ਜਨਤਾ – ਮੰਤਰ ਵਿਖੇ ਵਿਦਿਆਰਥੀਆਂ ਅਤੇ ਹੋਰਨਾਂ ਅੰਦੋਲਨਕਾਰੀਆਂ ਵੱਲੋਂ ਆਯੋਜਿਤ ਸੰਸਦ ਮਾਰਚ ‘ਤੇ ਬੇਰਹਿਮੀ ਨਾਲ ਕੀਤਾ ਗਿਆ ਲਾਠੀਚਾਰਜ ਮੋਦੀ ਸਰਕਾਰ ਦੇ ਫਾਸ਼ੀਵਾਦੀ ਕਦਮਾਂ ਦੀ ਸਿਖ਼ਰ ਹੈ – ਲਾਭ ਅਕਲੀਆ

ਮਾਲਵਾ

ਬਰਨਾਲਾ, ਗੁਰਦਾਸਪੁਰ, 23 ਜੁਲਾਈ (ਸਰਬਜੀਤ ਸਿੰਘ)– ਪਿਛਲੇ ਦਿਨੀਂ ਜੰਤਰ-ਮੰਤਰ ‘ਤੇ ਚੱਲ ਰਹੇ ਅੰਦੋਲਨ ਦੀ ਲੜੀ ਵਜੋਂ 20 ਜੁਲਾਈ ਨੂੰ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਅਤੇ ਨੌਜਵਾਨਾਂ ਵੱਲੋਂ ਸ਼ਾਂਤੀਪੂਰਵਕ ਸੰਸਦ ਮਾਰਚ ਆਯੋਜਿਤ ਕੀਤਾ ਜਾ ਰਿਹਾ ਸੀ। ਜਿਸ ਉੱਪਰ ਦਿੱਲੀ ਪੁਲਿਸ ਵੱਲੋਂ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ ਅਤੇ ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਬੁਛਾੜਾਂ ਨਾਲ ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਕਰ ਦਿੱਤਾ ਗਿਆ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀਪੀਆਈ (ਐੱਮ ਐੱਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਮੋਦੀ ਸਰਕਾਰ ਦੇ ਇਸ ਫਾਸ਼ੀਵਾਦੀ ਅਤੇ ਘਨੌਣੇ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ। ਆਗੂ ਨੇ ਕਿਹਾ, ਕਿ ਇਹ ਸਭ ਕੁੱਝ ਭਾਜਪਾ/ਆਰ ਐੱਸ ਐੱਸ ਦੇ ਫਾਸ਼ੀਵਾਦੀ ਏਜੰਡੇ ਦਾ ਹੀ ਹਿੱਸਾ ਹੈ। ਸੰਸਦ ਮਾਰਚ ਸੀਜੇਪੀ ਦੀ ਅਗਵਾਈ ਹੇਠ ਜੰਤਰ-ਮੰਤਰ ‘ਤੇ ਚੱਲ ਰਹੇ ਸੰਘਰਸ਼ ਦੇ ਹਿੱਸੇ ਵਜੋਂ ਆਯੋਜਿਤ ਕੀਤਾ ਜਾ ਰਿਹਾ ਸੀ। ਇਹ ਸਰਕਾਰੀ ਦਮਨ ਨੇ ਇੱਕ ਵਾਰ ਫਿਰ ਫਾਸ਼ੀਵਾਦੀ ਆਰ ਐੱਸ ਐੱਸ-ਭਾਜਪਾ ਸ਼ਾਸ਼ਨ ਦੇ ਵਿਦਿਆਰਥੀ-ਵਿਰੋਧੀ, ਸੰਵਿਧਾਨ-ਵਿਰੋਧੀ ਅਤੇ ਲੋਕ-ਵਿਰੋਧੀ ਚਰਿੱਤਰ ਨੂੰ ਨੰਗਾ ਕਰ ਦਿੱਤਾ ਹੈ।
