ਗੁਰਦਾਸਪੁਰ, 16 ਜੁਲਾਈ (ਸਰਬਜੀਤ ਸਿੰਘ)– ਸਰਕਾਰੀ ਕਾਲਜ ਗੁਰਦਾਸਪੁਰ ਦੇ ਬੀ.ਐੱਸ.ਸੀ. ਮੈਡੀਕਲ ਅਤੇ ਬੀ.ਐੱਸ.ਸੀ. ਨਾਨ-ਮੈਡੀਕਲ ਦੇ ਵਿਦਿਆਰਥੀਆਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰੀਜਨਲ ਸੈਂਟਰ, ਗੁਰਦਾਸਪੁਰ ਵਿਖੇ ਕਰਵਾਇਆ ਗਿਆ 15 ਦਿਨਾਂ ਵਿਸ਼ੇਸ਼ ਇੰਟਰਨਸ਼ਿਪ ਅਤੇ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਅੱਜ ਪ੍ਰਭਾਵਸ਼ਾਲੀ ਢੰਗ ਨਾਲ ਸੰਪੰਨ ਹੋ ਗਿਆ। ਇਸ ਵਿਲੱਖਣ ਪ੍ਰੋਗਰਾਮ ਵਿੱਚ 115 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਖੇਤੀ ਵਿਗਿਆਨ, ਆਧੁਨਿਕ ਤਕਨੀਕਾਂ ਅਤੇ ਵਿਹਾਰਕ ਸਿੱਖਿਆ ਦੇ ਵੱਖ-ਵੱਖ ਪਹਿਲੂਆਂ ਬਾਰੇ ਡੂੰਘੀ ਜਾਣਕਾਰੀ ਅਤੇ ਹੱਥੋਂ-ਹੱਥ ਸਿਖਲਾਈ ਪ੍ਰਾਪਤ ਕੀਤੀ।
ਇਹ ਪ੍ਰੋਗਰਾਮ ਉੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਦੂਰਅੰਦੇਸ਼ੀ ਅਗਵਾਈ ਅਤੇ ਸ਼੍ਰੀਮਤੀ ਸੋਨਾਲੀ ਗਿਰੀ, ਪ੍ਰਮੁੱਖ ਸਕੱਤਰ, ਉੱਚ ਸਿੱਖਿਆ ਅਤੇ ਕੁਲਵੰਤ ਸਿੰਘ, ਆਈ.ਏ.ਐਸ., ਡਾਇਰੈਕਟਰ ਉਚੇਰੀ ਸਿੱਖਿਆ, ਪੰਜਾਬ ਦੇ ਮਾਰਗਦਰਸ਼ਨ ਹੇਠ ਕਰਵਾਇਆ ਗਿਆ। ਇਸ ਦਾ ਮੁੱਖ ਉਦੇਸ਼ ਉੱਚ ਸਿੱਖਿਆ ਨੂੰ ਵਿਹਾਰਕ ਅਨੁਭਵ ਨਾਲ ਜੋੜਨਾ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਹੁਨਰਮੰਦ ਅਤੇ ਰੁਜ਼ਗਾਰ-ਯੋਗ ਬਣਾਉਣਾ ਸੀ।
ਸਮਾਪਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਿੰਸੀਪਲ ਸਾਇੰਟਿਸਟ ਡਾ. ਜੋਹਰ ਸਿੰਘ ਨੇ ਕਿਹਾ ਕਿ ਸਰਕਾਰੀ ਕਾਲਜ ਗੁਰਦਾਸਪੁਰ ਵਰਗੀ ਸਿਰਮੌਰ ਵਿੱਦਿਅਕ ਸੰਸਥਾ ਦੇ ਵਿਦਿਆਰਥੀਆਂ ਨਾਲ ਕੰਮ ਕਰਨਾ ਉਨ੍ਹਾਂ ਲਈ ਵੀ ਇੱਕ ਨਵਾਂ ਅਤੇ ਯਾਦਗਾਰ ਅਨੁਭਵ ਰਿਹਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਿੱਚ ਸਿੱਖਣ ਦੀ ਲਗਨ, ਵਿਗਿਆਨਕ ਸੋਚ ਅਤੇ ਨਵੀਆਂ ਤਕਨੀਕਾਂ ਨੂੰ ਅਪਣਾਉਣ ਦਾ ਉਤਸ਼ਾਹ ਦੇਖ ਕੇ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਖੇਤੀ ਵਿਗਿਆਨ ਦੀ ਇਹ ਸਾਂਝ ਭਵਿੱਖ ਵਿੱਚ ਨਵੇਂ ਖੋਜੀ ਅਤੇ ਉਦਮੀ ਨੌਜਵਾਨ ਤਿਆਰ ਕਰਨ ਵਿੱਚ ਮੀਲ ਪੱਥਰ ਸਾਬਤ ਹੋਵੇਗੀ।
