ਪੰਜਾਬ ਸਰਕਾਰ ਵੱਲੋਂ ਹਰ ਵਰਗ ਦੀ ਭਲਾਈ ਲਈ ਬਣਾਏ ਗਏ ਵੈਲਫੇਅਰ ਬੋਰਡਾਂ ਵਿੱਚ ਆਮ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਨੁਮਾਇੰਦਗੀ- ਰਮਨ ਬਹਿਲ

ਗੁਰਦਾਸਪੁਰ

ਕਿਹਾ-ਆਮ ਆਦਮੀ ਪਾਰਟੀ ਸਮਾਜ ਦੇ ਹਰ ਵਰਗ ਨੂੰ ਬਰਾਬਰ ਦਾ ਸਨਮਾਨ ਅਤੇ ਹੱਕ ਦੇਣ ਲਈ ਵਚਨਬੱਧ ਹੈ

ਗੁਰਦਾਸਪੁਰ, 17 ਜੁਲਾਈ (ਸਰਬਜੀਤ ਸਿੰਘ)– ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੱਚੇ ਅਰਥਾਂ ਵਿੱਚ ਆਮ ਲੋਕਾਂ ਦੀ ਸਰਕਾਰ ਹੈ। ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਹਰ ਵਰਗ ਦੇ ਆਮ ਘਰਾਂ ਨਾਲ ਸਬੰਧਤ ਲੋਕਾਂ ਨੂੰ ਅੱਗੇ ਲਿਆ ਕੇ ਉਨ੍ਹਾਂ ਨੂੰ ਮਾਣ-ਸਨਮਾਨ ਅਤੇ ਜ਼ਿੰਮੇਵਾਰੀਆਂ ਦੇ ਰਹੀ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੋਚ ਹਮੇਸ਼ਾ ਸਮਾਜ ਦੇ ਹਰ ਵਰਗ, ਹਰ ਧਰਮ ਅਤੇ ਹਰ ਜਾਤ ਨੂੰ ਨਾਲ ਲੈ ਕੇ ਚੱਲਣ ਦੀ ਰਹੀ ਹੈ। ਉਨ੍ਹਾਂ ਦੀ ਦੂਰਅੰਦੇਸ਼ੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਮੁੱਖ ਮੰਤਵ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ, ਉਨ੍ਹਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣਾ ਅਤੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ।

ਰਮਨ ਬਹਿਲ ਨੇ ਕਿਹਾ ਕਿ ਇਸੇ ਉਦੇਸ਼ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਭਲਾਈ ਲਈ ਬੋਰਡਾਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਬੋਰਡਾਂ ਵਿੱਚ ਸਮਾਜ ਸੇਵਾ ਨਾਲ ਜੁੜੇ ਹੋਏ ਆਮ ਲੋਕਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਗਰਵਾਲ ਵੈਲਫੇਅਰ ਬੋਰਡ ਲਈ ਅੰਕੁਸ਼ ਅਗਰਵਾਲ, ਮਸੀਹ ਵੈਲਫੇਅਰ ਬੋਰਡ ਲਈ ਅਜੀਤ ਮਸੀਹ, ਖੱਤਰੀ ਅਰੋੜਾ ਵੈਲਫੇਅਰ ਬੋਰਡ ਲਈ ਮੁਕੇਸ਼ ਭੱਲਾ, ਗੁੱਜਰ ਵੈਲਫੇਅਰ ਬੋਰਡ ਲਈ ਕਾਤਿਬ ਹੁਸੈਨ, ਪਰਜਾਪਤ ਵੈਲਫੇਅਰ ਬੋਰਡ ਲਈ ਸੰਦੀਪ, ਰਾਮਗੜ੍ਹੀਆ ਵੈਲਫੇਅਰ ਬੋਰਡ ਲਈ ਹਰਪਿੰਦਰ ਸਿੰਘ, ਰਾਜਪੂਤ ਕਲਿਆਣ ਬੋਰਡ ਲਈ ਸ਼ਾਮ ਸਿੰਘ ਲਾਲੋਤਰਾ, ਸੈਣੀ ਵੈਲਫੇਅਰ ਬੋਰਡ ਲਈ ਦਵਿੰਦਰ ਸਿੰਘ, ਸਪੋਰਟਸ ਵੈਲਫੇਅਰ ਬੋਰਡ ਲਈ ਸਵਿੰਦਰ ਸਿੰਘ, ਸਵਰਨਕਾਰ ਵੈਲਫੇਅਰ ਬੋਰਡ ਲਈ ਮੁਨੀਸ਼ ਵਰਮਾ, ਵਿਮੁਕਤ ਜਾਤੀ ਵੈਲਫੇਅਰ ਬੋਰਡ ਲਈ ਕੁਲਦੀਪ ਕੁਮਾਰ, ਦਲਿਤ ਵਿਕਾਸ ਬੋਰਡ ਲਈ ਰਾਜ ਕੁਮਾਰ ਅਤੇ ਬਾਜ਼ੀਗਰ ਤੇ ਟਪਰੀਵਾਸ ਵੈਲਫੇਅਰ ਬੋਰਡ ਲਈ ਬਲਦੇਵ ਰਾਜ ਨੂੰ ਨਿਯੁਕਤ ਕੀਤਾ ਗਿਆ ਹੈ।

