ਲੋਕ ਮੋਰਚਾ ਪੰਜਾਬ ਵੱਲੋਂ ਪਹਿਲਵਾਨ ਕੁੜੀਆਂ ਦੀ ਹਿਮਾਇਤ ਵਿਚ ਮਾਰਚ ਦਾ ਐਲਾਨ–ਸੁਖਵਿੰਦਰ ਸਿੰਘ

ਗੁਰਦਾਸਪੁਰ

ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)– ਲੋਕ ਮੋਰਚਾ ਪੰਜਾਬ ਨੇ ਪਹਿਲਵਾਨ ਕੁੜੀਆਂ ਵੱਲੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਚੱਲ ਰਹੇ ਜਿਣਸੀ ਸ਼ੋਸ਼ਣ ਖਿਲਾਫ ਧਰਨੇ ਨੂੰ ਦਿੱਲੀ ਪੁਲਿਸ ਵੱਲੋਂ ਖਿੰਡਾਉਣ ਦੀਆਂ ਕੋਸ਼ਿਸ਼ਾਂ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਅਤੇ ਉਹਨਾਂ ਦੇ ਧਰਨੇ ਦੀ ਹਿਮਾਇਤ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਥੇਬੰਦੀ ਵੱਲੋਂ 9 ਮਈ ਨੂੰ 2 ਵਜੇ ਬਠਿੰਡਾ ਟੀਚਰਜ਼ ਹੋਮ ਤੋਂ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਹੈ।
ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਨੇ ਕਿਹਾ ਹੈ ਕਿ ਇਨ੍ਹਾਂ ਕੁੜੀਆਂ ਵੱਲੋਂ ਉਠਾਈ ਆਵਾਜ਼ ਸਮੂਹ ਸਮਾਜ ਦੀ ਹਮਾਇਤ ਦੀ ਹੱਕਦਾਰ ਹੈ। ਇਹ ਮਸਲਾ ਨਾ ਸਿਰਫ ਸਾਡੇ ਸਮਾਜ ਅੰਦਰ ਕੁੜੀਆਂ ਨਾਲ ਨਿੱਤ ਦਿਨ ਵਾਪਰਦੀਆਂ ਵਧੀਕੀਆਂ ਦਾ ਮਸਲਾ ਹੈ, ਸਗੋਂ ਅਜਿਹੀਆਂ ਵਧੀਕੀਆਂ ਨੂੰ ਰਾਜਸੱਤਾ ਵੱਲੋਂ ਮੂਕ ਸਹਿਮਤੀ ਦੇਣ ਦਾ ਵੀ ਮਸਲਾ ਹੈ। ਉੱਚ ਸਿਆਸੀ ਅਤੇ ਪ੍ਰਬੰਧਕ ਰੁਤਬੇ ਦੇ ਸਿਰ ਤੇ ਇਨ੍ਹਾਂ ਖਿਡਾਰਨਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਅਤੇ ਹੁਣ ਉਸੇ ਰੁਤਬੇ ਦੇ ਸਿਰ ਤੇ ਪੀੜਤਾਂ ਦੀ ਅਵਾਜ਼ ਨੂੰ ਦਬਾਉਣ ਲਈ ਸਾਰੇ ਯਤਨ ਜੁਟਾਏ ਜਾ ਰਹੇ ਹਨ। ਵੱਖ-ਵੱਖ ਪਾਸਿਆਂ ਤੋਂ ਇਨ੍ਹਾਂ ਖਿਡਾਰੀਆਂ ਉਪਰ ਕੇਸ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ। ਦਿੱਲੀ ਪੁਲਿਸ ਨੇ 40 ਤੋਂ ਵਧੇਰੇ ਕੇਸਾਂ ਵਿੱਚ ਨਾਮਜ਼ਦ ਮੁੱਖ ਦੋਸ਼ੀ ਦੇ ਹੱਥਾਂ ਵਿੱਚ ਖੇਡਦਿਆਂ ਪਹਿਲਾਂ ਲੰਬਾ ਸਮਾਂ ਰਿਪੋਰਟ ਦਰਜ ਕਰਨ ਤੋਂ ਟਾਲਾ ਵੱਟੀ ਰੱਖਿਆ ਹੈ ਅਤੇ ਹੁਣ ਸ਼ਰੇਆਮ ਗੁੰਡਾਗਰਦੀ ਤੇ ਉੱਤਰਦਿਆਂ ਇਹਨਾਂ ਖਿਡਾਰਨਾ ਨੂੰ ਜ਼ਲੀਲ ਕਰਨ ਅਤੇ ਖਿੱਚ ਧੂਹ ਕਰਕੇ ਦਬਕਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਮਸਲਾ ਇਹ ਵੀ ਉਭਾਰਦਾ ਹੈ ਕਿ ਸਾਡੇ ਸਮਾਜ ਅੰਦਰ ਕਿਸੇ ਖੇਤਰ ਵਿੱਚ ਮੱਲਾਂ ਮਾਰਨ ਦੀਆਂ ਸੰਭਾਵਨਾਵਾਂ ਕਿਵੇਂ ਅਜਿਹੇ ਵਰਤਾਰਿਆਂ ਨਾਲ ਕੁਚਲੀਆਂ ਜਾਂਦੀਆਂ ਹਨ।
ਜਥੇਬੰਦੀ ਦੇ ਆਗੂਆਂ ਨੇ ਪੀੜਤ ਖਿਡਾਰਨਾਂ ਨੂੰ ਇਨਸਾਫ ਦੇਣ, ਬ੍ਰਿਜ ਭੂਸ਼ਨ ਨੂੰ ਗ੍ਰਿਫਤਾਰ ਕਰਨ ਉਸਨੂੰ ਮੌਜੂਦਾ ਐਮ ਪੀ ਦੀ ਸੀਟ ਅਤੇ ਕੁਸ਼ਤੀ ਫ਼ੈਡਰੇਸ਼ਨ ਦੇ ਮੁਖੀ ਦੇ ਅਹੁਦੇ ਤੋਂ ਬਰਖਾਸਤ ਕਰਨ,ਖਿਡਾਰਨਾਂ ਨਾਲ ਖਿੱਚ-ਧੂਹ ਕਰਨ ਵਾਲੇ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਨ ਵਰਗੀਆਂ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਇਸ ਮਾਰਚ ਵਿੱਚ ਸਭਨਾਂ ਇਨਸਾਫਪਸੰਦ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

Leave a Reply

Your email address will not be published. Required fields are marked *