ਗੁਰਦਾਸਪੁਰ, 13 ਅਕਤੂਬਰ (ਸਰਬਜੀਤ ਸਿੰਘ)– ਇਹਨੀਂ ਦਿਨੀਂ ਸਨਾਤਨ ਦੇ ਨਾਂ ’ਤੇ ਸਾਰੇ ਮੁਲਕ ਵਿੱਚ ਬਹਿਸ ਛਿੜੀ ਹੋਈ ਹੈ। ਸਤੰਬਰ ਦੇ ਸ਼ੁਰੂ ਵਿੱਚ ਤਾਮਿਲਨਾਡੂ ਦੇ ਲੇਖਕਾਂ ਅਤੇ ਕਲਾਕਾਰਾਂ ਦੇ ਇੱਕ ਸੰਮੇਲਨ ਵਿੱਚ, ਉਦੈ ਨਿਧੀ ਸਟਾਲਨ ਇੱਕ ਬਿਆਨ ਦਿੰਦਾ ਹੈ ਕਿ ਸਨਾਤਨ ਇੱਕ ਬਿਮਾਰੀ ਹੈ, ਮਲੇਰੀਆ, ਡੇਂਗੂ ਅਤੇ ਕਰੋਨਾ ਵਾਇਰਸ ਵਾਂਗ। ਬਿਮਾਰੀ ਦਾ ਵਿਰੋਧ ਨਹੀਂ ਕੀਤਾ ਜਾਂਦਾ। ਸਗੋਂ ਇਸਨੂੰ ਖਤਮ ਕਰਨਾ ਜਰੂਰੀ ਹੁੰਦਾ ਹੈ। ਉਹ ਸਨਾਤਨ ਨੂੰ ਜੜੋਂ ਖਤਮ ਕਰਨ ਦਾ ਸੱਦਾ ਦਿੰਦਾ ਹੈ। ਉਦੈ ਨਿਧੀ ਸਟਾਲਨ ਤਾਮਿਲਨਾਡੂ ਸਰਕਾਰ ਵਿੱਚ ਮੰਤਰੀ ਹੈ ਅਤੇ ਉੱਥੋਂ ਦੇ ਮੁੱਖ ਮੰਤਰੀ ਐਮ.ਕੇ. ਸਟਾਲਨ ਦਾ ਲੜਕਾ ਹੈ। ਦਲਿਤ ਰਾਜਨੀਤੀ ਨਾਲ਼ ਜੁੜੇ ਸਿਆਸੀ ਪਾਰਟੀਆਂ ਦੇ ਕੁੱਝ ਆਗੂ ਉਦੈ ਨਿਧੀ ਦਾ ਸਮਰਥਨ ਕਰਦੇ ਹਨ ਜਿਸ ਵਿੱਚ ਕਾਂਗਰਸ ਦੇ ਪ੍ਰਧਾਨ ਖੜਗੇ ਦਾ ਲੜਕਾ ਵੀ ਹੈ। ਇੱਕ ਕੱਟੜ ਹਿੰਦੂ ਸੰਸਥਾ ਦਾ ਆਗੂ, ਉਦੈ ਨਿਧੀ ਦਾ ਸਿਰ ਕਲਮ ਕਰਕੇ ਲਿਆਉਣ ਵਾਲ਼ੇ ਨੂੰ 10 ਕਰੋੜ ਦੇ ਇਨਾਮ ਦਾ ਐਲਾਨ ਕਰਦਾ ਹੈ। ਉੱਧਰ ਹਾਕਮ ਧਿਰ ਨਵੇਂ ਬਣੇ ਵਿਰੋਧੀ ਧਿਰ ਦੇ ਗਠਜੋੜ ਇੰਡੀਆ ’ਤੇ ਹੱਲਾ ਬੋਲ ਦਿੰਦੀ ਹੈ। ਪਰ ਕਾਂਗਰਸ, ਤਿ੍ਰਣਮੂਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਇਸ ਬਿਆਨ ਤੋਂ ਵੱਖ ਕਰ ਲੈਂਦੇ ਹਨ। ਆਏ ਦਿਨ ਮੁਲਕ ਵਿੱਚ ਨਫਰਤੀ ਭਾਸ਼ਣ ਦੇਣ ਵਾਲ਼ਿਆਂ ਨੂੰ ਹੱਲਾਸ਼ੇਰੀ ਦੇਣ ਵਾਲ਼ਾ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਬਿਆਨ ਨੂੰ ਨਫਰਤੀ ਭਾਸ਼ਣ ਐਲਾਨ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਇਹਨਾਂ ਨੇ ਸੱਭਿਆਚਾਰ ਅਤੇ ਧਰਮ ਦੀਆਂ ਬੁਨਿਆਦਾਂ ’ਤੇ ਹਮਲਾ ਕੀਤਾ ਹੈ। ਬੀਜੇਪੀ ਦੇ ਆਈ.ਟੀ ਸੈੱਲ ਦਾ ਮੁਖੀ ਅਮਿਤ ਮਾਲਵੀਆ ਕਹਿੰਦਾ ਹੈ ਕਿ ਸਟਾਲਨ ਨੇ 80 ਕਰੋੜ ਹਿੰਦੂਆਂ ਦੀ ਨਸਲਕੁਸ਼ੀ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਦਾ ਬਿਆਨ ਆਉਂਦਾ ਹੈ ਕਿ ਸਨਾਤਨ ਦਾ ਵਿਰੋਧ ਕਰਨ ਵਾਲ਼ਿਆਂ ਦੇ ਖਿਲਾਫ ਕਮਰ ਕੱਸੇ ਕਰ ਲਓ। ਇਸ ਤਰ੍ਹਾਂ ਹੱਕ ਅਤੇ ਵਿਰੋਧ ਵਿੱਚ ਬਿਆਨਾਂ ਦਾ ਇੱਕ ਸਿਲਸਿਲਾ ਚੱਲਦਾ ਹੈ। ਉਦੈ ਨਿਧੀ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਮੈਂ ਆਪਣੇ ਬਿਆਨ ’ਤੇ ਕਾਇਮ ਹਾਂ, ਮੈਂ ਸਿਰਫ ਹਿੰਦੂ ਧਰਮ ਬਾਰੇ ਹੀ ਨਹੀਂ ਕਹਿੰਦਾ ਸਗੋਂ ਜਾਤ-ਪਾਤ ਅਤੇ ਨਾ ਬਰਾਬਰੀ ਦੇ ਹਮਾਇਤੀ ਸਾਰੇ ਧਰਮਾਂ ਦੇ ਖਿਲਾਫ ਹਾਂ। ਉਸ ਨੇ ਕਿਹਾ ਕਿ ਸਨਾਤਨ ਧਰਮ ਇੱਕ ਸਿਧਾਂਤ ਹੈ ਜੋ ਲੋਕਾਂ ਨੂੰ ਜਾਤ ਅਤੇ ਧਰਮ ਦੇ ਨਾਂ ’ਤੇ ਵੰਡਦਾ ਹੈ।
ਸਨਾਤਨ ਕੀ ਹੈ? ਅਸਲ ਵਿੱਚ ਸਨਾਤਨ ਧਰਮ ਨਾਮ ਦੀ ਕੋਈ ਚੀਜ ਨਹੀਂ ਹੈ। ਵੈਸੇ ਤਾਂ ਹਿੰਦੂ ਸ਼ਬਦ ਦਾ ਵੀ ਪੁਰਾਤਨ ਵੈਦਿਕ ਅਤੇ ਬ੍ਰਾਹਮਣਵਾਦੀ ਸਾਹਿਤ ਵਿੱਚ ਕੋਈ ਜਿਕਰ ਨਹੀਂ ਆਉਂਦਾ ਹੈ। ਅਰਬ ਅਤੇ ਫਾਰਸ ਵੱਲੋਂ ਆਉਣ ਵਾਲ਼ੇ ਵਿਦੇਸ਼ੀ ਹਮਲਾਵਰਾਂ ਨੇ ਇਹ ਨਾ ਦਿੱਤਾ ਹੈ। ਉਨ੍ਹਾਂ ਦੀਆਂ ਬੋਲੀਆਂ ਵਿੱਚ ‘ਸ’ ਦੀ ਧੁਨੀ ਨੂੰ ‘ਹ’ ਧੁਨੀ ਨਾਲ਼ ਬੋਲਣ ਕਰਕੇ ਉਨ੍ਹਾਂ ਸਿੰਧ ਦਰਿਆ ਨੂੰ ਹਿੰਦ ਕਿਹਾ ਅਤੇ ਸਿੰਧ ਪਾਰ ਦੇ ਲੋਕਾਂ ਨੂੰ ਹਿੰਦੂ ਕਿਹਾ। ਪਰ ਵੇਦਾਂ ਅਤੇ ਉਪਨਿਸ਼ਦਾਂ ਦੀ ਪ੍ਰੰਪਰਾ ਵਾਲ਼ੇ ਬ੍ਰਾਹਮਣਵਾਦੀ ਧਰਮ ਲਈ ਅੱਗੇ ਚੱਲ ਕੇ ਹਿੰਦੂ ਸ਼ਬਦ ਪ੍ਰਚਲਿਤ ਹੋ ਗਿਆ। ਮੁਸਲਮਾਨ, ਈਸਾਈ ਅਤੇ ਯਹੂਦੀ ਧਰਮ ਵਾਂਗ ਹਿੰਦੂ ਧਰਮ ਇੱਕ ਪੈਗੰਬਰ ਅਧਾਰਤ ਧਰਮ ਨਹੀਂ ਹੈ। ਜਿਸ ਨੂੰ ਅੱਜਕਲ ਹਿੰਦੂ ਧਰਮ ਕਿਹਾ ਜਾਂਦਾ ਹੈ ਇਸ ਦੀਆਂ ਅਨੇਕਾਂ ਵੱਖੋ ਵੱਖਰੀਆਂ ਸੰਪਰਦਾਵਾਂ ਅਤੇ ਪ੍ਰੰਪਰਾਵਾਂ ਦਾ ਇਤਿਹਾਸ ਰਿਹਾ ਹੈ। ਭੂਗੋਲਕ ਤੌਰ ’ਤੇ ਭਾਰਤੀ ਉਪ-ਮਹਾਂਦੀਪ ਦੇ ਇਸ ਵਿਸ਼ਾਲ ਖੇਤਰ ਵਿੱਚ ਭਾਸ਼ਾਈ ਅਤੇ ਸੱਭਿਆਚਾਰਕ ਵਖਰੇਵਿਆਂ ਵਾਂਗ ਧਾਰਮਿਕ ਵਿਸ਼ਵਾਸਾਂ ਅਤੇ ਪ੍ਰੰਪਰਾਵਾਂ ਦੇ ਮਾਮਲੇ ਵਿੱਚ ਵੀ ਕਾਫੀ ਵੰਨ ਸੁਵੰਨਤਾ ਰਹੀ ਹੈ। ਇੱਕ ਦੂਜੇ ਤੋਂ ਬਿਲਕੁਲ ਵੱਖਰੇ ਅਤੇ ਕਈ ਮਾਮਲਿਆਂ ਵਿੱਚ ਵਿਰੋਧੀ ਰਹੇ ਧਾਰਮਿਕ ਫਿਰਕੇ ਵੀ ਹਿੰਦੂ ਧਰਮ ਦੇ ਘੇਰੇ ਵਿੱਚ ਗਿਣੇ ਜਾਂਦੇ ਹਨ। ਪਰ ਜਿੱਥੋਂ ਤੱਕ ਸਨਾਤਨ ਦਾ ਸਵਾਲ ਹੈ, ਅਜਾਦੀ ਤੋਂ ਪਹਿਲਾਂ ਵੀ ਅਤੇ ਫਿਰ ਬਾਅਦ ਵਿੱਚ ਹੋਣ ਵਾਲ਼ੀ ਕਿਸੇ ਵੀ ਮਰਦਮ ਸ਼ੁਮਾਰੀ ਵਿੱਚ ਵੀ, ਧਰਮ ਦੀ ਸ਼ਨਾਖਤ ਲਈ ਸਨਾਤਨੀ ਧਰਮ ਨਾਂ ਦਾ ਕਦੀ ਜਿਕਰ ਨਹੀਂ ਆਇਆ। ਧਾਰਮਿਕ ਪਛਾਣ ਦੇ ਤੌਰ ’ਤੇ ਲੋਕ ਹਿੰਦੂ, ਸਿੱਖ, ਮੁਸਲਮਾਨ ਅਤੇ ਈਸਾਈ ਆਦਿ ਹੀ ਲਿਖਾਉਂਦੇ ਰਹੇ ਹਨ। ਹਿੰਦੂ ਧਰਮ ਵਾਸਤੇ ਸਨਾਤਨ ਧਰਮ ਸ਼ਬਦ ਦੀ ਵਰਤੋਂ ਅਤੇ ਫੇਰ ਸਨਾਤਨ ਧਰਮ ਦੀ ਰਾਖੀ ਦਾ ਸੱਦਾ, ਸੰਘ ਪਰਿਵਾਰ ਦੀ ਵਿਚਾਰਧਾਰਕ ਮੁਹਿੰਮ ਦੇ ਤੌਰ ’ਤੇ ਨਵਾਂ ਵਰਤਾਰਾ ਹੈ। ਛੋਟ ਵਜੋਂ ਭਾਰਤ ਵਿੱਚ ਥੀਓਸੋਫੀਕਲ ਸੁਸਾਇਟੀ ਵਾਲ਼ਿਆਂ ਨੇ ਆਪਣੇ ਸਾਹਿਤ ਵਿੱਚ ਹਿੰਦੂ ਧਰਮ ਲਈ ‘ਸਨਾਤਨ ਧਰਮ’ ਨਾ ਦੇ ਸ਼ਬਦ ਦੀ ਵਰਤੋਂ ਜਰੂਰ ਕੀਤੀ ਸੀ। ਸਵਾਲ ਇਹ ਹੈ ਕਿ ਸਨਾਤਨ ਹੈ ਕੀ? ਸਨਾਤਨ ਦਾ ਸ਼ਾਬਦਿਕ ਅਰਥ ਹੈ ਸਦੀਵੀ ਸਦਾ ਰਹਿਣ ਵਾਲ਼ਾ। ਹਰੇਕ ਧਰਮ ਆਪਣੇ ਧਰਮ ਦੀਆਂ ਕਦਰਾਂ ਕੀਮਤਾਂ ਨੂੰ ਸਨਾਤਨ ਦੱਸਦਾ ਹੈ। ਕਦਰਾਂ ਕੀਮਤਾਂ ਜਾਂ ਮੁੱਲਾਂ ਦੇ ਰੂਪ ਵਿੱਚ ਸਨਾਤਨ ਦਾ ਜਿਕਰ ਕਈ ਜਗ੍ਹਾ ਆਉਂਦਾ ਹੈ ਪਰ ਸਨਾਤਨ ਧਰਮ ਦੇ ਰੂਪ ਵਿੱਚ ਨਹੀਂ। ਬੁੱਧ ਦੇ ਇੱਕ ਗ੍ਰੰਥ ਵਿੱਚ ਸੱਚ ਨੂੰ ਸਨਾਤਨ ਕਿਹਾ ਗਿਆ ਹੈ। ਜੈਨ ਗ੍ਰੰਥਾਂ ਵਿੱਚ ਵੀ ਸਨਾਤਨ ਦਾ ਜਿਕਰ ਆਉਂਦਾ ਹੈ। ਵੇਦਾਂ ਵਿੱਚ ਇਹ ਸ਼ਬਦ ‘ਧਰਮਨ’ ਦੇ ਰੂਪ ਵਿੱਚ ਆਉਂਦਾ ਹੈ ਜਿਸ ਦਾ ਮਤਲਬ ਹੈ ਉਹ ਮੁੱਲ ਜੋ ਸਦਾ ਚਲਦੇ ਰਹਿਣੇ ਚਾਹੀਦੇ ਹਨ, ਜਿਨ੍ਹਾਂ ਨੂੰ ਧਾਰਨ ਕਰਕੇ ਜਿਉਣਾ ਚਾਹੀਦਾ ਹੈ। ਇਤਿਹਾਸਕਾਰ ਰਾਮ ਪੁਨਿਆਨੀ ਮਹਾਂਭਾਰਤ ਵਿੱਚੋਂ ਦੋ ਦਿਲਚਸਪ ਹਵਾਲਿਆਂ ਦੀ ਗੱਲ ਕਰਦੇ ਹਨ। ਇੱਕ ਵਿੱਚ ਪਾਂਡੂ, ਕੁੰਤੀ ਨੂੰ ਕਹਿੰਦੇ ਹਨ ਕਿ ਪੁਰਾਣੇ ਸਮਿਆਂ ਵਿੱਚ ਸਨਾਤਨੀ ਕਦਰਾਂ ਕੀਮਤਾਂ ਮੌਜੂਦ ਸਨ। ਇੱਕ ਔਰਤ ਕਈ ਪਤੀਆਂ ਨਾਲ਼ ਵਿਆਹ ਕਰਵਾ ਸਕਦੀ ਸੀ ਜੋ ਹੁਣ ਸੰਭਵ ਨਹੀਂ ਹੈ। ਦੂਜੇ ਹਵਾਲੇ ਵਿੱਚ ਦਰੋਪਤੀ ਦੁਰਯੋਧਨ ਨੂੰ ਕਹਿੰਦੀ ਹੈ ਕਿ ਤੁਸੀਂ ਜੋ ਕਰ ਰਹੇ ਹੋ ਸਨਾਤਨ ਦੇ ਵਿਰੁੱਧ ਹੈ। ਮਨੂੰ ਸਿਮਰਤੀ, ਵਿਸ਼ਨੂੰ ਪੁਰਾਣ ਅਤੇ ਭਾਗਵਤ ਪ੍ਰਾਣ ਆਦਿ ਗ੍ਰੰਥਾਂ ਵਿੱਚ ਵੀ ਸਨਾਤਨ ਦਾ ਜਿਕਰ ਆਉਂਦਾ ਹੈ ਪਰ ਸਨਾਤਨ ਧਰਮ ਦੀ ਕਲਪਨਾ ਨਹੀਂ ਹੈ।
ਬ੍ਰਾਹਮਣਵਾਦੀ ਹਿੰਦੂ ਧਰਮ ਦੀਆਂ ਰੂੜੀਵਾਦੀ ਕਦਰਾਂ ਕੀਮਤਾਂ ਵਿੱਚ ਵਰਣ ਜਾਤ ਵਿਵਸਥਾ ਇਸ ਦਾ ਅਟੁੱਟ ਅੰਗ ਰਹੀ ਹੈ। ਛੂਆ ਛੂਤ, ਜਿਸ ਵਿੱਚ ਕਿਰਤੀ ਅਬਾਦੀ ਦੇ ਬਹੁਤ ਵੱਡੇ ਹਿੱਸੇ ਨਾਲ਼ ਛੂਹੇ ਜਾਣ ’ਤੇ ਹੀ ਭਿੱਟੇ ਜਾਣ ਦੀ ਪਰੰਪਰਾ ਰਹੀ ਹੈ, ਇਸ ਦਾ ਸਭ ਤੋਂ ਸ਼ਰਮਨਾਕ ਅਤੇ ਘਟੀਆ ਪੱਖ ਹੈ। ਵਰਨ ਜਾਤ ਵਿਵਸਥਾ ਦਾ ਵਿਧੀ ਵਿਧਾਨ, ਸਮਾਜਿਕ ਅਤੇ ਆਰਥਿਕ ਨਾਂ ਬਰਾਬਰੀ ਨੂੰ ਦੈਵੀ ਯਾਨੀਕਿ ਰੱਬ ਦਾ ਬਣਾਇਆ ਹੋਇਆ ਵਿਧਾਨ ਦੱਸਦਾ ਹੈ। ਇਸ ਵਿਰੁੱਧ ਕਿਸੇ ਤਰ੍ਹਾਂ ਦੇ ਵੀ ਹਮਲੇ ਨੂੰ ਹਿੰਦੂ ਧਰਮ ਦੇ ਠੇਕੇਦਾਰ, ਸਨਾਤਨ ’ਤੇ ਹਮਲਾ ਕਰਾਰ ਦਿੰਦੇ ਰਹੇ ਹਨ। ਫਿਰ ਵੀ ਵਰਨ ਜਾਤ ਵਿਵਸਥਾ ਖਿਲਾਫ ਵਿਦਰੋਹਾਂ ਦੀ ਇੱਕ ਲੰਬੀ ਪਰੰਪਰਾ ਰਹੀਹੈ। 14ਵੀਂ ਤੋਂ 17ਵੀਂ ਸਦੀ ਤੱਕ ਚੱਲਣ ਵਾਲ਼ੀ ਭਗਤੀ ਲਹਿਰ ਇਸ ਦੀ ਵੱਡੀ ਮਿਸਾਲ ਹੈ। ਧਰਮ ਦੇ ਰੂਪ ਵਿੱਚ ਸਨਾਤਨ ਦੀ ਗੱਲ 19ਵੀਂ ਸਦੀ ਵਿੱਚ ਸ਼ੁਰੂ ਹੁੰਦੀ ਹੈ। ਬਸਤੀਵਾਦੀ ਅੰਗਰੇਜ ਹਾਕਮਾਂ ਦੇ ਦੌਰ ਵਿੱਚ ਇਸਾਈ ਮਿਸ਼ਨਰੀ ਵੀ ਆ ਰਹੇ ਸਨ। ਦੂਜੇ ਪਾਸੇ ਆਧੁਨਿਕ ਸਿੱਖਿਆ ਦੇ ਅਸਰ ਹੇਠ ਸਾਡੇ ਮੁਲਕ ਦੇ ਕੁੱਝ ਨੌਜਵਾਨ ਪੜ੍ਹ ਲਿਖ ਕੇ ਨਵੀਂ ਚੇਤਨਾ ਗ੍ਰਹਿਣ ਕਰ ਰਹੇ ਸਨ। ਸਮਾਜ ਵਿੱਚ ਰੂੜੀਵਾਦੀ ਕਦਰਾਂ ਕੀਮਤਾਂ, ਹਾਵੀ ਸਨ। ਧਰਮ ਸੁਧਾਰ ਅੰਦੋਲਨ ਸ਼ੁਰੂ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਧਾਰਮਿਕ ਮੁੜ ਸੁਰਜੀਤੀ ਦੇ ਅੰਦੋਲਨ ਕਹਿ ਸਕਦੇ ਹਾਂ । ਰਾਜਾ ਰਾਮ ਮੋਹਨ ਰਾਏ ਅਤੇ ਦਇਆਨੰਦ ਸਰਸਵਤੀ ਉਸ ਦੌਰ ਦੇ ਦੋ ਵੱਡੇ ਨਾਂ ਹਨ। ਦੋਹਾਂ ਦਾ ਕਹਿਣਾ ਸੀ ਕਿ ਵੇਦਾਂ ਤੋਂ ਬਾਅਦ ਧਰਮ ਵਿੱਚ ਜੋ ਕੁਰੀਤੀਆਂ ਆਈਆਂ, ਉਹ ਸਨਾਤਨ ਵਿੱਚ ਨਹੀਂ ਆਉਂਦੀਆਂ ਹਨ। ਹਿੰਦੂ ਧਰਮ ਦੀਆਂ ਰੂੜੀਵਾਦੀ ਤਾਕਤਾਂ ਨੇ ਇਹਨਾਂ ਦਾ ਜਬਰਦਸਤ ਵਿਰੋਧ ਕੀਤਾ। ਰੂੜੀਵਾਦੀ ਆਗੂ ਆਪਣੇ ਆਪ ਨੂੰ ਸਨਾਤਨੀ ਦੱਸਦੇ ਸਨ ਅਤੇ ਉਨ੍ਹਾਂ ਨੇ ਸਨਾਤਨ ਦੇ ਨਾਂ ’ਤੇ ਸੁਧਾਰਾਂ ਦਾ ਵਿਰੋਧ ਕੀਤਾ, ਬ੍ਰਹਮੋ ਸਮਾਜ ਦਾ ਵੀ ਅਤੇ ਆਰੀਆ ਸਮਾਜ ਦਾ ਵੀ। ਉਸ ਦੌਰ ਵਿੱਚ ਅੱਤ ਦੀ ਗਰੀਬ, ਅਛੂਤ ਅਤੇ ਦਲਿਤ ਅਬਾਦੀ ਵਿੱਚ ਰੂੜੀਵਾਦੀ ਕਦਰਾਂ ਕੀਮਤਾਂ ਖਿਲਾਫ ਅੰਦੋਲਨ ਚਲਦੇ ਹਨ, ਖਾਸ ਕਰਕੇ ਦੱਖਣੀ ਭਾਰਤ ਵਿੱਚ। ਉਸ ਵੇਲੇ ਦੇ ਧਰਮ ਸੁਧਾਰਕਾਂ ਦਾ ਅਤੇ ਧਾਰਮਿਕ-ਸਮਾਜਿਕ ਜਬਰ ਦੇ ਖਿਲਾਫ ਉੱਠਣ ਵਾਲ਼ੇ ਦਲਿਤ ਅੰਦੋਲਨਾਂ ਦਾ ਵਿਰੋਧ ਵੀ, ਸਨਾਤਨ ਦੇ ਨਾਂ ’ਤੇ ਹੋਇਆ। 1932 ਵਿੱਚ ਅੰਬੇਡਕਰ ਅਤੇ ਗਾਂਧੀ ਦੀ ਬਹਿਸ ਹੁੰਦੀ ਹੈ ਅਤੇ ਰਾਖਵੇਂਕਰਨ ਦੇ ਸਵਾਲ ’ਤੇ ਪੂਨਾ ਪੈਕਟ ਆਉਂਦਾ ਹੈ। ਜਿੱਥੇ ਅੰਬੇਡਕਰ ਅਛੂਤਾਂ ਅਤੇ ਦਲਿਤਾਂ ਦੇ ਸਵਾਲ ਨੂੰ ਉਠਾਉਂਦਾ ਹੈ ਉੱਥੇ ਮਹਾਤਮਾ ਗਾਂਧੀ ਆਪਣੇ ਆਪ ਨੂੰ ਸਨਾਤਨੀ ਹਿੰਦੂ ਦੱਸਦਾ ਹੈ। ਗਾਂਧੀ ਵਰਨ ਵਿਵਸਥਾ ਨੂੰ ਸਿਧਾਂਤ ਰੂਪ ਵਿੱਚ ਮੰਨਦਾ ਸੀ। ਗਾਂਧੀ ਚਾਹੁੰਦਾ ਸੀ ਕਿ ਵਰਨ ਵਿਵਸਥਾ ਜਨਮ ਜਾਤ ਨਹੀਂ ਹੋਣੀ ਚਾਹੀਦੀ। ਉੱਭਰ ਰਹੀ ਸਰਮਾਏਦਾਰਾ ਜਮਾਤ ਦੇ ਬਹੁਤ ਸਮਝਦਾਰ ਬੁਲਾਰੇ ਮਹਾਤਮਾ ਗਾਂਧੀ ਦੇ ਵਿਚਾਰਾਂ ਵਿੱਚ ਆਪਾ ਵਿਰੋਧ ਮੌਜੂਦ ਸੀ। ਅਮਲ ਵਿੱਚ ਉਹ ਜਾਤ-ਪਾਤ ਅਤੇ ਫਿਰਕਾਪ੍ਰਸਤੀ ਦਾ ਵਿਰੋਧ ਕਰਦੇ ਸੀ। ਗਾਂਧੀ ਨੇ ਕਿਹਾ ਕਿ ਅੱਜ ਜੇ ਅਛੂਤਾ ਨੂੰ ਸਨਾਤਨੀਆਂ ਖਿਲਾਫ ਵਿਦਰੋਹ ਕਰਨਾ ਪਏ ਤਾ ਉਹ ਜਰੂਰੀ ਹੈ। ਹਿੰਦੂ ਧਰਮ ਵਿੱਚ ਛੂਆ ਛੂਤ ਹੈ ਤਾਂ ਉਹ ਹਿੰਦੂ ਧਰਮ ਲਈ ਖਤਰਾ ਹੈ ਅਤੇ ਇਸ ਕਰਕੇ ਹਿੰਦੂਧਰਮ, ਹਿੰਦੂ ਧਰਮ ਕਹਾਉਣ ਦੇ ਲਾਇਕ ਨਹੀਂ ਹੈ। ਗਾਧੀ, ਮੰਦਰਾਂ ਵਿੱਚ ਦਲਿਤਾਂ ਦੇ ਦਾਖਲੇ ਅਤੇ ਉਨ੍ਹਾਂ ਨਾਲ਼ ਸਹਿਭੋਜ ਦਾ ਸਮਰਥਕ ਸੀ। ਪੰਜਾਬ ਵਿੱਚ ਆਰੀਆ ਸਮਾਜ ਦੇ ਕੁੱਝ ਗਰਮ ਖਿਆਲੀ ਕਾਰਕੁਨਾਂ ਨੇ 1922 ਵਿੱਚ ਜਾਤ-ਪਾਤ ਤੋੜਕ ਮੰਡਲ ਦੀ ਸਥਾਪਨਾ ਕੀਤੀ। 