ਰਮਨ ਬਹਿਲ ਨੇ ਕਿਹਾ ਕਿ ਇਹ ਨਿਯੁਕਤੀਆਂ ਇਸ ਗੱਲ ਦਾ ਸਬੂਤ ਹਨ ਕਿ ਆਮ ਆਦਮੀ ਪਾਰਟੀ ਸਮਾਜ ਦੇ ਹਰ ਵਰਗ ਨੂੰ ਬਰਾਬਰ ਦਾ ਸਨਮਾਨ ਅਤੇ ਹੱਕ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਵੱਖ-ਵੱਖ ਭਾਈਚਾਰਿਆਂ ਨੂੰ ਸਰਕਾਰ ਵਿੱਚ ਸਿੱਧੀ ਭਾਗੀਦਾਰੀ ਦਾ ਮੌਕਾ ਮਿਲਿਆ ਹੈ, ਜਿਸ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕੇਗਾ।

ਇਸ ਮੌਕੇ ਰਮਨ ਬਹਿਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ, ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਬਟਾਲਾ ਅਮਨ ਸ਼ੇਰ ਸਿੰਘ ਕਲਸੀ ਅਤੇ ਸਮੁੱਚੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਵਿੱਚ ਸਮਾਜਿਕ ਬਰਾਬਰੀ, ਭਾਈਚਾਰਕ ਸਾਂਝ ਅਤੇ ਸਰਵਪੱਖੀ ਵਿਕਾਸ ਨੂੰ ਹੋਰ ਮਜ਼ਬੂਤੀ ਮਿਲ ਰਹੀ ਹੈ।

ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਭਾਰਤ ਭੂਸ਼ਣ ਸ਼ਰਮਾ, ਬਲਾਕ ਸੰਮਤੀ ਦੇ ਚੇਅਰਮੈਨ ਰਣਜੀਤ ਸਿੰਘ ਰਾਣਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ ਹੇਮਰਾਜਪੁਰ, ਬਲਾਕ ਪ੍ਰਧਾਨ ਅਤੇ ਇੰਪਰੂਵਮੈਂਟ ਟਰੱਸਟ ਦੇ ਟਰੱਸਟੀ ਹਿਤੇਸ਼ ਮਹਾਜਨ, ਬਲਾਕ ਪ੍ਰਧਾਨ ਅਤੇ ਇੰਪਰੂਵਮੈਂਟ ਟਰੱਸਟ ਦੇ ਟਰੱਸਟੀ ਰਘੁਬੀਰ ਸਿੰਘ ਖਾਲਸਾ, ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਸਰਪੰਚ, ਪੰਚ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *