ਬਟਾਲਾ, ਗੁਰਦਾਸਪੁਰ, 31 ਅਕਤੂਬਰ ( ਸਰਬਜੀਤ ਸਿੰਘ)— ਅੱਜ ਸੁਖਾ ਸਿੰਘ ਮਹਿਤਾਬ ਸਿੰਘ ਪਾਰਕ ਵਿਖੇ ਮਜ਼ਦੂਰ ਮੁਕਤੀ ਮੋਰਚਾ ਅਤੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਵਿਰੁੱਧ ਰੈਲੀ ਕਰਕੇ ਬਾਜ਼ਾਰ ਵਿਚ ਪ੍ਰਦਰਸ਼ਨ ਕੀਤਾ। ਇਸ ਸਮੇਂ ਬੋਲਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਸਹਾਇਕ ਸਕੱਤਰ ਕਾਮਰੇਡ ਵਿਜੇ ਕੁਮਾਰ ਸੋਹਲ, ਜ਼ਿਲ੍ਹਾ ਪ੍ਰਧਾਨ ਦਲਬੀਰ ਭੋਲਾ ਮਲਕਵਾਲ, ਏਕਟੂ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਭੁੰਬਲੀ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ 95%ਗਰੀਬ ਮਜ਼ਦੂਰ ਪਰਿਵਾਰ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਦੇ ਕਰਜ਼ਾ ਮਕੜ ਜਾਲ ਵਿੱਚ ਫਸ ਚੁੱਕੇ ਹਨ ਅਤੇ ਉਨ੍ਹਾਂ ਨੇ ਕਈ ਕਈ ਕੰਪਨੀਆਂ ਤੋਂ ਕਰਜ਼ਾ ਲੈ ਰਖਿਆ ਹੈ ਜਿਸ ਕਰਜ਼ੇ ਦੀਆਂ ਗਰੀਬ ਪਰਿਵਾਰ ਕਿਸ਼ਤਾਂ ਭਰਨ ਤੋਂ ਅਸਮਰਥ ਹਨ ਕਿਉਂਕਿ ਇਨ੍ਹਾਂ ਪਰਿਵਾਰਾਂ ਕੋਲ ਕੋਈ ਰੋਜ਼ਗਾਰ ਨਹੀਂ ਹੈ, ਪਿੰਡਾਂ ਵਿਚ ਜੇਕਰ ਮਨਰੇਗਾ ਰੋਜ਼ਗਾਰ ਦੇਣ ਦਾ ਕਨੂੰਨ ਬਣਿਆਂ ਹੋਇਆ ਹੈ ਤਾਂ ਉਹ ਵੀ ਨਾ ਦੇ ਬਰਾਬਰ ਲਾਗੂ ਹੁੰਦਾ ਹੈ, ਜ਼ਿਆਦਾ ਤਰ ਮਨਰੇਗਾ ਦਾ ਪੈਸਾ ਭਿਰਸ਼ਟਾਚਾਰ ਦੀ ਭੇਟ ਚੜ੍ਹ ਜਾਂਦਾ ਹੈ। ਆਗੂਆਂ ਐਸ ਡੀ ਐਮ ਬਟਾਲਾ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਮੰਗ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਸਰਕਾਰ ਪਰਾਈਵੇਟ ਕੰਪਨੀਆਂ ਦਾ ਕਰਜ਼ਾ ਆਪਣੇ ਜੁਮੇਂ ਲਵੇ ਅਤੇ ਮੋਟੇ ਵਿਆਜ਼ ਉਪਰ ਕਰਜ਼ਾ ਦੇਣ ਵਾਲੀਆਂ ਕੰਪਨੀਆਂ ਦੇ ਮਾਲਕਾਂ ਦੇ ਕਾਲੇ ਧੰਨ ਦੀ ਜਾਂਚ ਕੀਤੀ ਜਾਵੇ ਜੋ ਗਰੀਬਾਂ ਨੂੰ ਕਰਜ਼ਾ ਦੇਣ ਲਈ ਵੰਡਿਆ ਜਾ ਰਿਹਾ ਹੈ। ਆਗੂਆਂ ਕਿਹਾ ਕਿ ਇਹ ਲਹਿਰ ਸਾਰੇ ਜਿਲੇ ਵਿੱਚ ਫੈਲਾਈ ਜਾਵੇਗੀ ਅਤੇ 21 ਨਵੰਬਰ ਨੂੰ ਜ਼ਿਲ੍ਹਾ ਪੱਧਰੀ ਰੈਲੀ ਕੀਤੀ ਜਾਵੇਗੀ।ਇਸ ਸਮੇਂ ਮਿੰਦੋ, ਸੁਖਵਿੰਦਰ ਹਜ਼ਾਰਾਂ, ਪ੍ਰੀਤੀ ਕੋਟਲਾ ਸ਼ਾਹੀਆਂ, ਰਣਜੀਤ ਕੌਰ ਅਤੇ ਰਾਜ ਬੀਰ ਜੌਹਲ ਕਲਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।