਦਾ ਟਾਕਰਾ ਕਰਨ ਵਰਗੀ ਰਹਿ ਰਹੀ ਹੈ। ਇਜ਼ਰਾਇਲੀ ਘੇਰਾ-ਬੰਦੀ ਤੇ ਬੰਦਿਸ਼ਾਂ ਦਾ ਕਹਿਰ ਝੱਲਦੇ ਹੋਏ ਦਹਾਕਿਆਂ ਤੋਂ ਆਪਣੀ ਧਰਤੀ ‘ਤੇ ਹੱਕ ਜਤਾਉਂਦਾ ਪਰਚਮ ਝੂਲਦਾ ਰੱਖ ਰਹੇ ਹਨ। ਫਲਸਤੀਨੀ ਲੋਕਾਂ ਦੀ ਜਦੋਜਹਿਦ ਮਨੁੱਖਤਾ ਦੇ ਇਤਿਹਾਸ ਅੰਦਰ ਲੋਕਾਂ ਦੇ ਸਿਦਕੀ ਟਾਕਰੇ ਦੀ ਉੱਤਮ ਮਿਸਾਲਾਂ ‘ਚੋਂ ਇਕ ਹੈ। ਗਾਜ਼ਾ ਪੱਟੀ ਦੀ ਗਾਥਾ ਮਨੁੱਖਤਾ ਦੇ ਇਤਿਹਾਸ ਅੰਦਰ ਮਨੁੱਖੀ ਕਹਿਰ ਦੀ ਕਰੂਰਤਾ ਤੇ ਮਨੁੱਖੀ ਹੌਸਲੇ ਦੀ ਬੁਲੰਦੀ ਦਾ ਨਮੂਨਾ ਹੋ ਕੇ ਦਰਜ ਹੋ ਚੁੱਕੀ ਹੈ।