ਸਮਾਜਿਕ ਕਾਰਕੁਨ ‘ਸੋਨਮ ਵਾਂਗਚੁੱਕ’ ਨੂੰ ਜ਼ਬਰਦਸਤੀ ਹਸਪਤਾਲ ਲਿਜਾਏ ਜਾਣ ਤੋਂ ਬਾਅਦ ਵੱਖ ਵੱਖ ਵਿਦਿਆਰਥੀ ਸੰਗਠਨਾਂ ਦੇ ਸੱਦੇ ‘ਤੇ ਹਜ਼ਾਰਾਂ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਜੰਤਰ-ਮੰਤਰ ਤੋਂ ਸੰਸਦ ਤੱਕ ਮਾਰਚ ਕਰਨ ਦਾ ਫ਼ੈਸਲਾ ਕੀਤਾ ਸੀ। ਇਹ ਵਿਸ਼ਾਲ ਪ੍ਰਦਰਸ਼ਨ ਨੀਟ ਦਾ ਪ੍ਰਸ਼ਨ ਪੱਤਰ ਲੀਕ ਹੋਣ ਤੋਂ ਪ੍ਰਭਾਵਿਤ ਹੋਏ 75 ਮਿਲੀਅਨ ਤੋਂ ਵੱਧ ਵਿਦਿਆਰਥੀਆਂ ਦੇ ਡੂੰਘੇ ਗੁੱਸੇ ਦਾ ਪ੍ਰਗਟਾਵਾ ਹੈ। ਆਗੂ ਨੇ ਕਿਹਾ, ਕਿ ਇਹ ਸਭ ਕੁੱਝ ਭਾਜਪਾ ਸਰਕਾਰ ਵਿਰੁੱਧ ਉੱਭਰ ਰਹੇ ਵਿਦਿਆਰਥੀ ਅੰਦੋਲਨਾਂ ਵਿੱਚ ਇੱਕ ਮਹੱਤਵਪੂਰਨ ਅਤੇ ਨਵਾਂ ਪੜਾਅ ਹੈ। ਭਾਜਪਾ-ਆਰ ਐੱਸ ਐੱਸ ਸ਼ਾਸ਼ਨ ਅਧੀਨ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਕਾਰਪੋਰੇਟ-ਸਿੱਖਿਆ ਮਾਫ਼ੀਆ ਵੱਲੋਂ ਯੋਜਨਾਬੱਧ ਢੰਗ ਨਾਲ ਮੁਨਾਫ਼ਾ ਕਮਾਉਣ ਦੇ ਇੱਕ ਸਾਧਨ ਵਜੋਂ ਵਰਤਿਆ ਜਾ ਰਿਹਾ ਹੈ, ਜਦੋਂ ਕਿ ਸਿੱਖਿਆ ਪ੍ਰਣਾਲੀ ਦੇ ਜਮਹੂਰੀ ਅਤੇ ਸਮਾਨਤਾਵਾਦੀ ਅਧਿਕਾਰਾਂ ‘ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ।
ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਦੇ ਨੇੜੇ, ਪੁਲਿਸ ਨੇ ਭਾਰੀ ਬੈਰੀਕੇਡ ਲਗਾ ਕੇ ਸ਼ਾਂਤੀਪੂਰਨ ਵਿਦਿਆਰਥੀ ਮਾਰਚ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਅਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ। ਇਸ ਬੇਰਹਿਮ ਦਮਨ ਦੇ ਬਾਵਜੂਦ, ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਹਿੰਮਤ ਅਤੇ ਲੜਾਈ ਦੀ ਭਾਵਨਾ ਦਿਖਾਈ। ਪ੍ਰੈਸ ਅਤੇ ਮੀਡੀਆ ਰਿਪੋਰਟਾਂ ਦਸਦੀਆਂ ਹਨ ਕਿ ਸੈਂਕੜੇ ਵਿਦਿਆਰਥੀ ਅਤੇ ਵਿਦਿਆਰਥਣਾਂ ਗੰਭੀਰ ਰੂਪ ਵਿੱਚ ਜ਼ਖਮੀ ਹੋਈਆਂ ਹਨ ਅਤੇ ਵਿਦਿਆਰਥੀ ਨੇਤਾਵਾਂ ਅਤੇ ਕਾਰਕੁਨਾਂ, ਜਿਨ੍ਹਾਂ ਵਿੱਚ ਕੁੱਲ ਹਿੰਦ ਕ੍ਰਾਂਤੀਕਾਰੀ ਵਿਦਿਆਰਥੀ ਆਰਗੇਨਾਈਜੇਸ਼ਨ (AIRSO) ਦੇ ਆਗ ਵੀ ਸ਼ਾਮਲ ਸਨ, ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਸੀ ਪੀ ਆਈ (ਐੱਮ ਐੱਲ) ਰੈੱਡ ਸਟਾਰ ਇਸ ਅੰਦੋਲਨ ਨਾਲ ਆਪਣੀ ਅਟੁੱਟ ਏਕਤਾ ਦਾ ਪ੍ਰਗਟਾਵਾ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਤੁਰੰਤ ਅਸਤੀਫ਼ਾ ਦੇਵੇ। ਇਸ ਵਿੱਚ ਸ਼ਾਮਲ ਸਾਰੇ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਮਾਜਿਕ ਕਾਰਕੁਨ ‘ਸੋਨਮ ਵਾਂਗਚੁੱਕ’ ਸਮੇਤ ਗ੍ਰਿਫ਼ਤਾਰ ਕੀਤੇ ਗਏ ਸਾਰੇ ਵਿਦਿਆਰਥੀ ਆਗੂਆਂ ਅਤੇ ਨੌਜਵਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।
ਰੈੱਡ ਸਟਾਰ, ਨਵੀਂ ਰਾਸ਼ਟਰੀ ਸਿੱਖਿਆ ਨੀਤੀ (NEP) ਅਤੇ ਇਸ ਨਾਲ ਜੁੜੀਆਂ ਸਾਰੀਆਂ ਨੀਤੀਆਂ ਨੂੰ ਪੂਰੀ ਤਰ੍ਹਾਂ ਵਾਪਸ ਲੈਣ ਅਤੇ ਸਿੱਖਿਆ ਪ੍ਰਣਾਲੀ ਦੇ ਲੋਕਤੰਤਰੀ ਪੁਨਰਗਠਨ ਦੀ ਮੰਗ ਵੀ ਕਰਦੀ ਹੈ। ਅਸਲ ਵਿੱਚ ਐਨ ਈ ਪੀ ਦਾ ਉਦੇਸ਼ ਭਾਰਤੀ ਸਿੱਖਿਆ ਦਾ ਭਗਵਾਂਕਰਨ , ਕਾਰਪੋਰੇਟੀਕਰਨ ਅਤੇ ਵਪਾਰੀਕਰਨ ਕਰਨਾ ਹੈ, ਇਸਨੂੰ ਫਾਸ਼ੀਵਾਦੀ ਸ਼ਾਸ਼ਨ ਦੇ ਹਿੱਤਾਂ ਦੇ ਅਧੀਨ ਕਰਨਾ ਹੈ। ਸੀਪੀਆਈ (ਐੱਮ ਐੱਲ) ਰੈੱਡ ਸਟਾਰ ਇਸ ਸੰਘਰਸ਼ ਦੇ ਸਮਰਥਨ ਵਿੱਚ ਦੇਸ਼ ਭਰ ਤੋਂ ਉੱਭਰ ਰਹੀ ਵਿਆਪਕ ਲੋਕਤੰਤਰੀ ਏਕਤਾ ਦਾ ਸਵਾਗਤ ਕਰਦੀ ਹੈ। ਪਾਰਟੀ ਸਾਰੀਆਂ ਪ੍ਰਗਤੀਸ਼ੀਲ, ਖੱਬੇ-ਪੱਖੀ ਅਤੇ ਲੋਕ ਜਮਹੂਰੀ ਤਾਕਤਾਂ ਨੂੰ ਵਿਦਿਆਰਥੀ-ਨੌਜਵਾਨ ਲਹਿਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣ, ਇਸਨੂੰ ਸਹੀ ਰਾਜਨੀਤਿਕ ਦ੍ਰਿਸ਼ਟੀਕੋਣ ਅਤੇ ਲੰਬੇ ਸਮੇਂ ਦੀ ਦਿਸ਼ਾ ਪ੍ਰਦਾਨ ਕਰਨ, ਅਤੇ ਫਾਸ਼ੀਵਾਦੀ ਸ਼ਾਸਨ ਦੀਆਂ ਦਮਨਕਾਰੀ ਨੀਤੀਆਂ ਨੂੰ ਚੁਣੌਤੀ ਦੇਣ ਦਾ ਸੱਦਾ ਦਿੰਦੀ ਹੈ।

Leave a Reply

Your email address will not be published. Required fields are marked *