ਇਸ ਮੌਕੇ ‘ਰੀਜਨਲ ਸੈਂਟਰ ਦੇ ਡਾਇਰੈਕਟਰ ਪ੍ਰੋ. ਐਚ. ਐਸ. ਰੰਧਾਵਾ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਉਦੇਸ਼ ਕੇਵਲ ਕਿਸਾਨਾਂ ਤੱਕ ਤਕਨੀਕ ਪਹੁੰਚਾਉਣਾ ਹੀ ਨਹੀਂ, ਸਗੋਂ ਨੌਜਵਾਨਾਂ ਨੂੰ ਵਿਗਿਆਨ ਅਤੇ ਖੇਤੀ ਦੇ ਨਵੇਂ ਮੌਕਿਆਂ ਨਾਲ ਵੀ ਜੋੜਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜ ਗੁਰਦਾਸਪੁਰ ਨਾਲ ਇਹ ਵਿੱਦਿਅਕ ਸਾਂਝ ਦੋਹਾਂ ਸੰਸਥਾਵਾਂ ਲਈ ਇੱਕ ਨਵੀਂ ਸ਼ੁਰੂਆਤ ਹੈ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਹੋਰ ਸਾਂਝੇ ਪ੍ਰੋਗਰਾਮ ਕਰਵਾਏ ਜਾਣਗੇ।
ਸਮਾਪਨ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਇਹ ਇੰਟਰਨਸ਼ਿਪ ਉਨ੍ਹਾਂ ਦੀ ਵਿਦਿਆਰਥੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਸਿੱਖਣ ਅਨੁਭਵ ਰਿਹਾ। ਵਿਦਿਆਰਥੀਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਇੰਟਰਨਸ਼ਿਪ ਤੋਂ ਬਿਨਾਂ ਸਿੱਖਿਆ ਅਧੂਰੀ ਹੈ।
ਵਿਦਿਆਰਥੀਆਂ ਨੇ ਦੱਸਿਆ ਕਿ ਇਸ ਸਿਖਲਾਈ ਦੌਰਾਨ ਉਨ੍ਹਾਂ ਮਿੱਟੀ ਦੀ ਜਾਂਚ ਦੀ ਵਿਗਿਆਨਕ ਵਿਧੀ, ਕਿਚਨ ਗਾਰਡਨ** ਦੀ ਯੋਜਨਾਬੰਦੀ,ਮੌਸਮ ਵਿਗਿਆਨ ਅਤੇ ਖੇਤੀ ਵਿੱਚ ਇਸ ਦੀ ਭੂਮਿਕਾ,, ਖਾਦਾਂ ਅਤੇ ਪੌਸ਼ਟਿਕ ਤੱਤਾਂ ਦੇ ਵਿਗਿਆਨਕ ਉਪਯੋਗ, ਆਧੁਨਿਕ ਖੇਤੀ ਤਕਨੀਕਾਂ, ਫੂਡ ਪ੍ਰੋਸੈਸਿੰਗ ਅਤੇ ਵੈਲਿਊ ਐਡੀਸ਼ਨ, ਖੇਤੀ ਆਧਾਰਿਤ ਉਦਯੋਗਾਂ, ਉਦਮਤਾ ਵਿਕਾਸ, ਕੁਦਰਤੀ ਸਰੋਤਾਂ ਦੇ ਸੁਚੱਜੇ ਪ੍ਰਬੰਧਨ ਅਤੇ ਖੇਤੀ ਖੋਜ ਦੇ ਨਵੇਂ ਮੌਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਹੋਈ।


