‘ਖੇਡਾਂ ਵਤਨ ਪੰਜਾਬ ਦੀਆਂ’ ਕਾਰਨ ਨੌਜਵਾਨ ਮੁੜ ਖੇਡ ਮੈਦਾਨਾਂ ਨਾਲ ਜੁੜੇ- ਚੇਅਰਮੈਨ ਜਗਰੂਪ ਸਿੰਘ ਸੇਖਵਾਂ

ਗੁਰਦਾਸਪੁਰ

ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਖਿਡਾਰੀਆਂ ਨੂੰ ਦੇ ਰਹੀ ਵੱਡੀਆਂ ਸਹੂਲਤਾਂ

ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਕਾਲਾ-ਬਾਲਾ ਵਿੱਚ ਕਾਹਨੂੰਵਾਨ ਬਲਾਕ ਦੀਆਂ ਖੇਡਾਂ ਦੀ ਕਰਵਾਈ ਸ਼ੁਰੂਆਤ

ਗੁਰਦਾਸਪੁਰ, 6 ਸਤੰਬਰ (ਸਰਬਜੀਤ ਸਿੰਘ)– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਗ੍ਰਿਫਤ ਵਿੱਚੋਂ ਕੱਢਣ ਦੇ ਮਕਸਦ ਨਾਲ ਸ਼ੁਰੂ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਪਹਿਲੇ ਸੀਜ਼ਨ ਕਾਰਨ ਨੌਜਵਾਨਾਂ ਅੰਦਰ ਆਪਣੀ ਖੇਡ ਪ੍ਰਤਿਭਾ ਉਜਾਗਰ ਕਰਨ ਪ੍ਰਤੀ ਵੱਡੀ ਪੱਧਰ ਤੇ ਦਿਲਚਸਪੀ ਵਧੀ ਹੈ ਜਿਸ ਕਾਰਨ ਅੱਜ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦੇ ਖੇਡ ਮੈਦਾਨਾਂ ਵਿੱਚ ਨੌਜਵਾਨ ਵੱਡੀ ਗਿਣਤੀ ਵਿੱਚ ਖੇਡਾਂ ਨਾਲ ਜੁੜ ਰਹੇ ਹਨ। ਇਹ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਅੱਜ ਪਿੰਡ ਕਾਲਾਬਾਲਾ ਵਿਖੇ ਬਲਾਕ ਕਾਹਨੂੰਵਾਨ ਦੀਆਂ ਖੇਡਾਂ ਸ਼ੁਰੂ ਕਰਵਾਉਣ ਮੌਕੇ ਆਪਣੇ ਸੰਬੋਧਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਖੇਡਾਂ ਨਾਲ ਬੜੀ ਗੂੜੀ ਰੂਚੀ ਰਹੀ ਹੈ ਪ੍ਰੰਤੂ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਨੌਜਵਾਨ ਖੇਡਾਂ ਤੋਂ ਦੂਰ ਹੁੰਦੇ ਜਾ ਰਹੇ ਸਨ। ਜਿਸ ਨੂੰ ਵੇਖਦੇ ਹੋਏ ਸਾਡੀ ਸਰਕਾਰ ਨੇ ਖੇਡਾਂ ਸ਼ੁਰੂ ਕਰਵਾਈਆਂ ਅਤੇ ਅੱਜ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਵਾਸਤੇ ਖਿਡਾਰੀਆਂ ਨੂੰ ਵੱਡੀਆਂ ਸਹੂਲਤਾਂ ਦੇ ਰਹੀ ਹੈ।

ਚੇਅਰਮੈਨ ਸੇਖਵਾਂ ਨੇ ਕਿਹਾ ਕਿ ਮਨੁੱਖੀ ਸਰੀਰ ਲਈ ਖੇਡਾਂ ਬਹੁਤ ਜਰੂਰੀ ਹਨ ਕਿਉਂਕਿ ਖੇਡਾਂ ਨਾਲ ਜਿਥੇ ਖਿਡਾਰੀ ਸਰੀਰਕ ਤੌਰ ਤੇ ਤੰਦਰੁਸਤ ਰਹਿੰਦੇ ਹਨ ਉਥੇ ਹੀ ਮਾਨਸਿਕ ਤੌਰ ਤੇ ਵੀ ਚੁਸਤ ਦਰੁਸਤ ਰਹਿੰਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਖੇਡਾਂ ਨਾਲ ਜਰੂਰ ਜੁੜਨ ਤਾਂ ਜੋ ਸਮਾਜ ਵਿੱਚੋਂ ਲਾਹਣਤਾਂ ਦਾ ਖਾਤਮਾ ਕਰਕੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

ਸੇਖਵਾਂ ਨੇ ਕਿਹਾ ਕਿ ਕਾਹਨੂੰਵਾਨ ਬਲਾਕ ਦੀਆਂ ਅੱਜ ਸ਼ੁਰੂ ਹੋਈਆਂ ਖੇਡਾਂ ਵਿੱਚ 08 ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਅਥਲੈਟਿਕਸ, ਵਾਲੀਬਾਲ (ਸ਼ੂਟਿੰਗ ਤੇ ਸਮੈਸ਼ਿੰਗ), ਰੱਸਾ-ਕੰਸੀ, ਫੁੱਟਬਾਲ, ਕਬੱਡੀ (ਨੈਸ਼ਨਲ ਸਟਾਇਲ ਤੇ ਸਰਕਲ ਸਟਾਇਲ) ਅਤੇ ਖੋਹ-ਖੋਹ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਅੰਦਰ ਇਨ੍ਹਾਂ ਖੇਡਾਂ ਨੁੰ ਲੈ ਕੇ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਵੱਡੀ ਪੱਧਰ ਤੇ ਖਿਡਾਰੀ ਆਪਣੀ ਖੇਡ ਪ੍ਰਤਿਭਾ ਦੇ ਜ਼ੋਹਰ ਵਿਖਾ ਰਹੇ ਹਨ। ਇਸ ਮੌਕੇ ਚੇਅਰਮੈਨ ਸੇਖਵਾਂ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ।      

Leave a Reply

Your email address will not be published. Required fields are marked *