ਸਰਕਾਰੀ ਕਾਲਜ ਗੁਰਦਾਸਪੁਰ ਦਾ ਨਵਾਂ ਅਕਾਦਮਿਕ ਸੈਸ਼ਨ 2026–27 ਆਰੰਭ

ਗੁਰਦਾਸਪੁਰ

ਹਲਕਾ ਇੰਚਾਰਜ ਰਮਨ ਬਹਿਲ ਨੇ ਵਿਸ਼ੇਸ਼ ਤੌਰ ‘ਤੇ ਕੀਤੀ ਸ਼ਿਰਕਤ, ਵਿਦਿਆਰਥੀਆਂ ਨੂੰ ਸਮੇਂ ਦੀ ਕਦਰ ਕਰਨ, ਮਿਹਨਤ ਅਤੇ ਅਨੁਸ਼ਾਸਨ ਨੂੰ ਆਪਣੇ ਜੀਵਨ ਦਾ ਅੰਗ ਬਣਾਉਣ ਲਈ ਪ੍ਰੇਰਿਤ ਕੀਤਾ

ਗੁਰਦਾਸਪੁਰ, 20 ਜੁਲਾਈ (ਸਰਬਜੀਤ ਸਿੰਘ)– ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਨਵੇਂ ਅਕਾਦਮਿਕ ਸੈਸ਼ਨ 2026–27 ਦਾ ਆਗਾਜ਼ ਅੱਜ ਪਰਮ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਓਟ ਵਿੱਚ ਬਹੁਤ ਹੀ ਸ਼ਰਧਾ ਅਤੇ ਧਾਰਮਿਕ ਮਾਹੌਲ ਵਿੱਚ ਕੀਤਾ ਗਿਆ।

ਦਿਨ ਦੀ ਸ਼ੁਰੂਆਤ ਸਵੇਰੇ 7:30 ਵਜੇ ਤੋਂ 9:00 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ। ਇਸ ਉਪਰੰਤ  ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਦੌਰਾਨ ਸੰਗਤ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਕੀਰਤਨ ਉਪਰੰਤ ਅਰਦਾਸ ਕੀਤੀ ਗਈ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ।

ਇਸ ਸਮਾਗਮ ਦੇ ਮੁੱਖ ਮਹਿਮਾਨ ਰਮਨ ਬਹਿਲ ਹਲਕਾ ਇੰਚਾਰਜ ਗੁਰਦਾਸਪੁਰ (ਸਾਬਕਾ ਚੇਅਰਮੈਨ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ) ਸਨ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਸਰਕਾਰੀ ਕਾਲਜ ਗੁਰਦਾਸਪੁਰ ਦੀਆਂ ਲਗਾਤਾਰ ਹੋ ਰਹੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਾਲਜ ਤਰੱਕੀ ਦੀਆਂ ਨਵੀਆਂ ਸਿਖਰਾਂ ਨੂੰ ਛੂਹ ਰਿਹਾ ਹੈ ਅਤੇ ਸਾਲ 1990 ਤੱਕ ਰਹੀ ਆਪਣੀ ਸ਼ਾਨਦਾਰ ਪਛਾਣ ਨੂੰ ਮੁੜ ਸਥਾਪਿਤ ਕਰਨ ਵਿੱਚ ਸਫਲ ਹੋਇਆ ਹੈ।

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮੇਂ ਦੀ ਕਦਰ ਕਰਨ, ਮਿਹਨਤ ਅਤੇ ਅਨੁਸ਼ਾਸਨ ਨੂੰ ਆਪਣੇ ਜੀਵਨ ਦਾ ਅੰਗ ਬਣਾਉਣ ਅਤੇ ਸਮਾਜ ਵਿੱਚ ਇੱਕ ਸਫਲ ਤੇ ਜ਼ਿੰਮੇਵਾਰ ਨਾਗਰਿਕ ਵਜੋਂ ਆਪਣੀ ਪਛਾਣ ਬਣਾਉਣ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਜੀਵਨ ਵਿੱਚ ਸਹੀ ਦਿਸ਼ਾ ਅਤੇ ਆਤਮਿਕ ਬਲ ਪ੍ਰਾਪਤ ਕਰਨ ਲਈ ਗੁਰਬਾਣੀ ਦਾ ਆਸਰਾ ਬਹੁਤ ਮਹੱਤਵਪੂਰਨ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪ੍ਰੋ. (ਡਾ.) ਅਸ਼ਵਨੀ ਕੁਮਾਰ ਭੱਲਾ ਨੇ ਨਵੇਂ ਦਾਖਲ ਹੋਏ ਸਮੂਹ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਕਾਲਜ ਦਾ ਉਦੇਸ਼ ਕੇਵਲ ਡਿਗਰੀ ਪ੍ਰਦਾਨ ਕਰਨਾ ਨਹੀਂ, ਸਗੋਂ ਅਜਿਹੇ ਸਮਰੱਥ, ਸੰਸਕਾਰੀ ਅਤੇ ਹੁਨਰਮੰਦ ਨਾਗਰਿਕ ਤਿਆਰ ਕਰਨਾ ਹੈ ਜੋ ਆਪਣੇ ਗਿਆਨ, ਕੌਸ਼ਲ ਅਤੇ ਚੰਗੇ ਚਰਿੱਤਰ ਨਾਲ ਸਮਾਜ ਨੂੰ ਨਵੀਂ ਦਿਸ਼ਾ ਦੇਣ ਅਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਨੇ ਕਿਹਾ ਕਿ ਕਾਲਜ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇ ਨਾਲ-ਨਾਲ ਹੁਨਰ ਵਿਕਾਸ, ਨਵੀਨਤਾ, ਖੋਜ, ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਅਤੇ ਵਿਅਕਤੀਗਤ ਵਿਕਾਸ ਲਈ ਵੀ ਹਰ ਸੰਭਵ ਮੌਕਾ ਪ੍ਰਦਾਨ ਕਰੇਗਾ।

ਇਸ ਮੌਕੇ ਉੱਘੇ ਐਡਵੋਕੇਟ ਪੁਸ਼ਕਰ ਨੰਦਾ ਅਤੇ ਸਮਰਪਣ ਸੋਸਾਇਟੀ ਦੇ ਸਕੱਤਰ  ਪਰਮਿੰਦਰ ਸਿੰਘ ਸੈਣੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *