ਹੁਣ ਤੱਕ ਸੂਬੇ ਭਰ ਦੇ 25.63 ਲੱਖ ਮਰੀਜ਼ਾਂ ਨੇ ਆਮ ਆਦਮੀ ਕਲੀਨਿਕਾਂ ਤੋਂ ਲਾਭ ਉਠਾਇਆ
30 ਅਪ੍ਰੈਲ ਤੱਕ ਕੁੱਲ 1.78 ਲੱਖ ਮਰੀਜਾਂ ਦੇ 41 ਕਿਸਮ ਦੇ ਡਾਇਗਨੌਸਟਿਕ ਟੈਸਟ ਮੁਫ਼ਤ ਕੀਤੇ
ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)–ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਤੰਦਰੁਸਤ, ਪ੍ਰਗਤੀਸ਼ੀਲ ਅਤੇ ਖੁਸ਼ਹਾਲ ਸੂਬੇ ਦੀ ਸਿਰਜਣਾ ਵੱਲ ਇੱਕ ਹੋਰ ਪੁਲਾਂਘ ਪੁੱਟਦੇ ਹੋਏ ਸੂਬੇ ਵਿੱਚ 80 ਹੋਰ ਆਮ ਆਦਮੀ ਕਲੀਨਿਕ ਲੋਕ ਅਰਪਣ ਕੀਤਾ ਗਿਆ ਹੈ, ਜਿਸ ਤੋਂ ਬਾਅਦ ਸੂਬੇ ਵਿੱਚ ਚੱਲ ਰਹੇ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ ਹੁਣ 580 ਹੋ ਗਈ ਹੈ।
ਆਮ ਆਦਮੀ ਕਲੀਨਿਕਾਂ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਹੁਣ ਸੂਬੇ ਵਿੱਚ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਲਗਭਗ 580 ਆਮ ਆਦਮੀ ਕਲੀਨਿਕ ਕੰਮ ਕਰ ਰਹੇ ਹਨ। ਉਨਾਂ ਕਿਹਾ ਕਿ ਇਹ 580 ਕਲੀਨਿਕ ਤਿੰਨ ਪੜਾਵਾਂ ਵਿੱਚ ਸੂਬੇ ਦੇ ਲੋਕਾਂ ਦੀ ਸੇਵਾ ਵਿੱਚ ਸ਼ਾਮਲ ਕੀਤੇ ਗਏ ਹਨ। ਸ੍ਰੀ ਬਹਿਲ ਨੇ ਕਿਹਾ ਕਿ ਇਹ ਕਲੀਨਿਕ ਪਹਿਲਾਂ ਹੀ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਮੀਲ ਪੱਥਰ ਸਾਬਤ ਹੋਏ ਹਨ ਅਤੇ ਬੜੇ ਸੁਚਾਰੂ ਢੰਗ ਨਾਲ ਬਾਖੂਬੀ ਕੰਮ ਕਰ ਰਹੇ ਹਨ।
ਚੇਅਰਮੈਨ ਰਮਨ ਬਹਿਲ ਨੇ ਅੱਗੇ ਕਿਹਾ ਕਿ ਅਤਿ-ਆਧੁਨਿਕ ਬੁਨਿਆਦੀ ਢਾਂਚੇ ਨਾਲ ਲੈਸ ਇਹ ਕਲੀਨਿਕ ਲੋਕਾਂ ਨੂੰ ਵਿਸ਼ਵ ਪੱਧਰੀ ਇਲਾਜ ਅਤੇ ਜਾਂਚ ਸਹੂਲਤਾਂ ਮੁਫ਼ਤ ਪ੍ਰਦਾਨ ਕਰ ਰਹੇ ਹਨ। ਉਨਾਂ ਕਿਹਾ ਕਿ ਹੁਣ ਤੱਕ ਸੂਬੇ ਭਰ ਦੇ 25.63 ਲੱਖ ਮਰੀਜ਼ ਇਨਾਂ ਆਮ ਆਦਮੀ ਕਲੀਨਿਕਾਂ ਤੋਂ ਲਾਭ ਉਠਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨਾਂ ਕਲੀਨਿਕਾਂ `ਤੇ ਕੁੱਲ 41 ਕਿਸਮ ਦੇ ਡਾਇਗਨੌਸਟਿਕ ਟੈਸਟ ਮੁਫਤ ਕੀਤੇ ਜਾ ਰਹੇ ਹਨ ਅਤੇ 30 ਅਪ੍ਰੈਲ ਤੱਕ ਕੁੱਲ 1.78 ਲੱਖ ਮਰੀਜਾਂ ਨੇ ਇਨਾਂ ਕਲੀਨਿਕਾਂ ਤੋਂ ਟੈਸਟ ਕਰਵਾਏ ਹਨ।
ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਵੱਡੇ ਮਾਣ ਵਾਲੀ ਗੱਲ ਇਹ ਵੀ ਹੈ ਕਿ ਇਨਾਂ ਕਲੀਨਿਕਾਂ ਨੇ ਸੂਬੇ ਵਿੱਚ ਫੈਲੀਆਂ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕਰਨ ਅਤੇ ਪ੍ਰਭਾਵਸਾਲੀ ਢੰਗ ਨਾਲ ਅਜਿਹੀਆਂ ਬਿਮਾਰੀਆਂ ਦਾ ਟਾਕਰਾ ਕਰਨ ਲਈ ਇੱਕ ਡੇਟਾਬੇਸ ਤਿਆਰ ਕਰਨ ਵਿੱਚ ਸਰਕਾਰ ਦੀ ਭਰਪੂਰ ਮਦਦ ਕੀਤੀ ਹੈ। ਉਨਾਂ ਦੱਸਿਆ ਕਿ ਇਨਾਂ ਕਲੀਨਿਕਾਂ ਵਿੱਚ ਮਰੀਜ਼ਾਂ ਨੂੰ ਕੁੱਲ 80 ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਦਵਾਈਆਂ ਹਾਈਪਰਟੈਨਸ਼ਨ, ਸ਼ੂਗਰ, ਚਮੜੀ ਦੀਆਂ ਬਿਮਾਰੀਆਂ, ਮੌਸਮੀ ਬਿਮਾਰੀਆਂ ਜਿਵੇਂ ਵਾਇਰਲ ਬੁਖਾਰ ਅਤੇ ਹੋਰ ਲਈ ਹਨ। ਬਹਿਲ ਨੇ ਕਿਹਾ ਕਿ ਰਾਜ ਸਰਕਾਰ ਦੇ ਇਨ੍ਹਾਂ ਉਪਰਾਲਿਆਂ ਸਦਕਾ ਸਿਹਤ ਸੇਵਾਵਾਂ ਦੇ ਖੇਤਰ ਵਿਚ ਨਵੀਂ ਕ੍ਰਾਂਤੀ ਆਈ ਹੈ।