ਅਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਣਨਗੇ 75 ਸਾਂਝੇ ਜਲ ਤਲਾਬ

ਗੁਰਦਾਸਪੁਰ

70 ਤਲਾਬਾਂ ਦੀ ਸ਼ਨਾਖਤ ਮੁਕੰਮਲ ਹੋਈ ਅਤੇ 33 ਤਲਾਬਾਂ ਨੂੰ ਬਣਾਉਣ ਦਾ ਕੰਮ ਹੋਇਆ ਸ਼ੁਰੂ

ਗੁਰਦਾਸਪੁਰ, 24 ਅਗਸਤ (ਸਰਬਜੀਤ ਸਿੰਘ) – ਅਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਮਨਾਏ ਜਾ ਰਹੇ 75ਵੇਂ ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਹਦਇਤਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ 75 ਸਾਂਝੇ ਜਲ ਤਲਾਬ ਬਣਾਉਣੇ ਮਨਜ਼ੂਰ ਕੀਤੇ ਗਏ ਹਨ। ਇਨ੍ਹਾਂ ਤਲਾਬਾਂ ਵਿੱਚ ਬਰਸਾਤੀ ਪਾਣੀ ਨੂੰ ਇਕੱਠਾ ਕਰਕੇ ਵਰਤੋਂ ਵਿੱਚ ਲਿਆਂਦਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਸਾਂਝਾ ਜਲ ਸਕੀਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਣਾਏ ਜਾਣ ਵਾਲੇ 75 ਸਾਂਝੇ ਜਲ ਤਲਾਬਾਂ ਵਿਚੋਂ 70 ਤਲਾਬਾਂ ਦੀ ਸ਼ਨਾਖਤ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ 33 ਸਾਂਝੇ ਜਲ ਤਲਾਬਾਂ ਨੂੰ ਬਣਾਉਣ ਦਾ ਕੰਮ ਵੀ ਅਰੰਭ ਕਰ ਦਿੱਤਾ ਗਿਆ ਹੈ ਜੋ ਕਿ ਜਲਦੀ ਹੀ ਮੁਕੰਮਲ ਹੋ ਜਾਵੇਗਾ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਪਿੰਡਾਂ ਵਿੱਚ ਬਣਾਏ ਜਾਣ ਵਾਲੇ ਸਾਂਝੇ ਜਲ ਤਲਾਬਾਂ ਵਿੱਚ ਬਰਸਾਤੀ ਪਾਣੀ ਨੂੰ ਇਕੱਠਾ ਕੀਤਾ ਜਾਵੇਗਾ ਅਤੇ ਉਸ ਪਾਣੀ ਦੀ ਵਰਤੋਂ ਸਿੰਚਾਈ ਆਦਿ ਲਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਸਾਂਝੇ ਜਲ ਤਲਾਬਾਂ ਦੇ ਕਿਨਾਰਿਆਂ ਨੂੰ ਪੱਕਿਆਂ ਕੀਤਾ ਜਾਵੇਗਾ ਅਤੇ ਨਾਲ ਹੀ ਤਲਾਬ ਦੇ ਆਲੇ-ਦੁਆਲੇ ਇੰਟਰਲਾਕ ਟਾਈਲਾਂ ਦੀ ਫਿਰਨੀ ਬਣਾ ਕੇ ਫੁੱਲ ਅਤੇ ਪੌਦੇ ਲਗਾਏ ਜਾਣਗੇ ਤਾਂ ਜੋ ਬਰਸਾਤੀ ਪਾਣੀ ਦੀ ਇਸ ਛੋਟੀ ਝੀਲ ਨੂੰ ਪਿੰਡ ਵਾਸੀਆਂ ਲਈ ਸੈਰਗਾਹ ਵਜੋਂ  ਵਿਕਸਤ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਂਝੇ ਜਲ ਤਲਾਬ ਥਾਪਰ ਮਾਡਲ ਤੋਂ ਵੱਖਰੇ ਹਨ ਅਤੇ ਇਨ੍ਹਾਂ ਤਲਾਬਾਂ ਵਿੱਚ ਕੇਵਲ ਬਰਸਾਤ ਦੇ ਪਾਣੀ ਨੂੰ ਹੀ ਇਕੱਠਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਂਝੇ ਜਲ ਤਲਾਬਾਂ ਦਾ ਨਿਰਮਲ ਜਲ ਜਿਥੇ ਵਰਤੋਂ ਵਿੱਚ ਲਿਆਂਦਾ ਜਾਵੇਗਾ ਓਥੇ ਇਸ ਨਾਲ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਵੀ ਸੁਧਾਰ ਹੋਵੇਗਾ।

Leave a Reply

Your email address will not be published. Required fields are marked *