1936 ਵਿੱਚ ਲਾਹੌਰ ਵਿਖੇ ਉਨ੍ਹਾਂ ਨੇ ਇੱਕ ਸਮਾਗਮ ਵਿੱਚ ਡਾਕਟਰ ਅੰਬੇਡਕਰ ਨੂੰ ਮੁੱਖ ਵਕਤਾ ਦੇ ਤੌਰ ’ਤੇ ਸੱਦਾ ਦਿੱਤਾ। ਭਾਸ਼ਣ ਦਾ ਖਰੜਾ ਪਹਿਲਾਂ ਮੰਗਵਾ ਲਿਆ ਗਿਆ ਸੀ। ਖਰੜਾ ਪੜ੍ਹਨ ਤੋਂ ਬਾਅਦ ਸੰਮੇਲਨ ਦੇ ਪ੍ਰਬੰਧਕਾਂ ਨੇ ਡਾਕਟਰ ਅੰਬੇਡਕਰ ਨੂੰ ਬੋਲਣ ਤੋਂ ਮਨਾ ਕਰ ਦਿੱਤਾ। ਉਨ੍ਹਾਂ ਨੂੰ ਕਿਹਾ ਗਿਆ ਕਿ ਤੁਹਾਡਾ ਭਾਸ਼ਣ ਜਿਆਦਾ ਸਖਤ ਹੈ। ਉਹਨਾਂ ਸਮਿਆਂ ਵਿੱਚ ਇਹ ਸੁਧਾਰ ਵਿਰੋਧੀ ਸਨਾਤਨੀਆਂ ਦੇ ਦਬਾਅ ਦਾ ਹੀ ਨਤੀਜਾ ਸੀ। ਇੱਕ ਹੋਰ ਘਟਨਾ ਹੈ ਜਦੋਂ ਸਾਵਰਕਰ ਮੁਸਲਿਮ ਲੀਗ ਨਾਲ਼ ਰਲ਼ ਕੇ ਸਾਂਝੀ ਸਰਕਾਰ ਬਣਾਉਣ ਦੇ ਯਤਨ ਕਰ ਰਿਹਾ ਸੀ। ਕਈ ਸਨਾਤਨੀ ਉਸ ਨੂੰ ਇਸ ਸਬੰਧੀ ਮਿਲ਼ੇ। ਉਸ ਨੇ ਜਵਾਬ ਵਿੱਚ ਕਿਹਾ ਕਿ ਫਿਕਰ ਨਾ ਕਰੋ, ਮੈਂ ਤੁਹਾਡੇ ਉੱਤੇ ਅਛੂਤਾਂ ਦਾ ਮੰਦਰਾਂ ਵਿੱਚ ਦਾਖਲਾ ਨਹੀਂ ਥੋਪਾਂਗਾ। ਇਹਨਾਂ ਹਵਾਲਿਆਂ ਨਾਲ਼ ਇਹ ਸਿੱਧ ਹੋ ਜਾਂਦਾ ਹੈ ਕਿ ਇਤਿਹਾਸ ਵਿੱਚ ਸਨਾਤਨੀ ਸ਼ਬਦ ਦੀ ਵਰਤੋਂ ਉਹਨਾਂ ਲਈ ਹੋ ਰਹੀ ਹੈ ਜੋ ਵਰਣ ਵਿਵਸਥਾ ਦੇ ਹਮਾਇਤੀ ਸਨ ਅਤੇ ਦਲਿਤਾਂ ਨਾਲ਼ ਸਹਿ ਭੋਜ ਯਾਨੀਕਿ ਖਾਣ ਪੀਣ ਦੀ ਸਾਂਝ ਅਤੇ ਮੰਦਰਾਂ ਵਿੱਚ ਦਾਖਲੇ ਦਾ ਵਿਰੋਧ ਕਰਦੇ ਸਨ। ਅਸਲ ਵਿੱਚ ਹਰ ਤਰ੍ਹਾਂ ਦੇ ਸੁਧਾਰਾਂ ਦਾ ਵਿਰੋਧ ਸਨਾਤਨੀ ਪੈਂਤੜੇ ਤੋਂ ਕੀਤਾ ਜਾਂਦਾ ਸੀ। 1932 ਤੋਂ ਬਾਅਦ ਗਾਂਧੀ ਨੇ ਦਲਿਤਾਂ ਨਾਲ਼ ਸਹਿ ਭੋਜ ਦਾ ਸੱਦਾ ਦਿੱਤਾ ਜਿਸ ਦਾ ਸਨਾਤਨ ਦੇ ਨਾਂ ’ਤੇ ਜਬਰਦਸਤ ਵਿਰੋਧ ਹੋਇਆ। ਅਜਾਦੀ ਤੋਂ ਬਾਅਦ ਹਿੰਦੂ ਕੋਡ ਬਿੱਲ ਆਇਆ ਜਿਸ ਦਾ ਵਿਰੋਧ ਵੀ ਸਨਾਤਨ ਦੇ ਨਾਂ ’ਤੇ ਹੋਇਆ।
ਦੱਖਣੀ ਭਾਰਤ ਦਾ ਸਨਾਤਨ ਵਿਰੋਧ ਦੱਖਣੀ ਭਾਰਤ ਵਿੱਚ ਅਜੋਕੇ ਤਾਮਿਲਨਾਡੂ, ਕੇਰਲਾ, ਤਿਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਕਰਨਾਟਕਾ ਦੇ ਕਾਫੀ ਵੱਡੇ ਹਿੱਸੇ ਮਦਰਾਸ ਪ੍ਰੈਜੀਡੈਂਸੀ ਦੇ ਵਿਸ਼ਾਲ ਖੇਤਰ ਦਾ ਹਿੱਸਾ ਸਨ। ਇੱਥੇ ਬ੍ਰਾਹਮਣਵਾਦ ਵਿਰੋਧੀ ਅੰਦੋਲਨਾਂ ਦਾ ਵੱਡਾ ਇਤਿਹਾਸ ਰਿਹਾ ਹੈ। ਇੱਥੇ ਬ੍ਰਾਹਮਣਵਾਦ ਲੁੱਟ ਅਤੇ ਜਬਰ ਦਾ ਪ੍ਰਤੀਕ ਸੀ। ਇੱਥੇ ਬ੍ਰਾਹਮਣਵਾਦ ਦੇ ਵਿਰੋਧ ਦਾ ਮਤਲਬ ਬ੍ਰਾਹਮਣ ਜਾਤੀ ਵਿੱਚ ਪੈਦਾ ਹੋਣ ਵਾਲ਼ੇ ਕਿਸੇ ਆਮ ਆਦਮੀ ਦਾ ਵਿਰੋਧ ਨਹੀਂ ਹੈ। ਹਕੀਕਤ ਵਿੱਚ ਇਹ ਅੰਦੋਲਨ, ਅਣਮਨੁੱਖੀ ਜਬਰ ਸਹਿੰਦੀ ਹੋਈ ਕਿਰਤੀ ਅਬਾਦੀ ਦੇ ਸੰਘਰਸ਼ ਸਨ ਜੋ ਆਰਥਿਕ ਲੁੱਟ ਦੇ ਨਾਲ਼-ਨਾਲ਼ ਜਾਤਪਾਤੀ ਵਿਤਕਰੇ ਅਤੇ ਨਫਰਤ ਦਾ ਵੀ ਸ਼ਿਕਾਰ ਸਨ। ਜਬਰ ਦੀ ਹਾਲਤ ਇਹ ਸੀ ਕਿ ਜਦੋਂ ਵਿਵੇਕਾਨੰਦ ਕੰਨਿਆ ਕੁਮਾਰੀ ਗਏ ਤਾਂ ਉਨ੍ਹਾਂ ਵੇਖਿਆ ਕਿ ਕੇਰਲਾ ਦੇ ਉਸ ਹਿੱਸੇ ਵਿੱਚ ਪਸ਼ੂਆਂ ਵਾਂਗ ਗਰੀਬ ਮਰਦ ਅਤੇ ਔਰਤਾਂ ਨੂੰ ਵੇਚਣ ਖਰੀਦਣ ਦੀ ਮੰਡੀ ਲੱਗਦੀ ਸੀ, ਦਲਿਤ ਔਰਤਾਂ ਨੂੰ ਪੂਰੇ ਕੱਪੜੇ ਪਾਉਣ ਦੀ ਮਨਾਹੀ ਸੀ, ਛਾਤੀਆਂ ਨੰਗੀਆਂ ਰੱਖਣ ਦਾ ਕਨੂੰਨ ਸੀ ਅਤੇ ਛਾਤੀਆਂ ’ਤੇ ਟੈਕਸ ਲੱਗਦਾ ਸੀ। ਛਾਤੀਆਂ ਦਾ ਮੇਚਾ ਰਾਜ ਦੇ ਅਧਿਕਾਰੀ ਲੈਂਦੇ ਸਨ। ਨਵੀਂ ਵਿਆਹੀ ਵਹੁਟੀ ਲਈ, ਪਹਿਲੀ ਰਾਤ ਬ੍ਰਾਹਮਣ ਹਾਕਮ ਕੋਲ ਗੁਜਾਰਨੀ ਜਰੂਰੀ ਸੀ। ਇਸੇ ਹਾਲਤ ਨੂੰ ਵੇਖ ਕੇ ਵਿਵੇਕਾਨੰਦ ਨੇ ਕਿਹਾ ਸੀ ਕਿ ਭਾਰਤ ਪਾਗਲ ਲੋਕਾਂ ਦਾ ਘਰ ਹੈ। ਕੇਰਲਾ ਦੇ ਸ਼੍ਰੀ ਨਰਾਇਣ ਗੁਰੂ ਅਤੇ ਕਰਨਾਟਕ ਦੇ ਬਾਸ ਵੰਨਾ ਜਾਤੀ ਪ੍ਰਥਾ ਦੇ ਵਿਰੁੱਧ ਲੜਨ ਵਾਲ਼ੇ ਉੱਘੇ ਸਮਾਜ ਸੁਧਾਰਕ ਹੋਏ ਹਨ। ਪੂਰੇ ਦੱਖਣੀ ਭਾਰਤ ਵਿੱਚ ਮੰਦਰਾਂ ਦਾ ਸੱਭਿਆਚਾਰ ਗੁਲਾਮੀ ਦਾ ਸੰਦ ਸੀ। ਹਾਕਮਾਂ ਦੀ ਅਯਾਸ਼ੀ ਲਈ ਦੇਵ ਦਾਸੀ ਪ੍ਰਥਾ ਦੇ ਨਾਂ ’ਤੇ, ਸਰੇ੍ਹਆਮ ਵੇਸਵਾਗਮਨੀ ਦੇ ਅੱਡੇ ਚੱਲਦੇ ਸਨ। ਰਾਜਿਆਂ ਦੇ ਇਸ ਜਾਬਰ ਜਗੀਰੂ ਦੌਰ ਵਿੱਚ 250 ਦੇ ਕਰੀਬ ਵਿਦਰੋਹ ਹੋਏ। ਪਹਿਲੇ ਵੱਡੇ ਵਿਦਰੋਹ ਅਛੂਤ ਲੋਕਾਂ ਨੇ ਕੀਤੇ ਸਨ। 1892 ਵਿੱਚ ਰਾਓ ਬਹਾਦਰ ਰੈਟੇਮਲਾਈ ਸ਼੍ਰੀ ਨਿਵਾਸਨ ਨੇ ਆਦਿ ਦਰਾਵੜ ਮਹਾਜਨ ਸਭਾ ਬਣਾਈ ਜਿਸ ਦੀ ਅਗਵਾਈ ਵਿੱਚ ਛੂਆ ਛੂਤ ਵਿਰੁੱਧ ਸੰਘਰਸ਼ ਚਲਿਆ। ਕੇਰਲਾ ਵਿੱਚ ਛੂਆ-ਛੂਤ ਵਿਰੁੱਧ ਸੰਘਰਸ਼ਾਂ ਵਿੱਚ ਅਈਅਨਕੱਲੀ ਦਾ ਨਾਮ ਵੀ ਅਗਲੀਆਂ ਕਤਾਰਾਂ ਵਿੱਚ ਆਉਂਦਾ ਹੈ। 1914 ਵਿੱਚ ਅੰਗਰੇਜ ਬਸਤੀਵਾਦੀਆਂ ਨੇ ‘ਹੋਮ ਲੀਗਰੂਲ’ ਦੀ ਗੱਲ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਕੁੱਝ ਬੁੱਧੀਜੀਵੀਆਂ ਨੇ ਅਧਿਐਨ ਕੀਤਾ ਕਿ 1883 ਤੋਂ ਲੈ ਕੇ 1912 ਤੱਕ ਅੰਗਰੇਜਾਂ ਦੀ ਇੰਪੀਰੀਅਲ ਕੌਂਸਲ ਵਿੱਚ ਆਮ ਜਨਤਾ ਵਿੱਚੋਂ ਕਦੀ ਵੀ ਕੋਈ ਨੁਮਾਇੰਦਾ ਨਹੀਂ ਲਿਆ ਗਿਆ ਹੈ। ਇਸ ਲਈ ਉਨ੍ਹਾਂ ਨੇ ‘ਨਵੇਂ ਹੋਮ ਲੀਗ ਰੂਲ’ ਨੂੰ ‘ਬ੍ਰਾਹਮਣ ਲੀਗ ਰੂਲ’ ਕਹਿੰਦੇ ਹੋਏ ਖਾਰਜ ਕਰ ਦਿੱਤ। 1916 ਵਿੱਚ ਜਸਟਿਸ ਪਾਰਟੀ ਬਣੀ। ਸ਼ੁਰੂ ਵਿੱਚ ਜਸਟਿਸ ਪਾਰਟੀ ਹਕੂਮਤੀ ਅਦਾਰਿਆਂ ਵਿੱਚ ਗੈਰ ਬ੍ਰਾਹਮਣ ਨੁਮਾਇੰਦਿਆਂ ਲਈ ਰਾਖਵੇਂਕਰਨ ਦੀ ਲੜਾਈ ਲੜਦੀ ਰਹੀ। 1937 ਵਿੱਚ ਰਾਮਾ ਸਵਾਮੀ ਨਾਇਕਰ ਉਰਫ ਪੇਰੀਆਰ ਇਸ ਦੇ ਪ੍ਰਧਾਨ ਬਣੇ। 