ਪੰਜਾਬੀ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਦੀ ਮੌਤ ਤੇ ਸ਼ੋਕ ਦੀ ਲਹਿਰ-ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ)

ਗੁਰਦਾਸਪੁਰ

ਗੁਰਦਾਸਪੁਰ, 16 ਸਤੰਬਰ (ਸਰਬਜੀਤ ਸਿੰਘ)– ਯੂਨੀਵਰਸਟੀ ਦੀ ਇੱਕ ਵਿਦਿਆਰਥਣ ਦੀ ਮੌਤ ਬੇਹੱਦ ਦੁੱਖਦਾਈ ਹੈ। ਭਰ ਜਵਾਨੀ ‘ਚ ਵਿੱਛੜੀ ਧੀ ਦੇ ਮਾਪਿਆਂ ਤੇ ਉਸਦੇ ਸਹਿਪਾਠੀਆਂ ਨਾਲ ਅਸੀਂ ਆਪਣੀ ਜਥੇਬੰਦੀ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਾਂ।

ਕੁਝ ਹਿੱਸਿਆਂ ਵੱਲੋਂ ਲੜਕੀ ਦੀ ਮੌਤ ਦੇ ਦੋਸ਼ ਇੱਕ ਅਧਿਆਪਕ ਸਿਰ ਧਰੇ ਜਾ ਰਹੇ ਹਨ। ਅਜਿਹੇ ਦੋਸ਼ਾਂ ਤਹਿਤ ਅਸੀਂ ਪ੍ਰੋਫੈਸਰ ਸਰਜੀਤ ਦੀ ਕੁੱਟ ਮਾਰ ਕਰਨ ਦੀ ਗੈਰ ਜਮਹੂਰੀ, ਹਿੰਸਕ ਤੇ ਹੁੱਲੜਬਾਜ਼ ਕਾਰਵਾਈ ਦੀ ਨਿੰਦਾ ਕਰਦੇ ਹਾਂ। ਘਟਨਾ ਦੀ ਪੜਤਾਲ ਤੇ ਕਿਸੇ ਦੇ ਦੋਸ਼ੀ ਹੋਣ ਜਾਂ ਨਾ ਹੋਣ ਦੇ ਮਸਲੇ ਨਿਤਾਰਾ ਮੰਗਦੇ ਮਸਲੇ ਹਨ, ਨਿਤਾਰਾ ਹੋਣਾ ਚਾਹੀਦਾ ਹੈ। ਲੜਕੀ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰਨੀ ਤੇ ਉਹਦੇ ਲਈ ਦੋਸ਼ੀ ਬਣਦੀਆਂ ਸਥਿਤੀਆਂ ਜਾਂ ਵਿਅਕਤੀਆਂ ਨੂੰ ਟਿੱਕਣਾ ਅਤੇ ਇਨਸਾਫ ਦੀ ਮੰਗ ਕਰਨੀ ਵਿਦਿਆਰਥੀਆਂ ਅਤੇ ਮਾਪਿਆਂ ਦਾ ਜਮਹੂਰੀ ਹੱਕ ਹੈ। ਇਹ ਹੱਕ ਹਰ ਹਾਲ ਬੁਲੰਦ ਰਹਿਣਾ ਚਾਹੀਦਾ ਹੈ। ਪਰ ਦੋਸ਼ ਤੈਅ ਕਰਨ ਤੇ ਨਾਲ ਹੀ ਸਜ਼ਾ ਦੇਣ ਦਾ ਇਹ ਤਰੀਕਾ ਇਨਸਾਫ਼ ਦੇ ਤਕਾਜ਼ੇ ਦੀ ਮੁੱਢੋਂ ਹੀ ਉਲੰਘਣਾ ਬਣਦਾ ਹੈ। ਪ੍ਰੋਫ਼ੈਸਰ ‘ਤੇ ਦੋਸ਼ ਧਰਨ ਦਾ ਹੱਕ ਕਿਸੇ ਨੂੰ ਵੀ ਹੈ ਪਰ ਉਹ ਦੋਸ਼ ਸਾਬਤ ਕਰਨ ਤੋਂ ਬਿਨਾਂ ਤੇ ਬਣਦੀ ਸਜ਼ਾ ਦੇਣ ਦੀ ਪ੍ਰਕ੍ਰਿਆ ਨੂੰ ਉਲੰਘ ਕੇ ਇਉਂ ਵਿਅਕਤੀ ਨੂੰ ਜਿਸਮਾਨੀ ਨੁਕਸਾਨ ਪਹੁੰਚਾਉਣਾ ਕਿਸੇ ਵੀ ਜਮਹੂਰੀ ਸਮਾਜ ਦੀ ਧਾਰਨਾ ਵਿੱਚ ਫਿੱਟ ਨਹੀਂ ਆ ਸਕਦਾ। ਅਫਸੋਸਨਾਕ ਪਹਿਲੂ ਇਹ ਵੀ ਹੈ ਕਿ ਪ੍ਰੋਫੈਸਰ ਵਿਦਿਆਰਥੀਆਂ ਕੋਲ ਬੈਠ ਕੇ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਵੀ ਕਰ ਰਿਹਾ ਸੀ ਪਰ ਕੁਝ ਭੜਕਾਊ ਸ਼ਰਾਰਤੀ ਅਨਸਰਾਂ ਵੱਲੋਂ ਉਸ ਨੂੰ ਸਰੀਰਕ ਤੌਰ ‘ਤੇ ਨਿਸ਼ਾਨਾ ਬਣਾਇਆ ਗਿਆ। ਇਨਸਾਫ ਦੀ ਪ੍ਰਕਿਰਿਆ ਚੋਂ ਲੰਘਣ ਦਾ ਹੱਕ ਅਧਿਆਪਕ ਨੂੰ ਵੀ ਹੈ ਚਾਹੇ ਉਹ ਕਿਸੇ ਦੀਆਂ ਨਜ਼ਰਾਂ ‘ਚ ਦੋਸ਼ੀ ਵੀ ਹੋਵੇ। ਪੰਜਾਬ ਦੇ ਵਿਦਿਆਰਥੀਆਂ ਦੀਆਂ ਹੱਕਾਂ ਲਈ ਸੰਘਰਸ਼ ਦੀਆਂ ਅਜਿਹੀਆਂ ਰਵਾਇਤਾਂ ਨਹੀਂ ਹਨ।

ਸ਼ਰਾਰਤੀ ਅਨਸਰਾਂ ਵੱਲੋਂ ਅਧਿਆਪਕ ਸੁਰਜੀਤ ਦੀ ਕੁੱਟਮਾਰ ਦੀ ਘਟਨਾ ਅਤੇ ਸੋਸ਼ਲ ਮੀਡੀਆ ‘ਤੇ ਚਲਾਈ ਜਾ ਰਹੀ ਭੜਕਾਊ ਮੁਹਿੰਮ, ਜਿਹੜੀ ਅਧਿਆਪਕ ਨੂੰ ਕਾਮਰੇਡ ਕਰਾਰ ਦੇ ਕੇ ਹਮਲੇ ਹੇਠ ਲਿਆ ਰਹੀ ਹੈ, ਇਹ ਇਕੋ ਵਰਤਾਰਾ ਹੈ। ਆਪੋ ਵਿੱਚ ਜੁੜਿਆ ਹੋਇਆ ਹੈ। ਪੰਜਾਬ ਅੰਦਰ ਕਿਸੇ ਵੀ ਇਨਸਾਫ਼ ਪਸੰਦ, ਜਮਹੂਰੀ ਤੇ ਅਗਾਂਹ ਵਧੂ ਵਿਅਕਤੀ ਨੂੰ ਕਾਮਰੇਡ ਕਰਾਰ ਦੇ ਕੇ ਉਸ ਖਿਲਾਫ ਜ਼ੋਰਦਾਰ ਭੰਡੀ ਪ੍ਰਚਾਰ ਦੀ ਮੁਹਿੰਮ ਚਲਾਉਣ ਦਾ ਰੁਝਾਨ ਚੱਲ ਰਿਹਾ ਹੈ। ਇਸ ਮਸਲੇ ਵਿਚ ਵੀ ਇਹ ਰੁਝਾਨ ਪੂਰੇ ਜ਼ੋਰ ਸ਼ੋਰ ਨਾਲ ਸੋਸ਼ਲ ਮੀਡੀਆ ‘ਤੇ ਪ੍ਰਗਟ ਹੋਇਆ ਹੈ। ਹਰ ਜਮਹੂਰੀ ਸੋਚ ਵਾਲੇ ਵਿਅਕਤੀ ਨੂੰ ਇਸ ਰੁਝਾਨ ਨੂੰ ਰੱਦ ਕਰਨਾ ਚਾਹੀਦਾ ਹੈ ਤੇ ਇਸਦੇ ਖਿਲਾਫ਼ ਖੜ੍ਹਨਾ ਚਾਹੀਦਾ ਹੈ।
ਸਭਨਾਂ ਜਮਹੂਰੀ ਲੋਕਾਂ ਨੂੰ ਮਸਲੇ ਦੀ ਨਿਰਪੱਖ ਪੜਤਾਲ ਅਤੇ ਉਸ ਅਨੁਸਾਰ ਬਣਦੀ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਹੈ। ਅਸੀਂ ਵੀ ਇਹੋ ਮੰਗ ਕਰਦੇ ਹਾਂ। ਅਸੀਂ ਯਤਨਸ਼ੀਲ ਹਾਂ ਕਿ ਅਸੀਂ ਖੁਦ ਵੀ ਇਸ ਮਸਲੇ ਦੇ ਵੱਖ-ਵੱਖ ਪਹਿਲੂਆਂ ਨੂੰ ਪੜਤਾਲ ਕੇ ਪੂਰੀ ਸੱਚਾਈ ਤੱਕ ਪਹੁੰਚ ਸਕੀਏ।

Leave a Reply

Your email address will not be published. Required fields are marked *