ਗੁਰਦਾਸਪੁਰ, 12 ਦਸੰਬਰ (ਸਰਬਜੀਤ ਸਿੰਘ)– ਨਗਰ ਕੌਂਸਲ ਗੁਰਦਾਸਪੁਰ ਦੇ ਵਾਰਡ ਨੰਬਰ 16 ਦੀ ਉਪ ਚੋਣ ਲਈ ਅੱਜ ਨਾਮਜ਼ਦਗੀ ਪੱਤਰ ਭਰਨ ਦੇ ਆਖ਼ਰੀ ਦਿਨ 5 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਵਾਰਡ ਨੰਬਰ 16 ਦੀ ਉਪ ਚੋਣ ਦੇ ਰਿਟਰਨਿੰਗ ਅਫ਼ਸਰ ਤਹਿਸੀਲਦਾਰ ਗੁਰਦਾਸਪੁਰ ਸ੍ਰੀ ਅਰਵਿੰਦ ਕੁਮਾਰ ਸਲਵਾਨ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ 3:00 ਵਜੇ ਤੱਕ ਕੁੱਲ 5 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ ਹਨ, ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਬੇਦੀ, ਕਾਂਗਰਸ ਪਾਰਟੀ ਦੇ ਉਮੀਦਵਾਰ ਵਰੁਨ ਕੁਮਾਰ, ਕਾਂਗਰਸ ਦੇ ਕਵਰਿੰਗ ਉਮੀਦਵਾਰ ਮੋਹਨ ਲਾਲ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪਰਵੀਨ ਕੁਮਾਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ 13 ਦਸੰਬਰ, 2024 ਨੂੰ ਕੀਤੀ ਜਾਏਗੀ ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ 14 ਦਸੰਬਰ 2024 ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਮਿਤੀ 21 ਦਸੰਬਰ 2024 ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ।