ਗੁਰਦਾਸਪੁਰ, 19 ਅਗਸਤ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਦੀ ਆਗੂ ਟੀਮ ,ਜਿਸ ਵਿਚ ਸੁਖਦੇਵ ਸਿੰਘ ਭਾਗੋਕਾਵਾਂ, ਬਲਬੀਰ ਸਿੰਘ ਉਚਾਧਕਾਲਾ, ਕੁਲਦੀਪ ਰਾਜੂ, ਪਲਵਿੰਦਰ ਸਿੰਘ ਬਿਲਾ ਅਤੇ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਸ਼ਾਮਲ ਸਨ , ਨੇ ਹੜ ਪ੍ਰਭਾਵਿਤ ਪੁਰਾਣਾ ਸ਼ਾਲਾ ਅਤੇ ਹੋਰ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਦਾ ਹਾਲ ਜਾਨਣ ਦੀ ਕੋਸ਼ਿਸ਼ ਕੀਤੀ। ਪ੍ਰਭਾਵਿਤ ਲੋਕਾਂ ਦਾ ਕਹਿਣਾ ਸੀ ਕਿ ਹੱੜਾ ਲਈ ਕੁਦਰਤੀ ਕਰੋਪੀ ਤੋਂ ਵਧੇਰੇ ਸਾਡੀਆਂ ਸਰਕਾਰਾਂ ਦੋਸ਼ੀ ਹਨ ਜਿਨ੍ਹਾਂ ਨੇ ਬਾਰਸ਼ਾਂ ਦੇ ਮੌਸਮ ਤੋਂ ਪਹਿਲਾਂ ਕਦੇ ਵੀ ਹੜ ਰੋਕਣ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਜਿਸ ਧੁਸੀ ਬੰਨ ਵਿਚ ਵੱਡੇ ਵੱਡੇ ਪਾੜ ਪੈਣ ਕਾਰਣ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੋਈ ਹੈ ਅਤੇ ਲੋਕਾਂ ਦਾ ਘਰੇਲੂ ਨੁਕਸਾਨ ਅਤੇ ਉਨ੍ਹਾਂ ਨੂੰ ਬੇਘਰੇ ਹੋਣਾ ਪਿਆ ਹੈ ਉਸ ਧੁਸੀ ਬੰਨ ਨੂੰ ਕਿਸੇ ਵੀ ਸਰਕਾਰ ਨੇ ਕਦੇ ਰਿਪੇਅਰ ਨਹੀਂ ਕੀਤਾ ਬਲਕਿ ਨੁਕਸਾਨ ਹੋਣ ਤੋਂ ਬਾਅਦ ਪਾੜ ਬੰਦ ਕਰਨ ਦੀਆਂ ਡੀਂਗਾਂ ਮਾਰੀਆਂ ਜਾਂਦੀਆਂ ਹਨ। ਬੱਖਤਪੁਰਾ ਨੇ ਕਿਹਾ ਕਿ ਤੀਸਰੀ ਵਾਰ ਹੜ ਆ ਚੁੱਕਾ ਹੈ ਪਰ ਲੋਕਾਂ ਦੀਆਂ ਫਸਲਾਂ, ਮਕਾਨਾਂ, ਪਸ਼ੂਆਂ ਅਤੇ ਹੋਰ ਜਾਂਨੀ ਮਾਲੀ ਹੋਏ ਨੁਕਸਾਨ ਦੀਆਂ ਅਜੇ ਤੱਕ ਨਾਂ ਗਿਰਦਾਵਰੀਆ ਦਾ ਅਮਲ ਸ਼ੁਰੂ ਹੋਇਆ ਹੈ ਅਤੇ ਨਾ ਕਿਸੇ ਨੂੰ ਕੋਈ ਮੁਆਵਜ਼ਾ ਦਿੱਤਾ ਗਿਆ ਹੈ ਬਲਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਸ ਦੇ ਮੰਤਰੀ ਹੜ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਕਰਨ ਦੀ ਫੋਕੀ ਰਾਜਨੀਤੀ ਕਰ ਰਹੇ ਹਨ। ਲਿਬਰੇਸ਼ਨ ਆਗੂਆਂ ਕਿਹਾ ਕਿ ਸਰਕਾਰ ਫੋਕੀ ਸ਼ੋਹਰਤ ਹਾਸਲ ਕਰਨ ਦੀ ਬਜਾਏ ਲੋਕਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦਾ ਪ੍ਰਬੰਧ ਕਰੇ ਅਤੇ ਸਭ ਦਰਿਆਵਾਂ ਦੇ ਬੰਨਾ ਦੀ ਮੁਰੰਮਤ ਕਰਨ ਦਾ ਬੀੜਾ ਚੁਕੇ।


