ਗੁਰਦਾਸਪੁਰ, 11 ਅਗਸਤ (ਸਰਬਜੀਤ ਸਿੰਘ)- ਹਰਭਗਵਾਨ ਭੀਖੀ, ਕਾਮਰੇਡ ਸੁਖਦਰਸ਼ਨ ਨੱਤ, ਨਾਹਰ ਔਜਲਾ ਬਰੈਂਪਟਨ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋ ਮਾਸਟਰ ਤਰਲੋਚਨ ਸਿੰਘ ਸਮਰਾਲਾ ਦੀ ਸਦੀਵੀ ਵਿਛੋੜਾ ਦੇ ਗਏ। ਮਾਸਟਰ ਤਰਲੋਚਨ ਸਮਰਾਲਾ, ਮਾਛੀਵਾੜਾ ਉਸ ਦੇ ਕਈ ਨਾਂ ਸੀ ਉਸ ਦੀ ਹਸ਼ਰ ਫਿਲਮ ਕਮਾਲ ਦੀ ਸੀ ਪਰ ਅਫਸੋਸ ਉਸ ਦਾ ਐਸਾ ਹਸ਼ਰ ਕਿਉਂ ਹੋਇਆ।ਉਸ ਨਾਲ ਅਣਗਿਣਤ ਮੁਲਾਕਾਤਾਂ ਨੇ,ਮੇਰੇ ਵੱਲੋਂ ਆਯੋਜਿਤ ਕੀਤੀ ਗੋਸ਼ਟੀ ਤੇ ਉਨ੍ਹਾਂ ਲਿਖਿਆ ਸੀ ਪੇਪਰ ਸਮਾਓਂ ਵਾਲਾ ਹਾਕਮ,ਫਿਰ ਚੀਮਾ ਮੰਡੀ ਚ ਪੈਪਸੂ ਦੀ ਮੁਜ਼ਾਰਾ ਲਹਿਰ ਤੇ ਕਰਵਾਈ ਗੋਸ਼ਟੀ ਤੇ ਓਹ ਆਏ ਉਨ੍ਹਾਂ ਦੇ ਪ੍ਰਤੀਕਰਮ ਕਮਾਲ ਦੇ ਸੀ, ਪੰਜਾਬੀ ਭਵਨ ਲੁਧਿਆਣਾ ਮਿਲੇ ਗੱਡੀ ਚ ਸਮਰਾਲੇ ਗਿਆ ਮਾਂਗਟ ਤੇ ਸਵਰਨ ਭੰਗੂ ਸੀ ਼਼਼਼਼ਖੈਰ ਬਹੁਤ ਅਫਸੋਸ ਅਲਵਿਦਾ ਵੀਰ ਸਾਥੀ ਦੁਖੀ
ਦੋਸਤਾਂ ਅਜੇ ਤਾਂ ਤੇਰੇ ਮਨ ‘ਚ ਸੈਂਕੜੇ ਹੀ ਪਲਾਨਾਂ ਸਨ, ਰੰਗ-ਮੰਚ ਬਾਰੇ, ਫਿਲਮਾਂ ਬਾਰੇ, ਸਾਹਿਤ ਅਤੇ ਇੱਕ ਚੰਗਾਂ ਸਮਾਜ ਉਸਾਰਨ ਬਾਰੇ। ਮਾਸਟਰ ਤਰਲੋਚਨ ਸਮਰਾਲਾ ਸਾਡੇ ‘ਚ ਨਹੀਂ ਰਹੇ ਅਜੇ ਵੀ ਸੱਚ ਨਹੀਂ ਆ ਰਿਹਾ। ਬਾਗੀ ਸੁਭਾਅ ਦਾ ਇਨਸਾਨ ਸੀ ਸਾਡਾ ਦੋਸਤ ਤੇ ਇਨਕਲਾਬੀ ਸਾਥੀ। ਤਰਕਸ਼ੀਲਾਂ ‘ਚ ਪ:ਲ:ਸ ਮੰਚ ‘ਚ ਟੀਚਰ ਯੂਨੀਅਨ ਦੇ ਉੱਚੇ ਅਹੁਦਿਆਂ ‘ਤੇ ਰਿਹਾ। ਉਸਨੇ ਕਦੇ ਵੀ ਆਪਣੇ ਨਾਂ ਲਈ ਜਾਂ ਆਪਣੇ ਅਹੁਦੇ ਨੂੰ ਬਣਾਈ ਰੱਖਣ ਲਈ ਆਪਣੇ ਆਪ ਨੂੰ ਆਪਣੀਆਂ ਨਜ਼ਰਾਂ ‘ਚ ਗਿਰਨ ਨਹੀਂ ਦਿੱਤਾ।
