ਗੁਰਦਾਸਪੁਰ, 7 ਅਕਤੂਬਰ (ਸਰਬਜੀਤ ਸਿੰਘ)– ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਵੱਲੋਂ ਯੂਨੀਵਰਸਿਟੀ ਕਾਲਜ ਮੂਨਕ ਦੇ ਵਿੱਚ ਨਿਊਜ਼ਕਲਿੱਕ ਮੀਡੀਆ ਸੰਸਥਾਨ ਦੇ ਪੱਤਰਕਾਰਾਂ ਤੇ ਹੋਰਨਾਂ ਦੇ ਘਰਾਂ ਤੇ ਦਫਤਰਾਂ ‘ਚ ਕੀਤੀ ਛਾਪੇਮਾਰੀ ਦੇ ਵਿਰੋਧ ‘ਚ ਰੋਸ ਰੈਲੀ ਕੀਤੀ ਗਈ। ਜਥੇਬੰਦੀ ਵੱਲੋਂ ਲੋਕਪੱਖੀ ਪੱਤਰਕਾਰਾਂ ਦੇ ਵੱਲੋਂ ਸੰਘਰਸ਼ਸ਼ੀਲ ਕਿਸਾਨਾਂ – ਮਜ਼ਦੂਰਾਂ ਤੇ ਵਿਦਿਆਰਥੀਆਂ ਦੇ ਸੰਘਰਸ਼ਾਂ ਦੀ ਕਵਰੇਜ ਕਰਨ ਬਦਲੇ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਜ਼ੁਬਾਨਬੰਦੀ ਦੀ ਸਖ਼ਤ ਨਿਖੇਧੀ ਕੀਤੀ। ਰੈਲੀ ਦੇ ਰਾਹੀਂ ਯੂਏਪੀਏ, ਅਫਸਪਾ ਤੇ ਐੱਨ ਐੱਸ ਏ ਵਰਗੇ ਕਾਲੇ ਕਾਨੂੰਨ ਰੱਦ ਕਰਨ, ਕੇਂਦਰੀ ਏਜੰਸੀਆਂ ਰਾਹੀਂ ਲੋਕਪੱਖੀ ਪੱਤਰਕਾਰਾਂ, ਬੁੱਧੀਜੀਵੀਆਂ ਤੇ ਕਲਮਕਾਰਾਂ ਦੀ ਜ਼ੁਬਾਨਬੰਦੀ ਕਰਨ ਦੀ ਫਿਰਕੂ- ਫਾਸ਼ੀ ਨੀਤੀ ਬੰਦ ਕਰਨ ਤੇ ਗ੍ਰਿਫਤਾਰ ਕੀਤੇ ਪੱਤਰਕਾਰਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ।


