ਦੋਸ਼ੀਆਂ ਦੀ ਜਲਦੀ ਗ੍ਰਿਫਤਾਰੀ ਲਈ ਵਫ਼ਦ ਭੁੱਚੋ ਪੁਲਿਸ ਪ੍ਰਸ਼ਾਸਨ ਨੂੰ ਮਿਲਿਆ
ਭੁੱਚੋ ਮੰਡੀ, ਗੁਰਦਾਸਪੁਰ, 11 ਅਗਸਤ (ਸਰਬਜੀਤ ਸਿੰਘ)– ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਨੌਜਵਾਨ ਗੁਰਲਾਭ ਸਿੰਘ ਨੂੰ ਚੋਰੀ ਦੇ ਸ਼ੱਕ ਵਿਚ ਬੇਰਹਿਮੀ ਨਾਲ ਕੁਟਾਪਾ ਚਾੜ ਕੇ ਮੌਤ ਦੇ ਘਾਟ ਉਤਾਰਨ ਵਾਲਿਆਂ ਨੂੰ ਗ੍ਰਿਫਤਾਰ ਕਰਵਾਉਣ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਤੱਕ ਕੇਸ ਦੀ ਪੈਰਵਾਈ ਕਰਨ ਲਈ ਅੱਜ ਗੁਰਲਾਭ ਸਿੰਘ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਸਰਾਲੀ ਨੇ ਕਿਹਾ ਕਿ ਪਿੰਡ ਦੇ ਹੀ ਜੰਗੀਰੂ ਹੰਕਾਰ ਵਿੱਚ ਅੰਨੇ ਹੋਏ ਗੁਰਚੇਤ ਸਿੰਘ, ਜੱਸਾ ਸਿੰਘ, ਗੁਰਸੇਵਕ ਸਿੰਘ, ਗੋਪੀ ਸਿੰਘ ਤੇ ਕੁਲਵਿੰਦਰ ਸਿੰਘ ਨੇ ਸ਼ਰਾਬ ਨਾਲ ਡੱਕਕੇ ਚੋਰੀ ਦੇ ਸ਼ੱਕ ਵਿਚ ਗੁਰਲਾਭ ਸਿੰਘ ਨੂੰ ਅਣ- ਘੜ ਟੰਬਿਆ ਨਾਲ ਬੇਰਹਿਮੀ ਨਾਲ ਕੁੱਟ -ਕੁੱਟਕੇ ਅਧਮੋਇਆ ਕਰ ਦਿੱਤਾ। ਜਦੋਂ ਗੁਰਲਾਭ ਸਿੰਘ ਨੇ ਉਨ੍ਹਾਂ ਤੋਂ ਪਾਣੀ ਮੰਗਿਆ ਤਾਂ ਉਸ ਦੇ ਮੂੰਹ ਵਿੱਚ ਪਿਸ਼ਾਬ ਕੀਤਾ ਗਿਆ। ਕੁੱਟ ਮਾਰ ਕਰਨ ਉਪਰੰਤ ਉਸ ਨੂੰ ਇਸ ਘਟਨਾ ਸਬੰਧੀ ਮੂੰਹ ਬੰਦ ਰੱਖਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਮਜ਼ਦੂਰ ਆਗੂ ਨੇ ਦੱਸਿਆ ਕਿ ਹੁਣ ਪਰਿਵਾਰ ਨੂੰ ਇੱਕ ਵੀਡੀਓ ਕਲਿੱਪ ਪ੍ਰਾਪਤ ਹੋਈ ਹੈ ਜਿਸ ਵਿਚ ਇਕ ਵਿਅਕਤੀ ਗੁਰਲਾਭ ਸਿੰਘ ਨੂੰ ਧਮਕੀਆਂ ਦਿੰਦਾ ਹੋਇਆ ਕਹਿ ਰਿਹਾ ਹੈ, ਕਿ “ਮੰਨਜਾ ਚੋਰੀ ਨਹੀਂ ਤਾਂ ਸਾਨੂੰ ਮਨਾਉਣੀ ਆਉਂਦੀ ਆ , ਇਹ ਭੁੱਚੋ ਪੁਲਿਸ ਚੌਕੀ ਨੀ ਇਹ ਜੱਟ ਦਾ ਘਰ ਹੈ” । ਉਨ੍ਹਾਂ ਕਿਹਾ ਅੱਜ ਕਮੇਟੀ ਦਾ ਇੱਕ ਵਫ਼ਦ ਪੁਲਿਸ ਪ੍ਰਸ਼ਾਸਨ ਭੁੱਚੋ ਨੂੰ ਮਿਲਿਆ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਮੀਟਿੰਗ ਵਿੱਚ ਮਜ਼ਦੂਰਾਂ ਨੇ ਗੁਰਜੀਤ ਸਿੰਘ ਨੂੰ ਪ੍ਰਧਾਨ , ਸੈਕਟਰੀ ਕੁਲਦੀਪ ਸਿੰਘ ਤੇ ਖਜਾਨਚੀ ਗੁਰਦੀਪ ਸਿੰਘ ਨੂੰ ਚੁਣਿਆ। ਉਨ੍ਹਾਂ ਸਾਰੇ ਮਜ਼ਦੂਰਾਂ ਕਿਸਾਨਾਂ ਨੂੰ ਕਮੇਟੀ ਦੀ ਹਰ ਪੱਖੋਂ ਮਦਦ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੱਕ ਸੰਘਰਸ਼ ਕੀਤਾ ਜਾ ਸਕੇ ਅਤੇ ਅਦਾਲਤ ਵਿੱਚ ਕੇਸ ਦੀ ਪੈਰਵਾਈ ਹੋ ਸਕੇ। ਸਮੁੱਚੀ ਕਮੇਟੀ ਨੇ ਐਲਾਨ ਕੀਤਾ ਕਿ ਜੇਕਰ ਪੁਲਿਸ ਨੇ ਦੋਸ਼ੀਆਂ ਨੂੰ ਗਿ੍ਰਫਤਾਰ ਨਾ ਕੀਤਾ ਤਾਂ ਮਜ਼ਦੂਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।