ਮੈਂ ਮਾਸਟਰ ਜੀ ਨੂੰ ਕਾਲਜ ਸਮੇਂ ਤੋਂ ਹੀ ਜਾਣਦਾ ਸੀ। ਸਮਰਾਲੇ ਖੰਨੇ ਏਰੀਏ ‘ਚ ਬੜੇ ਘੋਲ਼ ਅਸੀਂ ਇਕੱਠਿਆਂ ਲੜੇ। ਕਿੰਨੇ ਹੀ ਪਾਖੰਡੀ ਬਾਬਿਆਂ ਨੂੰ ਇਲਾਕੇ ‘ਚੋਂ ਭਜਾਇਆ। ਕਹਿੰਦੇ ਕਹਾਉਂਦੇ ਗੁੰਡੇ ਜੰਗੀਰਦਾਰਾਂ ਦੀ ਗੁੰਡਾਗਰਦੀ ਨੂੰ ਠੱਲਣ ਲਈ ਉਹਨਾਂ ਦੀਆਂ ਧਮਕੀਆਂ ਖਿਲਾਫ ਡਾਂਗਾਂ ਵਾਲੇ ਮੁਜ਼ਾਰਿਆਂ ਦੀ ਅਗਵਾਹੀ ਕੀਤੀ।
1997 ‘ਚ ਭਾਅ ਜੀ ਗੁਰਸ਼ਰਨ ਸਿੰਘ ਦੀ ਟੀਮ ਦਾ ਹਿੱਸਾ ਸਨ ਮਾਸਟਰ ਜੀ, ਮੈਨੂੰ ਤੇ ਅਵਤਾਰ ਔਜਲਾ ਨੂੰ ਉਸਦੇ ਨਾਟਕ ‘ਚ ਰੋਲ ਕਰਨ ਦਾ ਸਬੱਬ ਬਣਿਆ। ਉਹ ਖੱਬੇਪੱਖੀ ਵਿਚਾਰਧਾਰਾ ਨੂੰ ਪ੍ਰਚਾਰਨ ‘ਚ ਹਰ ਅਧੁਨਿਕ ਤਕਨੀਕ ਨੂੰ ਅਪਣਾਉਂਣ ਦੀ ਮੁਹਾਰਤ ਰੱਖਦਾ ਸੀ। ਕਦੀ ਉਸਨੇ ਕਿਸੇ ਜੱਥੇਬੰਦੀ ‘ਚ ਕੰਮ ਕਰਦਿਆਂ ਲੀਡਰਾਂ ਦੇ ਕੰਮ ਢੰਗ ਤੋਂ ਉਦਾਸ ਹੋ ਜਾਣਾ ਤਾਂ ਅਸੀਂ ਘੰਟਿਆਂ ਬੱਧੀ ਫੋਨ ‘ਤੇ ਗੱਲਾਂ ਕਰਨੀਆਂ। ਉਸ ਸਮੇਂ ਮਾਸਟਰ ਜੀ ਨਾਲ ਕਈ ਹਫ਼ਤੇ ਮਿਲਣ ਦਾ ਮੌਕਾ ਬਣਿਆ ਜਦੋਂ 2017 ‘ਚ ਉਸਨੇ ਮੇਰੇ ਲਿਖੇ ਨਾਟਕ ਸੁਪਰ-ਵੀਜ਼ਾ ਨੂੰ ਡਰਾਇਕਟ ਕਰਕੇ ਰਾਜਵਿੰਦਰ ਸਮਰਾਲਾ ਦੀ ਟੀਮ ਨਾਲ ਪੰਜਾਬ ਦੇ ਕਈ ਸ਼ਹਿਰਾਂ ‘ਚ ਖੇਡਿਆ ਸੀ।
ਮੈਂ ਜਦੋਂ ਵੀ ਪੰਜਾਬ ਗਿਆ ਹਾਂ ਕਦੇ ਵੀ ਮਾਸਟਰ ਜੀ ਨੂੰ ਬਿਨਾਂ ਮਿਲੇ ਨਹੀਂ ਆਇਆ। ਇਸ ਸਾਲ ਮਾਰਚ ‘ਚ ਗਿਆ ਤਾਂ ਦੂਜੇ ਦਿਨ ਹੀ ਮਾਸਟਰ ਜੀ ਕੋਲ ਸਮਰਾਲੇ ਪਹੁੰਚ ਗਿਆ। ਘਰੇ ਗਿਆ ਤਾਂ ਮਾਸਟਰ ਜੀ ਆਪਣੇ ਘਰ ਦੀ ਦੂਜੀ ਮੰਜਿਲ ‘ਤੇ ਲਿਜਾਕੇ ਦਿਖਾਉਂਦੇ ਰਹੇ, ਇਹ ਮੈਂ ਸਟੂਡੀਓ ਬਣਾ ਰਿਹਾਂ ਹਾਂ ਜੋ ਵੀ ਸੀਰੀਅਲ ਬਣਾਵਾਂਗੇ ਉਸਦੀ ਐਡਿਟੰਗ ਇੱਥੇ ਹੋਵੇਗੀ। ਇਸ ਥਾਂ ‘ਤੇ ਵੱਡਾ ਆਫ਼ਿਸ ਹੋਵੇਗਾ। ਉਸਨੇ ਬਹੁਤ ਕੁਝ ਸੋਚ ਰੱਖਿਆ ਸੀ। ਉਹ ਬੰਦਾ ਸਿੰਘ ਬਹਾਦਰ ਬਾਰੇ ਕਿਤਾਬ ਲਿੱਖ ਰਿਹਾ ਸੀ, ਉਸਦਾ ਖੱਬੇਪੱਖੀ ਲਹਿਰ ਬਾਰੇ ਲਿੱਖਣ ਦਾ ਪਲਾਨ ਸੀ। ਅਸੀਂ ਇਕੱਠਿਆਂ ਖਾਣਾ ਖਾਧਾ ਫੇਰ ਗੁਰਵੀਰ ਸ਼ਾਹੀ ਵੀ ਉਸਦੇ ਘਰ ਪਹੁੰਚ ਗਿਆ। ਇਕੱਠੇ ਹਾਸਾ ਮਜ਼ਾਕ ਕਰਦੇ ਰਹੇ। ਮਾਸਟਰ ਜੀ ਕਹਿਣ ਲੱਗੇ ਨਾਹਰ ਬੱਚਿਆਂ ਨੇ ਆਹ ਕਾਰ ਲੈ ਕੇ ਖੜ੍ਹੀ ਕਰ ਦਿੱਤੀ ਹੈ, ਕਹਿੰਦੇ ਹੁਣ ਕਾਰ ਚਲਾਇਆ ਕਰੋ, ਸਕੂਟਰ ਨੂੰ ਰਹਿਣ ਦੇਵੋ। ਕਹਿਣ ਲੱਗੇ ਯਾਰ ਕਾਰ ਅਜੇ ਪੂਰੀ ਤਰ੍ਹਾਂ ਚਲਾਉਂਣੀ ਨਹੀਂ ਆਉਂਦੀ। ਉਸਨੇ ਰਾਤ ਰੁੱਕਣ ਲਈ ਜ਼ੋਰ ਪਾਇਆ ਪਰ ਕਿਸੇ ਜ਼ਰੂਰੀ ਕੰਮ ਕਰਕੇ ਜਲਦੀ ਜਾਣਾ ਪਿਆ। ਇਕ ਗਰੀਬ ਪਰਿਵਾਰ ‘ਚੋਂ ਉੱਠਕੇ ਵੱਡੀਆਂ ਪੁਲਾਂਘਾਂ ਪੁੱਟਣ ਵਾਲਾ ਮਾਸਟਰ ਜੀ ਬੜੀ ਛੇਤੀ ਤੁਰ ਗਿਆ। ਅਜੇ ਪਰਸੋਂ ਹੀ ਸਵਰਨ ਭੰਗੂ ਜਦੋਂ ਮੇਰੇ ਘਰ ਮਿਲਣ ਆਇਆ ਸੀ ਤਾਂ ਬਹੁਤਾ ਸਮਾਂ ਮਾਸਟਰ ਜੀ ਬਾਰੇ ਹੀ ਗੱਲਾਂ ਹੁੰਦੀਆਂ ਰਹੀਆਂ। ਮਾਸਟਰ ਜੀ ਜਿਸ ਵੀ ਸੰਸਥਾ ‘ਚ ਰਹੇ ਜਾਂ ਜੋ ਵੀ ਪਰੋਜੈਕਟ ਉਲੀਕਿਆ, ਉਸਨੇ ਉਸ ਕੰਮ ਨੂੰ ਪੂਰੀ ਤਨਦੇਹੀ ਨਾਲ ਕੀਤਾ। ਮਾਸਟਰ ਜੀ ਤੁਹਾਡੇ ਵੱਲੋਂ ਲੋਕ ਹਿਤਾ ਲਈ ਕੀਤੇ ਕੰਮਾਂ ਨੂੰ ਸਲਾਮ। ਤੁਹਾਡੇ ਕੰਮਾਂ ਬਾਰੇ ਤਾਂ ਪੂਰੀ ਕਿਤਾਬ ਲਿੱਖੀ ਜਾ ਸਕਦੀ ਹੈ। ਅੱਜ ਮਨ ਬਹੁਤ ਹੀ ਉਦਾਸ ਹੈ। ਮਾਸਟਰ ਤਰਲੋਚਨ ਸਮਰਾਲਾ ਦਾ ਵਿਛੋੜਾ ਕੋਈ ਭਾਣਾ ਨਹੀਂ, ਬਲਕਿ ਉਨਾਂ ਨੂੰ ਟੱਕਰ ਮਾਰਨ ਵਾਲੀ ਥਾਰ ਨੂੰ ਚਲਾ ਰਹੇ ਨਾਬਾਲਿਗ ਦੇ ਮਾਪਿਆਂ ਦੀ ਗੈਰ ਜ਼ਿੰਮੇਵਾਰੀ ਦਾ ਨਤੀਜਾ ਹੈ, ਜਿੰਨਾਂ ਅਪਣੇ ‘ਲਾਡਲੇ’ ਨੂੰ ਬਿਨਾਂ ਡਰਾਈਵਿੰਗ ਲਾਈਸੈਂਸ ਸੜਕ ‘ਤੇ ਗੱਡੀ ਚਲਾਉਣ ਦੀ ਖੁੱਲ ਦਿੱਤੀ। ਉਸੇ ਦਾ ਨਤੀਜਾ ਹੈ – ਸਮਾਜ ਵਿਚ ਚੰਗੇ ਰੁੱਖ ਤਬਦੀਲੀ ਲਈ ਅਪਣਾ ਪੂਰਾ ਜੀਵਨ ਅਰਪਣ ਕਰਨ ਵਾਲੇ ਸਾਡੇ ਇਸ ਜ਼ਿੰਮੇਵਾਰ, ਜ਼ਹੀਨ ਤੇ ਪਿਆਰੇ ਇਨਸਾਨ ਦਾ ਕਤਲ!
ਅਲਵਿਦਾ ਗੁਰੂਦੇਵ, ਤੁਹਾਡਾ ਜਾਣਾ ਬੜਾ ਦੁਖੀ ਕਰ ਗਿਆ। ਇੱਕ ਡੰਗਰ ਕਿਸਮ ਦੇ ਜਵਾਕ ਨੇ ਹੀਰਾ ਬੰਦਾ ਸਦਾ ਲਈ ਖੋਹ ਲਿਆ। ਅਜਿਹੇ ਬੱਚਿਆਂ ਦੇ ਮਾਪਿਆਂ ‘ਤੇ ਕੜੀ ਕਰਵਾਈ ਹੋਣੀ ਚਾਹੀਦੀ ਹੈ, ਜੋ ਅੱਲੜ ਉਮਰ ਦੇ ਆਪਣੇ ਮੁੰਡਿਆਂ ਨੂੰ ਮਹਿੰਗੀਆਂ ਗੱਡੀਆਂ ਦੇ ਕੇ ਸੜਕਾਂ ‘ਤੇ ਤੋਰ ਦਿੰਦੇ ਹਨ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਥਾਰ ਚਲਾਉਣ ਵਾਲਾ ਮੁੰਡਾ ਹਾਲੇ ਨਾਬਾਲਗ ਸੀ ਅਤੇ ਉਸਦੇ ਕੋਲ ਡਰਾਈਵਿੰਗ ਲਾਇਸੈਂਸ ਵੀ ਨਹੀਂ ਸੀ। ਸਾਡੇ ਇਲਾਕੇ ਦੀ ਮਾਣਮੱਤੀ ਸਖਸ਼ੀਅਤ ਦਾ ਬੇਵਕਤੀ ਤੁਰ ਜਾਣਾ ਸਾਨੂੰ ਸਾਰਿਆਂ ਨੂੰ ਰੁਸਵਾ ਕਰ ਗਿਆ। ਅਲਵਿਦਾ ਮੇਰੇ ਐਕਟਿੰਗ ਫੀਲਡ ਦੇ ਗੁਰੂਦੇਵ, ਹਾਲੇ ਤੁਹਾਡੀ ਸਮਾਜਿਕ ਕੁਰੀਤੀਆਂ ਠੀਕ ਕਰਨ ਲਈ ਕਲਮ ਦਾ ਚੱਲਣਾ ਜ਼ਰੂਰੀ ਸੀ, ਪਰ ਇਕ ਨਾਮੁਰਾਦ ਦੀ ਗੁਸਤਾਖ਼ੀ ਕਾਰਨ ਸਭ ਅਧੂਰਾ ਰਹਿ ਗਿਆ। ਅੱਜ ਦਿਲ ਬਹੁਤ ਉਦਾਸ ਹੈ।


