ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)– ਪਿੰਡ ਦੀਵਾਨਾ ਦੇ ਖੇਡ ਗਰਾਊਂਡ ਵਿੱਚ ਖਿਡਾਰੀਆ, ਮਾਪਿਆਂ, ਖੇਡ ਪਰਬੰਧਕਾਂ, ਪਿੰਡ ਵਾਸੀਆਂ ਨੇ ਮਿਲ ਕੇ ਦਿੱਲੀ ਦੇ ਜੰਤਰ-ਮੰਤਰ ਵਿੱਚ ਧਰਨਾ ਦੇ ਕਰ ਰਹੇ ਪਹਿਲਵਾਨਾਂ ਦੇ ਹੱਕ ਵਿੱਚ ਅਤੇ ਓਹਨਾਂ ਨੂੰ ਕੁਚਲਣ ‘ਤੇ ਤੁਲੀ ਮੋਦੀ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ।
ਆਪਣੇ ਸੰਬੋਧਨ ਦੌਰਾਨ ਕੋਚ ਬਲਕਾਰ ਸਿੰਘ ਨੇ ਕਿਹਾ ਕਿ ਦੇਸ਼ ਲਈ ਕੌਮਾਂਤਰੀ ਪੱਧਰ ‘ਤੇ ਇਨਾਮ ਜਿੱਤਣ ਵਾਲੀਆਂ ਪਹਿਲਵਾਨ ਕੁੜੀਆਂ ਪਿਛਲੇ 4 ਮਹੀਨਿਆਂ ਤੋਂ ਜਿਣਸੀ ਸ਼ੋਸ਼ਣ ਖਿਲਾਫ਼ ਸਰਕਾਰ ਤੋਂ ਮੰਗ ਕਰ ਰਹੀਆਂ ਹਨ, ਪਰ ਸਰਕਾਰ ਟਸ ਤੋਂ ਮਸ ਨਹੀਂ ਹੋਈ। ਇਹ ਸਰਕਾਰ ਲਈ ਨਮੋਸ਼ੀ ਵਾਲ਼ੀ ਗੱਲ ਹੈ। ਖਿਡਾਰਨ ਗੁਰਜੋਤ ਕੌਰ ਨੇ ਕਿਹਾ ਕਿ ਧਰਨਾ ਦੇ ਰਹੇ ਪਹਿਲਵਾਨਾਂ ਦੀ ਬਿਜਲੀ ਤੇ ਪਾਣੀ ਬੰਦ ਕੀਤਾ ਜਾ ਰਿਹਾ ਹੈ, ਜੋ ਸਾਡੇ ਪਿਆਰੇ, ਸਨਮਾਨਯੋਗ ਖਿਡਾਰੀਆ ਦਾ ਅਪਮਾਨ ਹੈ। ਸਰਕਾਰ ਬਹੁਤ ਗ਼ਲਤ ਕਰ ਰਹੀ ਹੈ। ਖਿਡਾਰਨ ਹਰਮਨ ਕੌਰ ਨੇ ਕਿਹਾ ਕਿ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਤੁਰੰਤ ਕੁਸ਼ਤੀ ਸੰਘ ਦੇ ਪ੍ਰਧਾਨ ਸਮੇਤ ਹੋਰ ਸਾਰੇ ਅਹੁਦਿਆਂ ਤੋਂ ਲਾਹ ਕਿ ਜੇਲ੍ਹ ਭੇਜਣਾ ਚਾਹੀਦਾ ਹੈ, ਜਿਸਨੇ ਖਿਡਾਰੀਆਂ ਦਾ ਜਿਨਸੀ ਤੇ ਮਾਨਸਿਕ ਸੋਸ਼ਣ ਕੀਤਾ ਹੈ। ਪਰਮਜੀਤ ਦੀਵਾਨਾ ਅਤੇ ਸੂਬੇਦਾਰ ਗੁਰਦੇਵ ਸਿੰਘ ਨੇ ਖਿਡਾਰੀਆ ਨਾਲ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ, ਅਸੀਂ ਇਸ ਬੇਇਨਸਾਫ਼ੀ, ਧੱਕੇਸ਼ਾਹੀ ਖ਼ਿਲਾਫ਼ ਖੜ੍ਹੇ ਹਾਂ ਅਤੇ ਪਹਿਲਵਾਨ ਕੁੜੀਆਂ ਨਾਲ ਡਟ ਕੇ ਖੜ੍ਹੇ ਹਾਂ। ਪੁਲਸ ਧਰਨਾਕਾਰੀਆਂ ਨਾਲ ਕੁੱਟਮਾਰ ਕਰਨ, ਧਰਨੇ ਵਿਚ ਸ਼ਾਮਿਲ ਹੋ ਰਹੇ ਹੋਰ ਖਿਡਾਰੀਆ, ਲੋਕਾਂ ਨੂੰ ਰੋਕ ਕੇ ਸਰਕਾਰ ਦਾ ਤਾਨਾਸ਼ਾਹੀ ਰੁਖ ਪ੍ਰਗਟ ਕਰ ਰਹੀ ਹੈ। ਧਰਨੇ ਦੀ ਕਵਰੇਜ ਕਰ ਰਹੇ ਲੋਕਤੰਤਰ ਦੇ ਚੋਥੇ ਥੰਮ ਪੱਤਰਕਾਰਾ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਓਹਨਾਂ ਕਿਹਾ ਪੰਜਾਬ ਦੇਸ਼ ਨਾਂ ਨਾਮ ਉੱਚਾ ਕਰ ਰਹੀਆਂ ਧੀਆਂ ਨਾਲ ਖੜ੍ਹਾ ਹੈ।
ਪ੍ਰਦਰਸ਼ਨਕਰੀਆਂ ਨੇ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਅਤੇ ਮੋਦੀ ਸਰਕਾਰ ਪੁਲਿਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਖਿਡਾਰਣਾਂ ਨੇ ਸਰਕਾਰ ਖ਼ਿਲਾਫ਼ ਅਤੇ ਪਹਿਲਵਾਨਾਂ ਦੇ ਹੱਕ ਵਿੱਚ ਨਾਅਰੇ ਲਿਖੇ ਚਾਰਟ ਹੱਥਾਂ ਵਿੱਚ ਫੜੇ ਹੋਏ ਸਨ।
ਇਸ ਮੌਕੇ ਫ਼ੌਜੀ ਰੂਪ ਸਿੰਘ, ਜਗਜੀਰ ਸਿੰਘ, ਜੱਗਾ ਸਿੰਘ ਕਬੱਡੀ, ਬਲਵਿੰਦਰ ਸਿੰਘ ਬਾਬਾ, ਪਵਿੱਤਰ ਸਿੰਘ, ਨਛੱਤਰ ਸਿੰਘ, ਮਾਸਟਰ ਸੁਰਜੀਤ ਸਿੰਘ, ਗੁਰਦੀਪ ਸਿੰਘ ਦੀਪਾ, ਬਾਰਾ ਸਿੰਘ, ਬੂਟਾ ਸਿੰਘ, ਮਨਜੀਤ ਕੌਰ, ਸੁਖਵਿੰਦਰ ਕੌਰ, ਮਨਪ੍ਰੀਤ ਕੌਰ ਆਦਿ ਹਾਜ਼ਿਰ ਸਨ।