ਪ੍ਰਗਤੀਸ਼ੀਲ ਇਸਤਰੀ ਸਭਾ ਨੇ ਮਨਾਇਆ ਕੌਮਾਂਤਰੀ ਇਸਤਰੀ ਦਿਵਸ

ਬਠਿੰਡਾ-ਮਾਨਸਾ

ਝੂਠੇ ਵਾਅਦਿਆਂ ਦੀ ਬਜਾਏ ਸਰਕਾਰਾਂ ਔਰਤਾਂ ਦੇ ਸਨਮਾਨ, ਸੁਰਖਿਆ ਅਤੇ ਆਰਥਿਕ ਸਵੈ ਨਿਰਭਰਤਾ ਦੀ ਗਾਰੰਟੀ ਕਰਨ – ਏਪਵਾ

ਮਾਨਸਾ, ਗੁਰਦਾਸਪੁਰ, 9 ਮਾਰਚ (ਸਰਬਜੀਤ ਸਿੰਘ)– ਕੁੱਲ ਹਿੰਦ ਪ੍ਰਗਤੀਸ਼ੀਲ ਇਸਤਰੀ ਸਭਾ ਵਲੋਂ ਨੇੜਲੇ ਪਿੰਡ ਖਿਆਲਾ ਵਿਖੇ ਆਲਮੀ ਔਰਤ ਦਿਹਾੜਾ ਅੱਜ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਇਸਤਰੀ ਆਗੂਆਂ ਨੇ ਜ਼ੋਰ ਦਿੱਤਾ ਕਿ ਝੂਠੇ ਵਾਅਦੇ ਕਰਨ ਦੀ ਬਜਾਏ, ਸਰਕਾਰਾਂ ਔਰਤਾਂ ਦੇ ਸਨਮਾਨ, ਸੁਰਖਿਆ ਅਤੇ ਆਰਥਿਕ ਸਵੈ ਨਿਰਭਰਤਾ ਦੀ ਗਾਰੰਟੀ ਕਰਨ ਲਈ ਠੋਸ ਕੰਮ ਕਰਨ।
ਇਸ ਮੌਕੇ ਹੋਏ ਸਮਾਗਮ ਨੂੰ ਏਪਵਾ ਦੀ ਕੌਮੀ ਕਾਰਜਕਾਰੀ ਕਮੇਟੀ ਦੀ ਮੈਂਬਰ ਕਾਮਰੇਡ ਜਸਬੀਰ ਕੌਰ ਨੱਤ, ਜਥੇਬੰਦੀ ਦੀ ਕੌਮੀ ਕੌਂਸਲ ਦੀ ਮੈਂਬਰ ਤੇ ਜ਼ਿਲਾ ਪ੍ਰਧਾਨ ਕਾਮਰੇਡ ਬਲਵਿੰਦਰ ਕੌਰ ਬੈਰਾਗੀ, ਅਧਿਆਪਕਾ ਹਰਜੀਤ ਕੌਰ ਮਾਨਸਾ, ਮਨਜੀਤ ਕੌਰ ਸੱਦਾ ਸਿੰਘ ਵਾਲਾ, ਅਮਰਜੀਤ ਕੌਰ, ਗੁਰਮੇਲ ਕੌਰ , ਅਮਰਦੀਪ ਕੌਰ ਖਿਆਲਾ ਅਤੇ ਕਾਮਰੇਡ ਹਾਕਮ ਸਿੰਘ ਖਿਆਲਾ ਨੇ ਸੰਬੋਧਨ ਕੀਤਾ।


ਇਸ ਮੌਕੇ ਜੁੜੀਆਂ ਔਰਤਾਂ ਨੂੰ ਕੌਮਾਂਤਰੀ ਇਸਤਰੀ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਜਸਬੀਰ ਕੌਰ ਨੱਤ ਨੇ ਬੀਜੇਪੀ ਨੂੰ ਇਕ ਘੋਰ ਔਰਤ ਵਿਰੋਧੀ ਪਾਰਟੀ ਕਰਾਰ ਦਿੱਤਾ। ਉਨਾਂ ਕਿਹਾ ਕਿ ਸੰਸਦੀ ਚੋਣਾਂ ਸਿਰ ‘ਤੇ ਆਉਣ ਕਾਰਨ ਮੋਦੀ ਜੀ ਪਿਛਲੇ ਸਾਰੇ ਵਾਅਦੇ ਭੁੱਲ ਕੇ ਹੁਣ ਨਵੀਆਂ ਗਾਰੰਟੀਆਂ ਦਾ ਦਿਨ ਰਾਤ ਪ੍ਰਚਾਰ ਕਰ ਰਹੇ ਨੇ। ਉਨਾਂ ਨੂੰ ਔਰਤਾਂ ਵੀ ਮੁੜ ਚੇਤੇ ਆ ਗਈਆਂ ਹਨ। ਉਹ ਬੀਜੇਪੀ ਨੇਤਾਵਾਂ ਦੇ ਕਠੂਆ ਕਾਂਡ, ਉਨਾਂਵ ਕਾਂਡ, ਬ੍ਰਿਜ ਭੂਸ਼ਨ ਸਿੰਘ ਕਾਂਡ, ਅਲਾਹਬਾਦ ਕਾਂਡ ਵਰਗੇ ਘਿਨਾਉਣੇ ਕਾਂਡਾਂ ਉਤੇ ਮਿੱਟੀ ਨਾ ਕੇ ਸਿਰਫ ਵਿਰੋਧੀ ਧਿਰ ਦੀਆਂ ਸਰਕਾਰਾਂ ਵਾਲੇ ਸੂਬਿਆਂ ਵਿਚ ਔਰਤਾਂ ਉਤੇ ਹੁੰਦੇ ਅਤਿਆਚਾਰਾਂ ਬਾਰੇ ਚਰਚਾ ਕਰ ਰਹੇ ਹਨ। ਜਿਸ ਪ੍ਰਧਾਨ ਮੰਤਰੀ ਨੇ ਮਨੀਪੁਰ ਵਿਚ ਔਰਤਾਂ ਉਤੇ ਹੋਏ ਬੇਹੱਦ ਘਿਨਾਉਣੇ ਜ਼ੁਲਮਾਂ ਬਾਰੇ ਹੁਣ ਤੱਕ ਇਕ ਸ਼ਬਦ ਨਹੀਂ ਕਿਹਾ, ਉਹ ਹੁਣ ਝਾਰਖੰਡ ਤੇ ਬੰਗਾਲ ਵਿਚ ਔਰਤਾਂ ਉਤੇ ਹੋਏ ਜਬਰ ਬਾਰੇ ਬੜੀ ਚਿੰਤਾ ਪ੍ਰਗਟ ਕਰ ਰਿਹਾ ਹੈ। ਪਰ ਦੇਸ਼ ਦੀਆਂ ਔਰਤਾਂ ਹੁਣ ਔਰਤਾਂ, ਦਲਿਤਾਂ ਅਤੇ ਘੱਟਗਿਣਤੀਆਂ ਦੀ ਘੋਰ ਦੁਸ਼ਮਣ ਇਸ ਮਨੂੰਵਾਦੀ ਪਾਰਟੀ ਨੂੰ ਮੂੰਹ ਨਹੀਂ ਲਾਉਣਗੀਆਂ। ਬਲਵਿੰਦਰ ਕੌਰ ਬੈਰਾਗੀ ਨੇ ਭਗਵੰਤ ਮਾਨ ਸਰਕਾਰ ਵਲੋਂ ਵੋਟਾਂ ਵੇਲੇ ਔਰਤਾਂ ਨਾਲ ਕੀਤੇ ਹਰ ਮਹੀਨੇ ਇਕ ਹਜ਼ਾਰ ਰੁਪਏ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਤਾਜ਼ਾ ਬਜੱਟ ਵਿਚ ਕੋਈ ਪੈਸਾ ਨਾ ਰੱਖਣ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਇਹ ਚੁਟਕਲੇ ਬਾਜ਼ ਨੇਤਾ ਵੋਟਾਂ ਲੈਣ ਲਈ ਛੇਤੀ ਹੀ ਮੁੜ ਜਨਤਾ ਵਿਚ ਆਵੇਗਾ, ਤਾਂ ਇਸ ਤੋਂ ਔਰਤਾਂ ਵਿਚ ਤੋਂ ਅਪਣੇ ਪੈਸਿਆਂ ਦਾ ਹਿਸਾਬ ਜ਼ਰੂਰ ਮੰਗਣਗੀਆਂ। ਹਰਜੀਤ ਕੌਰ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਬਾਬਿਆਂ ਦੇ ਡੇਰਿਆਂ ‘ਤੇ ਚੱਕਰ ਕੱਢਣ ਦੀ ਬਜਾਏ ਜਥੇਬੰਦ ਹੋਣ, ਕਿਉਂਕਿ ਉਨਾਂ ਦੀ ਕਿਸਮਤ ਬਾਬੇ ਨਹੀਂ, ਸੰਘਰਸ਼ ਹੀ ਬਦਲ ਸਕਦਾ ਹੈ। ਬੁਲਾਰਿਆਂ ਨੇ ਨੌਜਵਾਨਾਂ ਦੀਆਂ ਜਾਨਾਂ ਲੈ ਰਹੇ ਮਾਰੂ ਨਸ਼ਿਆਂ ਦਾ ਕਾਲਾ ਕਾਰੋਬਾਰ ਬੰਦ ਕਰਨ, ਉਨਾਂ ਲਈ ਪੱਕੇ ਰੁਜ਼ਗਾਰ ਦੀ ਗਾਰੰਟੀ ਕਰਨ, ਮਨਰੇਗਾ ਤਹਿਤ ਪੇਂਡੂ ਗਰੀਬਾਂ ਮਜ਼ਦੂਰਾਂ ਨੂੰ 200 ਦਿਨ ਕੰਮ ਦੇਣ ਅਤੇ ਦਿਹਾੜੀ 700 ਰੁਪਏ ਕਰਨ ਅਤੇ ਬੁਢਾਪਾ ਤੇ ਵਿਧਵਾ ਪੈਨਸ਼ਨ ਵਧਾ ਕੇ ਦਸ ਹਜ਼ਾਰ ਰੁਪਏ ਕਰਨ ਦੀ ਵੀ ਮੰਗ ਕੀਤੀ।

Leave a Reply

Your email address will not be published. Required fields are marked *