ਆਗੂਆਂ ਨੇ ਪੁਲਸ ਨੂੰ ਦਿਵਾਈ ਸ਼ਿਕਾਇਤ ਤੇ ਕੱਲ ਨੂੰ ਬਰੇਟਾ ਵਿਖੇ ਬੁਲਾਈ ਮੀਟਿੰਗ
ਮਾਨਸਾ, ਗੁਰਦਾਸਪੁਰ, 19 ਅਗਸਤ (ਸਰਬਜੀਤ ਸਿੰਘ)– ਅੱਜ ਇਥੇ ਆਰ ਐੱਸ ਜੀ ਫਾਊਂਡੇਸ਼ਨ ਨਾਮਕ ਕੰਪਨੀ ਦੀ ਧੋਖਾਧੜੀ ਦਾ ਸ਼ਿਕਾਰ ਹੋਈਆਂ ਮਾਨਸਾ ਤੇ ਹਰਿਆਣਾ ਦੇ ਗੁਆਂਢੀ ਜ਼ਿਲਿਆਂ ਦੀਆਂ ਦਰਜਨਾਂ ਲੜਕੀਆਂ ਨੇ ਨਸ਼ਾ ਵਿਰੋਧੀ ਧਰਨੇ ‘ਤੇ ਪਹੁੰਚ ਕੇ ਅਪਣੀ ਵਿਥਿਆ ਸਾਂਝੀ ਕੀਤੀ ਅਤੇ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਨਸਾਫ ਹਾਸਲ ਕਰਨ ਲਈ ਉਨਾਂ ਦੀ ਅਗਵਾਈ ਤੇ ਸਹਾਇਤਾ ਕੀਤੀ ਜਾਵੇ। ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਸੀਨੀਅਰ ਆਗੂ ਅਤੇ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਇੰਦਰਜੀਤ ਸਿੰਘ ਮੁਨਸ਼ੀ ਅਤੇ ਸੁਖਦਰਸ਼ਨ ਸਿੰਘ ਨੱਤ ਨੇ ਇੰਨਾਂ ਪੀੜਤ ਲੜਕੀਆਂ ਨੂੰ ਐਸਪੀ (ਐਚ) ਮਾਨਸਾ ਦੇ ਪੇਸ਼ ਕਰਕੇ ਉਨਾਂ ਦੀ ਸ਼ਿਕਾਇਤ ਸੌਪੀ। ਐਸਪੀ (ਐਚ) ਨੇ ਜਲਦੀ ਪੜਤਾਲ ਕਰਵਾ ਕੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਦਾ ਭਰੋਸਾ ਦਿਵਾਇਆ।
ਇੰਨਾਂ ਲੜਕੀਆਂ ਨੇ ਧਰਨਾਕਾਰੀਆਂ ਨੂੰ ਦਸਿਆ ਕਿ ਸਿਮੀ ਕੌਰ ਜ਼ੋ ਇਸ ਕੰਪਨੀ ਦੀ ਬਰੇਟਾ ਦਫ਼ਤਰ ਦੀ ਮੈਨੇਜਰ ਹੈ, ਪਿੰਡਾਂ ਵਿਚ ਅਨਾਊਂਸਮੈਂਟ ਕਰਵਾ ਕੇ ਲੜਕੀਆਂ ਨੂੰ ਬਿਊਟੀ ਪਾਰਲਰ ਦਾ ਕੋਰਸ ਕਰਵਾਉਣ ਲਈ ਦੋ ਹਜ਼ਾਰ ਰੁਪਏ ਫੀਸ ਭਰਨ ਲਈ ਪ੍ਰੇਰਦੀ ਸੀ, ਕਿਹਾ ਜਾਂਦਾ ਸੀ ਕਿ ਕੋਰਸ ਪੂਰਾ ਹੋਣ ਤੋਂ ਬਾਦ ਉਨਾਂ ਨੂੰ ਵਿਦੇਸ਼ ਭੇਜਣ ਦਿੱਤਾ ਜਾਵੇਗਾ। ਏਜੰਟ ਬਣਾਉਣ ਲਈ ਇਹ ਵੀ ਲਾਲਚ ਦਿੱਤਾ ਜਾਂਦਾ ਸੀ ਕਿ ਜ਼ੋ ਵੀ ਲੜਕੀ ਵੀਹ ਕੁੜੀਆਂ ਦੇ ਗਰੁਪ ਦੀ ਫੀਸ ਜਮ੍ਹਾਂ ਕਰਾਵੇਗੀ, ਉਸ ਨੂੰ ਕੰਪਨੀ ਵਲੋਂ ਗਿਫਟ ਵਿਚ ਇਕ ਐਕਟਿਵਾ ਦਿੱਤੀ ਜਾਵੇਗੀ। ਇੰਨਾਂ ਗਰੁਪ ਲੀਡਰ ਕੁੜੀਆਂ ਤੋਂ ਉਨਾਂ ਦੇ ਸਾਰੇ ਡਾਕੂਮੈਂਟ – ਅਧਾਰ ਕਾਰਡ, ਪੈਨ ਕਾਰਡ, ਬਿਜਲੀ ਬਿੱਲ ਅਤੇ ਬੈਂਕ ਖਾਤੇ ਦੀ ਚੈਕ ਬੁੱਕ ਆਦਿ ਜਮ੍ਹਾਂ ਕਰਵਾ ਲਏ ਜਾਂਦੇ ਸਨ। ਮਾਨਸਾ ਤੇ ਆਸ ਪਾਸ ਦੇ ਇਲਾਕੇ ਵਿਚ ਕਰੀਬ 350 ਐਕਟਿਵਾ ਦਿਤੀਆਂ ਗਈਆਂ, ਜਿਸ ਤੋਂ ਜ਼ਾਹਰ ਹੈ ਕਿ ਕਰੀਬ ਛੇ ਤੋਂ ਸੱਤ ਹਜ਼ਾਰ ਲੜਕੀਆਂ ਦਾ ਔਰਤਾਂ ਨੂੰ ਇਸ ਧੋਖਾ ਧੜੀ ਦੇ ਜਾਲ ਵਿਚ ਫਸਾਇਆ ਜਾ ਚੁੱਕਾ ਹੈ। ਇਸ ਕੰਪਨੀ ਦਾ ਮਾਲਕ ਰਾਜਵਿੰਦਰ ਸਿੰਘ ਪੁੱਤਰ ਰੂਪ ਸਿੰਘ ਅਤੇ ਉਸ ਦੀ ਪਤਨੀ ਬੱਗੀ ਕੌਰ ਉਰਫ ਸੰਦੀਪ ਕੌਰ ਹਨ। ਲੜਕੀਆਂ ਤੋਂ ਪੈਸਾ ਉਹ ਨਕਦ ਜਾਂ ਗੂਗਲ ਪਲੇ ਰਾਹੀਂ ਜਮ੍ਹਾਂ ਕਰਵਾਉਦੇ ਹਨ, ਜ਼ੋ ਉਨਾਂ ਦੇ ਪੁੱਤਰ ਲਵਮੀਤ ਸਿੰਘ ਦੇ ਨਾਂ ‘ਤੇ ਚੱਲਦੇ ਫੋਨ ਰਾਹੀਂ ਵਸੂਲੇ ਜਾਂਦੇ ਸਨ। ਇਹ ਵੀ ਜਾਣਕਾਰੀ ਮਿਲੀ ਕਿ ਇਹ ਟੱਬਰ ਪਹਿਲਾਂ ਏ-ਵਨ ਫਾਰਮਿੰਗ ਇੰਡੀਆ ਲਿਮਟਿਡ ਅਤੇ ਟਰੁੱਥ ਵੇ ਐਗਰੋ ਇੰਡੀਆ ਲਿਮਟਿਡ ਦੇ ਨਾਂ ਉਤੇ ਵੀ ਪੰਜ ਸਾਲ ‘ਚ ਪੈਸੇ ਦੁਗਣੇ ਕਰਨ ਦਾ ਲਾਲਚ ਦੇ ਕੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਚੁੱਕੇ ਹਨ ਅਤੇ ਬਠਿੰਡਾ ਵਿਖੇ ਦਰਜ ਪੁਲਸ ਕੇਸ ਵਿਚ ਰਾਜਵਿੰਦਰ ਸਿੰਘ, ਉਸ ਦੀ ਪਤਨੀ ਬੱਗੀ ਕੌਰ ਅਤੇ ਰਾਜਵਿੰਦਰ ਦਾ ਭਰਾ ਰਿੰਕੂ ਜੁਲਾਈ 2019 ਵਿਚ ਜੇਲ ਵਿਚ ਬੰਦ ਰਹਿ ਚੁੱਕੇ ਹਨ। ਪੀੜਤ ਲੜਕੀਆਂ ਨੇ ਦੋਸ਼ ਲਾਇਆ ਕਿ ਗਿਫਟ ਕਹਿ ਕੇ ਜ਼ੋ ਐਕਟਿਵਾ ਸਾਨੂੰ ਦਿੱਤੇ ਸਨ, ਉਨਾਂ ਦੀ ਇਕ ਜਾਂ ਹੱਦ ਦੋ ਕਿਸ਼ਤਾਂ ਕੰਪਨੀ ਨੇ ਸਾਡੇ ਜਮ੍ਹਾਂ ਕਰਵਾਏ ਪੈਸਿਆਂ ਵਿਚੋਂ ਭਰ ਦਿੱਤੀਆਂ, ਪਰ ਹੁਣ ਸਾਨੂੰ ਸਭਨਾਂ ਨੂੰ ਸਬੰਧਤ ਬੈਂਕਾਂ ਵਲੋਂ ਕਿਸ਼ਤਾਂ ਭਰਨ ਲਈ ਨੋਟਿਸ ਆ ਰਹੇ ਹਨ ਜਾਂ ਉਹ ਵ੍ਹੀਕਲ ਖੋਹ ਲੈਣ ਦੀ ਚੇਤਾਵਨੀ ਦੇ ਰਹੇ ਹਨ। ਐਨਾ ਹੀ ਨਹੀਂ ਇਸ ਅਖੌਤੀ ਕੰਪਨੀ ਦੇ ਮਾਲਕ ਨੇ ਸਾਨੂੰ ਅਪਣੇ ਨਾਲ ਸਬੰਧ ਬਣਾਉਣ ਅਤੇ ਦੇਹ ਵਪਾਰ ਦੇ ਧੰਦੇ ਵਿਚ ਧੱਕਣ ਲਈ ਵੀ ਹਰ ਹਰਬਾ ਵਰਤਿਆ। ਅਸੀਂ ਬਰੇਟਾ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਉਣ ਲਈ ਪਹੁੰਚ ਕੀਤੀ, ਪਰ ਮਾਲਕਾਂ ਨੂੰ ਬੁਲਾਉਣ ਤੇ ਉਨਾਂ ਨਾਲ ਗੱਲਬਾਤ ਕਰਨ ਪਿੱਛੋਂ ਥਾਣੇਦਾਰ ਨੇ ਉਲਟਾ ਸਾਨੂੰ ਹੀ ਯਰਕਾਉਣਾ ਤੇ ਧਮਕਾਉਣਾ ਸ਼ੁਰੂ ਕਰ ਦਿੱਤਾ।
ਲਿਬਰੇਸ਼ਨ ਆਗੂਆਂ ਦੀ ਸਲਾਹ ਨਾਲ ਇੰਨਾਂ ਪੀੜਤ ਲੜਕੀਆਂ ਨੇ ਇਨਸਾਫ ਲਈ ਸੰਘਰਸ਼ ਨੂੰ ਅੱਗੇ ਵਧਾਉਣ ਲਈ ਕੱਲ ਦਸ ਵਜੇ ਬਰੇਟਾ ਵਿਖੇ ਇਕ ਵੱਡੀ ਮੀਟਿੰਗ ਬੁਲਾ ਲਈ ਹੈ।
ਅੱਜ ਧਰਨੇ ਨੂੰ ਉਕਤ ਆਗੂਆਂ ਤੋਂ ਇਲਾਵਾ ਗੁਰਸੇਵਕ ਸਿੰਘ ਜਵਾਹਰਕੇ, ਛੱਜੂ ਰਾਮ ਰਿਸ਼ੀ, ਮੇਜਰ ਸਿੰਘ ਦੁਲੋਵਾਲ, ਹਰਮੀਤ ਸਿੰਘ, ਗੁਰਮੀਤ ਸਿੰਘ, ਕੇਵਲ ਸਿੰਘ ਅਕਲੀਆ, ਦਰਸ਼ਨ ਸਿੰਘ ਕੋਟ ਫੱਤਾ, ਜਗਦੇਵ ਸਿੰਘ ਭੁਪਾਲ, ਰਾਜ ਸਿੰਘ ਅਕਲੀਆ ਅਤੇ ਗੁਰਦੇਵ ਸਿੰਘ ਦਲੇਲ ਸਿੰਘ ਵਾਲਾ ਨੇ ਸੰਬੋਧਨ ਕੀਤਾ।