ਹਾਲ ਹੀ ਵਿੱਚ ਮਾਣਯੋਗ ਸੁਪਰੀਮ ਕੋਰਟ ਵੱਲੋਂ ਨਿੰਦਾ ਦੇ ਬਾਵਜੂਦ, ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਧ ਰਹੇ ਨਸ਼ਿਆਂ ਦੀ ਦੁਰਵਰਤੋਂ ‘ਤੇ ਲਗਾਮ ਲਗਾਉਣ ਲਈ ਕੋਈ ਰੂਪ-ਰੇਖਾ ਤਿਆਰ ਕਰਨ ਵਿੱਚ ਅਸਫਲ ਰਹੀ ਹੈ: ਵਿਰੋਧੀ ਧਿਰ ਦੇ ਆਗੂ
ਚੰਡੀਗੜ੍ਹ, ਗੁਰਦਾਸਪੁਰ, 10 ਜੁਲਾਈ (ਸਰਬਜੀਤ ਸਿੰਘ)– ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਸਰਕਾਰ ਬਣਨ ਦੇ ਚਾਰ ਮਹੀਨਿਆਂ ਦੇ ਅੰਦਰ-ਅੰਦਰ ਨਸ਼ਿਆਂ ਦੇ ਖ਼ਾਤਮੇ ਲਈ ਕੀਤੇ ਵਾਅਦਿਆਂ ਦੀ ਯਾਦ ਦਿਵਾਉਂਦਿਆਂ, ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ,ਪ੍ਰਤਾਪ ਸਿੰਘ ਬਾਜਵਾ ਨੇ ਐਤਵਾਰ ਨੂੰ ਕਿਹਾ ਕਿ ਇਨ੍ਹਾਂ ਦੋਵਾਂ ਦੀ ਚਮੜੀ ਮੋਟੀ ਹੋ ਗਈ ਹੈ, ਇਸ ਲਈ, ਨਸ਼ਿਆਂ ਦੀ ਓਵਰਡੋਜ਼ ਕਾਰਨ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੁਣ ਉਨ੍ਹਾਂ ਨੂੰ ਪਰੇਸ਼ਾਨ ਨਹੀਂ ਕਰਦਿਆਂ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਨਸ਼ਿਆਂ ਕਾਰਨ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ‘ਆਪ’ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਲਈ ਇੱਕ ਨਵੀਂ ਆਮ ਗੱਲ ਬਣ ਗਈ ਜਾਪਦੀ ਹੈ। ਹੁਣ ਅਜਿਹੀਆਂ ਘਟਨਾਵਾਂ ‘ਆਪ’ ਆਗੂਆਂ ਨੂੰ ਪਰੇਸ਼ਾਨ ਅਤੇ ਨਾਰਾਜ਼ ਨਹੀਂ ਕਰਦੀਆਂ।
“ਨਸ਼ਿਆਂ ਦੀ ਦੁਰਵਰਤੋਂ ਨਾਲ ਹੋਣ ਵਾਲੀਆਂ ਮੌਤਾਂ ਲਗਭਗ ਹਰ ਦਿਨ ਖ਼ਬਰਾਂ ਦੀਆਂ ਸੁਰਖ਼ੀਆਂ ਬਣਦੀਆਂ ਜਾ ਰਹੀਆਂ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ, ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮਖੂ ਥਾਣੇ ਦੇ ਪੁਲਿਸ ਕਰਮਚਾਰੀ ਨੂੰ ਨਸ਼ਿਆਂ ਦਾ ਸੇਵਨ ਕਰਦੇ ਹੋਏ ਦੇਖਿਆ ਜਾ ਸਕਦਾ ਹੈ – ਸੰਭਵ ਤੌਰ ‘ਤੇ ਚਿੱਟਾ। ਬਾਜਵਾ ਨੇ ਅੱਗੇ ਕਿਹਾ ਕਿ ਜਿਹੜੇ ਲੋਕਾਂ ਨਸ਼ਿਆਂ ਦੀ ਸਮੱਸਿਆ ‘ਤੇ ਕਾਬੂ ਪਾਉਣ ਲਈ ਫ਼ਰਜ਼ ਨਿਭਾਉਣਾ ਹੈ, ਉਹ ਖ਼ੁਦ ਅਖੌਤੀ ਬਦਲਾਵ ਸਰਕਾਰ ਦੇ ਅਧੀਨ ਨਸ਼ਿਆਂ ਦਾ ਸ਼ਿਕਾਰ ਹੋ ਗਏ ਹਨ।
ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਇੱਥੋਂ ਤੱਕ ਕਿ ਭਾਰਤ ਦੀ ਸੁਪਰੀਮ ਕੋਰਟ ਨੇ ਵੀ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ‘ਆਪ’ ਸਰਕਾਰ ਦੀ ਖਿਚਾਈ ਕੀਤੀ ਸੀ ਅਤੇ ਇਸ ਦੇ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਸੀ, ਫਿਰ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਸ਼ਿਆਂ ਦੀ ਵੱਧ ਰਹੇ ਧੰਦੇ ‘ਤੇ ਲਗਾਮ ਲਗਾਉਣ ਲਈ ਕੋਈ ਰੂਪ-ਰੇਖਾ ਤਿਆਰ ਕਰਨ ਵਿੱਚ ਬੁਰੀ ਤਰਾਂ ਅਸਫਲ ਰਹੀ ਹੈ।
“2022 ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਕੇਜਰੀਵਾਲ ਅਤੇ ਮਾਨ ਦੂਜੀਆਂ ਪਾਰਟੀਆਂ ਦੇ ਨੇਤਾਵਾਂ ‘ਤੇ ਨਸ਼ਾ ਤਸਕਰੀ ਬਾਰੇ ਢਿੱਲੇ ਰਵੱਈਏ ਦਾ ਦੋਸ਼ ਲਗਾਉਂਦੇ ਸਨ। ਹੁਣ 16 ਮਹੀਨੇ ਹੋ ਗਏ ਹਨ, ਜਦੋਂ ਤੋਂ ਪੰਜਾਬ ਦੀ ਸੱਤਾ ‘ਤੇ ‘ਆਪ’ ਦੀ ਪਕੜ ਬਣੀ ਹੈ ਅਤੇ ਨਸ਼ਾ ਤੇਜ਼ੀ ਨਾਲ ਵੱਧ ਰਿਹਾ ਹੈ। ਹੁਣ, ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ‘ਆਪ’ ਸਰਕਾਰ ਸਰਕਾਰ ਦੇ ਗਠਨ ਦੇ ਚਾਰ ਮਹੀਨਿਆਂ ਦੇ ਅੰਦਰ-ਅੰਦਰ ਇਸ ਨੂੰ ਖਤਮ ਕਰਨ ਦੇ ਵਾਅਦੇ ਦੇ ਬਾਵਜੂਦ ‘ਆਪ’ ਸਰਕਾਰ ਨਸ਼ਿਆਂ ਦੇ ਪੈਡਲਰਾਂ ਨੂੰ ਫੜਨ ਅਤੇ ਇਸ ਖਤਰੇ ਨੂੰ ਰੋਕਣ ਵਿੱਚ ਅਸਫਲ ਕਿਉਂ ਰਹੀ ਹੈ।”


