ਲੁਧਿਆਣਾ, ਗੁਰਦਾਸਪੁਰ 7 ਅਕਤੂਬਰ (ਸਰਬਜੀਤ ਸਿੰਘ)– ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਵਿਦਿਆਰਥੀਆਂ ਵੱਲੋਂ ਅੱਜ ਵਿਦਿਆਰਥੀ ਭਵਨ ਦੇ ਬਾਹਰ ਇਕੱਠੇ ਹੋ ਕੇ ਦਿੱਲੀ ਦੇ ਨਿਊਜ਼ ਕਲਿੱਕ ਦੇ ਪੱਤਰਕਾਰਾਂ ਤੇ ਯੂ ਏ ਪੀ ਏ ਕਾਲੇ ਕਨੂੰਨ ਤਹਿਤ ਕੇਸ ਦਰਜ ਕਰਨ, ਗਿਰਫ਼ਤਾਰ ਕਰਨ ਅਤੇ ਓਹਨਾ ਦੇ ਘਰਾਂ, ਦਫਤਰਾਂ ਤੇ ਛਾਪੇਮਾਰੀ ਕਰਨ ਖਿਲਾਫ ਰੋਸ ਜਤਾਇਆ ਗਿਆ।
ਇਕੱਠੇ ਹੋਏ ਵਿਦਿਆਰਥੀਆਂ ਨੇ ਕਿਹਾ ਕਿ ਨਿਊਜ਼ ਕਲਿੱਕ ਦੇ ਭਾਸ਼ਾ ਸਿੰਘ , ਉਰਮਿਲੇਸ਼ ਵਰਗੇ ਪੱਤਰਕਾਰ ਹੀ ਨੇ ਜਿਨ੍ਹਾਂ ਨੇ ਦਿੱਲੀ ਕਿਸਾਨ ਅੰਦੋਲਨ ਚ ਪੂਰੀ ਕਵਰੇਜ ਕੀਤੀ ਅਤੇ ਕਾਰਪੋਰੇਟ ਅਤੇ ਸਰਕਾਰ ਦੇ ਗੱਠਜੋੜ ਨੂੰ ਨਸ਼ਰ ਕੀਤਾ। ਦਿੱਲੀ ਦੀਆਂ ਯੂਨੀਵਰਸਿਟੀਆਂ ਚ ਹੁੰਦੇ ਫੀਸਾਂ ਦੇ ਮਸਲੇ ਤੇ ਵਿਦਿਆਰਥੀ ਸੰਘਰਸ਼ਾਂ ਦੀ ਖਬਰ ਲੋਕਾਂ ਤੱਕ ਪਹੁੰਚਾਈ ਜਿੰਨਾ ਵਿਦਿਆਥੀਆਂ ਦੇ ਮੁੱਦੇ ਨੂੰ ਸਰਕਾਰ ਪੱਖੀ ਮੀਡੀਆ ਅਣਗੌਲਿਆਂ ਕਰ ਰਿਹਾ ਸੀ। ਇਹਨਾਂ ਚੰਦ ਕ ਪੱਤਰਕਾਰਾਂ ਨੇ ਹੀ ਨਾਗਰਿਕਤਾ ਸੋਧ ਕਨੂੰਨ ਦਾ ਪਰਦਾਫਾਸ਼ ਕੀਤਾ ਅਤੇ ਹੋਰ ਤਾਂ ਹੋਰ ਅਡਾਨੀ ਦੀ ਬੰਦਰਗਾਹ ਤੇ ਕਰੋੜਾਂ ਦੀ ਹੀਰੋਇਨ ਨਸ਼ਾ ਮਿਲਣ ਤੇ ਵੀ ਇਹਨਾਂ ਪੱਤਰਕਾਰਾਂ ਨੇ ਅਵਾਜ ਉਠਾਈ ਸੀ ਜਦ ਕਿ ਗੋਦੀ ਮੀਡੀਆ ਲੋਕਾਂ ਨੂੰ ਧਰਮ ਜਾਤ ਇਲਾਕੇ ਦੇ ਨਾਮ ਤੇ ਲੜਾਉਣ, ਭੜਕਾਉਣ ,ਨਫਤਰ ਫੈਲਾਉਣ ਅਤੇ ਸਰਕਾਰਾਂ ਦੇ ਸੋਹਲੇ ਗਾਉਣ ਸੀ ਮਸਤ ਹੁੰਦਾ ਸੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਥੀਆਂ ਨੇ ਕਿਹਾ ਕਿ ਅੱਜ ਜਦੋਂ ਭਾਜਪਾ ਆਰ ਐਸ ਐਸ ਵੱਲੋਂ ਦੇਸ਼ ਭਰ ਚ ਫਿਰਕਾਪ੍ਰਸਤੀ ਫੈਲਾਓ ਜਾ ਰਹੀ ਹੈ ਉਸ ਸਮੇਂ ਹੱਕ ਸੱਚ ਦੀ ਆਵਾਜ਼ ਚਾਹੇ ਥੋੜ੍ਹੀ ਹੋਵੇ ਹੁੰਦੀ ਬਹੁਤ ਜਰੂਰੀ ਹੈ। ਅਜਿਹੇ ਪੱਤਰਕਾਰ ਹਨੇਰੇ ਚ ਦੀਵੇ ਦਾ ਕੰਮ ਕਰਦੇ ਨੇ ਤਾਂ ਸਾਡਾ ਵਿਦਿਆਰਥੀਆਂ ਦਾ ਫਰਜ ਬਣਦਾ ਹੈ ਕਿ ਅਸੀਂ ਉਸ ਦੀਵੇ ਦੀ ਲੋਅ ਚ ਸਹੀ ਰਾਹ ਲੱਭੀਏ ਅਤੇ ਉਸਨੂੰ ਬੁਝਣ ਤੋਂ ਬਚਾਈਏ।
ਅੱਜ ਸਰਕਾਰੀ ਯੂਨੀਵਰਸਿਟੀਆਂ ਕਾਲਜ ਫੰਡਾਂ ਨੂੰ ਤਰਸ ਰਹੇ ਨੇ , ਫੀਸਾਂ ਵਧ ਰਹੀਆਂ ਨੇ , ਸਰਕਾਰੀ ਅਦਾਰੇ ਬੰਦ ਕੀਤੇ ਜਾ ਰਹੇ ਨੇ ਅਤੇ ਸਰਕਾਰੀ ਨੌਕਰੀਆਂ ਘਟਾਈਆਂ ਜਾ ਰਹੀਆਂ ਨੇ।
ਇਹ ਸਭ ਕੁਝ ਨਿੱਜੀਕਰਨ ਦੀ ਨੀਤੀ ਤਹਿਤ ਕੀਤਾ ਜਾ ਰਿਹਾ ਹੈ ਤਾਂ ਕੇ ਵੱਡੀਆਂ ਕਾਰਪੋਰੇਟ ਕੰਪਨੀਆਂ ਦੇ ਮੁਨਾਫੇ ਵਧਾਏ ਜਾ ਸਕਣ। ਪਰ ਦੇਸ਼ ਦੀ ਜਵਾਨੀ ਦਾ ਕੋਈ ਫ਼ਿਕਰ ਨਹੀਂ। ਇਸ ਕਰਕੇ ਜੇਕਰ ਕੋਈ ਸਹੀ ਗੱਲ ਦੱਸਦਾ ਹੈ ਤਾਂ ਉਸਨੂੰ ਕਾਲੇ ਕਨੂੰਨਾਂ ਨਾਲ ਦਬਾਇਆ ਜਾਂਦਾ ਹੈ ਇਸ ਸਭ ਦਾ ਵਿਰੋਧ ਜਰੂਰੀ ਹੈ।