1924-25 ਤੱਕ ਪੇਰੀਆਰ ਕਾਂਗਰਸ ਵਿੱਚ ਰਹੇ। ਉਹਨਾਂ ਕਾਂਗਰਸ ਦੀਆਂ ਕਮੇਟੀਆਂ ਵਿੱਚ ਸ਼ੂਦਰਾਂ ਲਈ ਨੁਮਾਇੰਦਗੀ ਦੀ ਮੰਗ ਕੀਤੀ। ਆਖਰ ਕਾਂਚੀਪੁਰਮ ਕਾਂਗਰੇਸ ਵਿੱਚ ਇਹ ਕਹਿੰਦਿਆਂ ਹੋਇਆ ਕਿ ‘ਬ੍ਰਾਹਮਣਵਾਦੀ ਕਾਂਗਰਸ ਨੂੰ ਮੈਂ ਖਤਮ ਕਰ ਦਿਆਂਗਾ’, ਉਸ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਸਵੈਮਾਨ ਅੰਦੋਲਨ ਚੱਲਿਆ। ਸਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਬ੍ਰਾਹਮਣਵਾਦੀ ਵਿਚਾਰਧਾਰਕ ਦਾਬੇ ਵਿਰੁੱਧ ਲੋਕਾਈ ਦਾ ਰੋਸ ਵੱਧ ਰਿਹਾ ਸੀ। ਸਭ ਤੋਂ ਵੱਡਾ ਕਾਰਕ ਅਛੂਤ ਦਲਿਤ ਅਬਾਦੀ ਦੇ ਵਿਦਰੋਹ ਸਨ। ਇਹ ਤਿੰਨੋਂ ਧਰਾਵਾਂ ਨੇ ਉਹ ਬਾਹਰਮੁਖੀ ਅਧਾਰ ਤਿਆਰ ਕਰ ਦਿੱਤਾ ਜਿਸ ਵਿੱਚ ‘ਦਰਾਵਿੜ ਕਜਗਮ’ ਨਾਂ ਦੀ ਸਿਆਸੀ ਪਾਰਟੀ ਜਨਮ ਲੈਂਦੀ ਹੈ। ਇਸ ਪਾਰਟੀ ਦਾ ਅਗਲਾ ਵਿਕਾਸ ਅਤੇ ਇਤਿਹਾਸ ਸਾਡਾ ਵਿਸ਼ਾ ਨਹੀਂ ਹੈ। ਇਸ ਤੋਂ ਬਿਨਾਂ ਦੱਖਣ ਵਿੱਚ ਚੱਲੇ ਦਲਿਤ ਅਬਾਦੀ ਦੇ ਅੰਦੋਲਨ ਖਾਸ ਕਰਕੇ ਖੇਤ ਮਜਦੂਰਾਂ ਦੇ ਸਾਰੇ ਸੰਘਰਸ਼ਾਂ ਅਤੇ ਇੱਕ ਦੌਰ ਵਿੱਚ ਵੱਖਰੇ ਦਰਾਵਿੜਸਤਾਨ ਦੀ ਮੰਗ ਦਾ ਇਤਿਹਾਸ ਸਾਡੇ ਇਸ ਲੇਖ ਦਾ ਵਿਸ਼ਾ ਨਹੀਂ ਹੈ। ਪਰ ਇਸ ਮੁਕਾਮ ’ਤੇ ਪਹੁੰਚ ਕੇ ਅੰਦੋਲਨ ਵਿੱਚ ਇੱਕ ਸਿਫਤੀ ਤਬਦੀਲੀ ਹੋ ਜਾਂਦੀ ਹੈ। ਅੰਦੋਲਨ ਦੀ ਅਗਵਾਈ ਸਭ ਤੋਂ ਵੱਧ ਦੱਬੀ ਕੁਚਲੀ ਅਛੂਤ ਦਲਿਤ ਅਬਾਦੀ ਦੇ ਹੱਥਾਂ ਵਿੱਚੋਂ ਨਿੱਕਲ ਜਾਂਦੀ ਹੈ। ਨਵੀਂ ਉੱਭਰ ਰਹੀ ਸਰਮਾਏਦਾਰ ਜਮਾਤ ਸਾਹਮਣੇ ਆਉਂਦੀ ਹੈ। ਦੱਖਣ ਦੇ ਬ੍ਰਾਹਮਣਵਾਦ ਵਿਰੋਧੀ ਜਾਂ ਸਨਾਤਨਵਾਦ ਵਿਰੋਧੀ ਅੰਦੋਲਨ ਦਾ ਹਿੱਸਾ ਰਹੀਆਂ ਸ਼ੂਦਰ ਜਾਤੀਆਂ ਅਤੇ ਪਛੜੀਆਂ ਜਾਤੀਆਂ ਦਾ ਇੱਕ ਹਿੱਸਾ, ਚੰਗੀਆਂ ਜਮੀਨਾਂ ਜਾਇਦਾਦਾਂ ਅਤੇ ਪੈਦਾਵਾਰ ਦੇ ਸੰਦਾ ਸਾਧਨਾ ਦਾ ਮਾਲਕ ਹੈ। ਖੁਦ ਜਾਤੀਵਾਦੀ ਵਿਤਕਰੇ ਦੇ ਸ਼ਿਕਾਰ ਰਹੇ ਹੋਣ ਦੇ ਬਾਵਜੂਦ ਇਹਨਾਂ ਜਾਤੀਆਂ ਵਿਚਲੀ ਮਾਲਕ ਜਮਾਤ ਦਾ ਕਿਰਤੀ ਅਬਾਦੀ, ਖਾਸ ਕਰਕੇ ਖੇਤ ਮਜਦੂਰਾਂ ’ਤੇ ਜਬਰ ਦਾ ਇਤਿਹਾਸ ਰਿਹਾ ਹੈ। ਦ੍ਰਾਵਿੜ ਕਜਗਮ ਅਤੇ ਬਾਅਦ ਵਿੱਚ ਇਸੇ ਧਾਰਾ ਵਿੱਚੋਂ ਨਿੱਕਲੀਆਂ ਡੀਐਮਕੇ ਅਤੇ ਅੰਨਾ ਡੀਐਮਕੇ ਵਰਗੀਆਂ ਪਾਰਟੀਆਂ, ਪਿਛੜੀਆਂ ਜਾਤੀਆਂ ਵਿੱਚੋਂ ਪੈਦਾ ਹੋਈ ਸਰਮਾਏਦਾਰੀ ਦੀਆਂ ਪਾਰਟੀਆਂ ਹਨ। ਅਜੋਕੇ ਦੌਰ ਵਿੱਚ ਇਹਨਾਂ ਦਾ ਬ੍ਰਾਹਮਣਵਾਦ ਵਿਰੋਧੀ ਪੈਂਤੜਾ, ਆਮ ਕਿਰਤੀ ਅਬਾਦੀ ਨੂੰ ਆਪਣੇ ਮਗਰ ਲਾਉਣ ਲਈ, ਪਛਾਣ ਦੀ ਰਾਜਨੀਤੀ ਦਾ ਹਥਿਆਰ ਬਣ ਗਿਆ ਹੈ। ਦੱਖਣੀ ਭਾਰਤ ਵਿੱਚ ਬ੍ਰਾਹਮਣਵਾਦੀ ਜਬਰ ਵਿਰੁੱਧ ਜੋ ਕਿ ਅਸਲ ਵਿੱਚ ਜਗੀਰਦਾਰੀ ਜਬਰ ਵਿਰੁੱਧ ਸੰਘਰਸ਼ ਸੀ, ਕਿਰਤੀ ਅਬਾਦੀ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ। ਭਾਵੇਂ ਡੀਕੇ ਅਤੇ ਬਾਅਦ ਵਿੱਚ ਡੀਐਮਕੇ, ਅੰਨਾ ਡੀਐਮਕੇ ਆਦਿ ਪਾਰਟੀਆਂ ਜਮਾਤੀ ਤੌਰ ’ਤੇ ਸਰਮਾਏਦਾਰਾ ਜਮਾਤ ਦੀਆਂ ਪਾਰਟੀਆਂ ਹਨ, ਪਰ ਵਰਤਮਾਨ ਬੀਜੇਪੀ ਦੇ ਸਨਾਤਨ ਦੇ ਨਾਂ ’ਤੇ ਅੰਨੇ੍ਹ ਕੌਮਵਾਦ ਦੀ ਮੁਹਿੰਮ ਦੇ ਵਿਰੋਧ ਵਿੱਚ ਖੜਨਾ, ਇਹਨਾਂ ਦੀ ਅਣਸਰਦੀ ਲੋੜ ਹੈ। ਦੱਖਣੀ ਭਾਰਤ ਵਿੱਚ ਆਮ ਕਰਕੇ ਅਤੇ ਤਾਮਿਲਨਾਡੂ ਵਿੱਚ ਖਾਸ ਕਰਕੇ ਬ੍ਰਾਹਮਣਵਾਦ ਜਾਂ ਸਨਾਤਨ ਦੀ ਵਕਾਲਤ ਕਰਨ ਵਾਲ਼ਾ ਰਾਜਨੀਤੀ ਵਿੱਚ ਨਹੀਂ ਟਿਕ ਸਕਦਾ। ਉੱਥੋਂ ਦੇ ਬਹੁ ਗਿਣਤੀ ਲੋਕਾਂ ਵਾਸਤੇ ‘ਸਨਾਤਨ’ ਜਬਰ ਦਾ ਪ੍ਰਤੀਕ ਹੈ।
ਸਰਮਾਏਦਾਰੀ ਦਾ ਵਿਚਾਰਧਾਰਕ ਗਲਬਾ ਅਤੇ ਫਾਸ਼ੀਵਾਦ ਦਾ ਖਤਰਾ ਸਰਮਾਏਦਾਰੀ ਦੇ ਸਾਮਰਾਜੀ ਦੌਰ ਦੇ ਅਜੋਕੇ ਪੜਾਅ ਵਿੱਚ ਸੱਜ ਪਿਛਾਖੜੀ, ਫਾਸ਼ੀਵਾਦੀ ਤਾਕਤਾਂ ਦਾ ਵਧਣਾ ਇੱਕ ਸੰਸਾਰ ਵਿਆਪੀ ਵਰਤਾਰਾ ਹੈ। ਸਰਮਾਏਦਾਰੀ ਦੀਆਂ ਰਵਾਇਤੀ ਸੰਸਦੀ ਸਿਆਸੀ ਪਾਰਟੀਆਂ ਅਤੇ ਫਾਸ਼ੀਵਾਦੀ ਬੀਜੇਪੀ ਦੀਆਂ ਆਰਥਿਕ ਨੀਤੀਆਂ ਵਿੱਚ ਕੋਈ ਫਰਕ ਨਹੀਂ ਹੈ। ਸਾਰੀਆਂ ਹੀ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਹੱਕ ਵਿੱਚ ਹਨ। ਪਰ ਭਾਰਤੀ ਰਾਜ ਸੱਤ੍ਹਾ ਦੀਆਂ ਕੇਂਦਰੀਕਰਨ ਦੀਆਂ ਨੀਤੀਆਂ ਦੇ ਤੇਜ ਹੋਣ ਦੇ ਨਤੀਜੇ ਵਜੋਂ ਮਜਦੂਰਾਂ ਅਤੇ ਆਮ ਕਿਰਤੀ ਅਬਾਦੀ ਦੀ ਅਗਵਾਈ ਵਿੱਚ ਚੱਲਣ ਵਾਲ਼ੇ ਜਨਤਕ ਸੰਘਰਸ਼ਾਂ ਨਾਲ਼ ਹੀ ਇਸ ਜਟਿਲ ਦੌਰ ਦੀਆਂ ਮੁਸ਼ਕਲਾਂ ’ਤੇ ਕਾਬੂ ਪਾਇਆ ਜਾ ਸਕੇਗਾ। ਸਰਮਾਏਦਾਰੀ ਦਾ ਵਿਚਾਰਧਾਰਕ ਦਾਬਾ ਪ੍ਰਬੰਧ ਦੀ ਮਜਬੂਤ ਢਾਲ਼ ਹੈ। ਇਸ ਵਿਚਾਰਧਾਰਕ ਗਲਬੇ ਨੂੰ ਤੋੜਨ ਲਈ, ਵਿਚਾਰਧਾਰਾ ਦੇ ਖੇਤਰ ਵਿੱਚ ਜਬਰਦਸਤ ਸੰਘਰਸ਼ ਦਰਕਾਰ ਹੈ। ਬੀਜੇਪੀ ਦੀ ਵਿਚਾਰਧਾਰਕ ਮੁਹਿੰਮ ਤਹਿਤ ਹੀ ਹਿੰਦੂ ਧਰਮ ਦੀ ਥਾਂ ਸਨਾਤਨ ਸ਼ਬਦ ਪ੍ਰਚਲਿਤ ਕੀਤਾ ਜਾ ਰਿਹਾ ਹੈ। ਬੀਤੇ ਦਾ ਇਤਿਹਾਸ ਸਾਨੂੰ ਦੱਸਦਾ ਹੈ ਕਿ ਸਨਾਤਨ ਦਾ ਮਤਲਬ ਹੈ ਹਰ ਤਰ੍ਹਾਂ ਦੀ ਤਬਦੀਲੀ ਦਾ ਵਿਰੋਧ। ਸਨਾਤਨ ਦਾ ਮਤਲਬ ਹੈ ਵਰਣ ਜਾਤ ਵਿਵਸਥਾ ਜਿਵੇਂ ਕਦੀ ਪਹਿਲਾਂ ਚੱਲਦੀ ਸੀ ਉਸੇ ਤਰ੍ਹਾਂ ਚੱਲਦੀ ਰਹੇ। ਸਨਾਤਨ ਸ਼ਬਦ ਇਸ ਵੇਲੇ ਫਾਸ਼ੀਵਾਦ ਦਾ ਵਿਚਾਰਧਾਰਕ ਹਥਿਆਰ ਬਣ ਗਿਆ ਹੈ। ਕਿਰਤੀ ਅਬਾਦੀ ਦੇ ਸੰਘਰਸ਼, ਲਾਜਮੀ ਹੀ ਮਜਦੂਰ ਜਮਾਤ ਦੀ ਵਿਚਾਰਧਾਰਾ ਨੂੰ ਉੱਨਤ ਕਰਦੇ ਹੋਏ, ਫਾਸ਼ੀਵਾਦ ਦੇ ਵਿਚਾਰਧਾਰਕ ਹਮਲਿਆਂ ਨੂੰ ਨਾਕਾਮ ਕਰਨਗੇ।
ਸੁਖਦੇਵ ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