ਗੁਰਦਾਸਪੁਰ, 17 ਅਗਸਤ (ਸਰਬਜੀਤ ਸਿੰਘ)— ਅੱਜ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਝੰਗੀ ਵਿਖੇ ਰੈਲੀ ਕਰਕੇ ਪੰਜਾਬ ਕਿਸਾਨ ਯੂਨੀਅਨ ਦੀ ਨਵੀਂ ਇਕਾਈ ਕਾਇਮ ਕੀਤੀ ਗਈ।
ਮਜ਼ਦੂਰਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਿਸਾਨ ਆਗੂ ਸੁਖਦੇਵ ਸਿੰਘ ਭਾਗੋਕਾਵਾਂ, ਕਰਮਜੀਤ ਸਿੰਘ ਸੰਧੂ,ਅਸ਼ਵਨੀ ਕੁਮਾਰ ਲੱਖਣਕਲਾਂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਰਾਵੀ ਦਰਿਆ ਦੇ ਪਾਣੀ ਦੀ ਮਾਰ ਕਾਰਣ ਧੁਸੀ ਦੇ ਅੰਦਰ ਆਉਂਦੀ ਜ਼ਮੀਨ ਵਿਚ ਬੀਜੀ ਹੋਈ ਸੈਂਕੜੇ ਏਕੜ ਕਮਾਦ ਅਤੇ ਝੋਨੇ ਦੀ ਫ਼ਸਲ ਗਲ ਗਈ ਹੈ ਪਰ ਅਜੇ ਤੱਕ ਕੋਈ ਵੀ ਅਧਿਕਾਰੀ ਫ਼ਸਲਾਂ ਦੀ ਗਿਰਦਾਵਰੀ ਕਰਨ ਨਹੀਂ ਬਹੁੜਿਆ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਸ ਦੇ ਮੰਤਰੀ 15 ਅਗਸਤ ਤੋਂ ਮੁਆਵਜ਼ਾ ਦੇਣ ਦੀ ਸ਼ੁਰੂਆਤ ਕਰਨ ਦੇ ਦਮਗਜੇ ਮਾਰ ਰਹੇ ਸਨ। ਸਰਕਾਰ ਵਲੋਂ ਬੋਲੇ ਜਾ ਰਹੇ ਝੂਠ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਭਾਰੀ ਗੁਸਾ ਹੈ। ਰੈਲੀ ਵਿਚ ਮੰਗ ਕੀਤੀ ਗਈ ਕਿ ਗਰੀਬਾਂ ਦੇ ਢਠੇ ਮਕਾਨਾਂ ਦੀ 5ਲੱਖ ਰੁਪਏ ਗ੍ਰਾਂਟ ਅਤੇ ਕਿਸਾਨਾਂ ਦੀ 100ਫੀਸਦ ਫ਼ਸਲ ਦੀ ਬਰਬਾਦੀ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਫੌਰੀ ਅਦਾ ਕੀਤਾ ਜਾਵੇ। ਕਿਸਾਨ ਆਗੂਆਂ ਕਿਹਾ ਕਿ ਸਰਕਾਰ ਨੇ ਇਕ ਸਾਲ ਪਹਿਲਾਂ ਦਰਜ਼ਨ ਭਰ ਪਿੰਡਾਂ ਦੇ ਕਿਸਾਨਾਂ ਦੀ ਗੜਿਆ ਨਾਲ ਬਰਬਾਦ ਹੋਈ ਝੋਨੇ ਦੀ ਫ਼ਸਲ ਦਾ ਮੁਆਵਜ਼ਾ ਅਜੇ ਤੱਕ ਅਦਾ ਨਹੀਂ ਕੀਤਾ। ਬੁਲਾਰਿਆਂ ਮਾਨ ਸਰਕਾਰ ਤੇ ਗੰਭੀਰ ਦੋਸ ਲਾਉਂਦਿਆਂ ਕਿਹਾ ਕਿ ਇਸ ਸਰਕਾਰ ਦੇ 16ਮਹੀਨੇ ਦੇ ਰਾਜ ਵਿੱਚ ਕੁੱਝ ਵੀ ਨਵਾਂ ਨਹੀਂ ਵਾਪਰਿਆ, ਪਹਿਲਾਂ ਤੋਂ ਵੀ ਵਧੇਰੇ ਨਸ਼ਿਆਂ ਦੀ ਸਪਲਾਈ ਅਤੇ ਨਸ਼ਿਆਂ ਦੀ ਓਵਰ ਡੋਜ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਜਿਨ੍ਹਾਂ ਨਸ਼ਿਆਂ ਦਾ ਵਪਾਰ ਪੁਲਿਸ ਦੀ ਮਿਲੀ ਭੁਗਤ ਨਾਲ ਹੋ ਰਿਹਾ ਹੈ ਪਰ ਦੁਖ ਹੈ ਚੋਣਾਂ ਸਮੇਂ ਨਸ਼ਿਆਂ ਨੂੰ ਤਿੰਨ ਮਹੀਨਿਆਂ ਵਿਚ ਖਤਮ ਕਰਨ ਦੀ ਗਰੰਟੀ ਦੇਣ ਵਾਲ਼ਾ ਕੇਜਰੀਵਾਲ ਅਤੇ ਭਗਵੰਤ ਮਾਨ ਨਸ਼ਿਆਂ ਲਈ ਪੁਲਿਸ ਨੂੰ ਜੁਆਬਦੇਹ ਬਨਾਉਣ ਤੋਂ ਡਰ ਰਹੇ ਹਨ ਕਿਉਂਕਿ ਜਿਸ ਪੁਲੀਸ ਦੇ ਡੰਡੇ ਨਾਲ ਸਰਕਾਰ ਚਲਾਉਣੀ ਹੈ ਉਸ ਤਾਕਤ ਨੂੰ ਸਰਕਾਰ ਨਰਾਜ ਕਰਨ ਤੋਂ ਡਰਦੀ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਐਕਸ਼ਨ ਸਫ਼ਲ ਬਨਾਉਣ ਦਾ ਫੈਸਲਾ ਲਿਆ ਗਿਆ।ਰੈਲੀ ਵਿੱਚ ਪ੍ਰਮਜੀਤ ਸਿੰਘ ਰੜੇਵਾਲੀ, ਗੁਰਮੇਜ਼ ਸਿੰਘ ਖੋਦੇਬੇਟ, ਬਲਦੇਵ ਸਿੰਘ ਝੰਗੀ, ਪ੍ਰਗਟ ਸਿੰਘ, ਬਲਬੀਰ ਸਿੰਘ ਰਾਮਦੀਵਾਲੀ, ਬਿਕਰਮਜੀਤ ਸਿੰਘ ਸ਼ਹਿਜ਼ਾਦਾ, ਸੁਰਜੀਤ ਸਿੰਘ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਸ਼ਾਮਲ ਸਨ।


