ਆਮ ਆਦਮੀ ਕਲੀਨਿਕ ਸਮੁੱਚੇ ਲੋਕਾਂ ਨੂੰ ਘਰਾਂ ਦੇ ਕੋਲ ਮੁਫਤ ਸਿਹਤ ਸਹੂਲਤਾਂ, ਟੈਸਟ ਤੇ ਦਵਾਈਆਂ ਦੇਣ ਵਿੱਚ ਹੋ ਰਹੇ ਹਨ ਕਾਰਗਰ ਸਿੱਧ-ਚੇਅਰਮੈਨ ਰਮਨ ਬਹਿਲ

ਗੁਰਦਾਸਪੁਰ

ਜ਼ਿਲ੍ਹਾ ਗੁਰਦਾਸਪੁਰ ਵਿੱਚ ਇਸ ਸਾਲ ਮਈ ਮਹੀਨੇ ਤੱਕ 1,33,764 ਮਰੀਜ਼ਾਂ ਦਾ ਸਫ਼ਲਤਾਪੂਰਵਕ ਮੁਫ਼ਤ ਇਲਾਜ ਅਤੇ 36,495 ਮਰੀਜ਼ਾਂ ਦੇ ਮੁਫ਼ਤ ਲੈਬ ਟੈਸਟ ਕੀਤੇ ਗਏ – ਰਮਨ ਬਹਿਲ

ਗੁਰਦਾਸਪੁਰ, 6 ਜੁਲਾਈ (ਸਰਬਜੀਤ ਸਿੰਘ)– ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਚਲਾਏ ਜਾ ਰਹੇ ਆਮ ਆਦਮੀ ਕਲੀਨਿਕ ਸਮੁੱਚੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਕੋਲ ਮੁਫਤ ਸਿਹਤ ਸਹੂਲਤਾਂ ਦੇਣ ਵਿੱਚ ਕਾਰਗਰ ਸਿੱਧ ਹੋਏ ਹਨ।

ਜ਼ਿਲ੍ਹਾ ਗੁਰਦਾਸਪੁਰ ਵਿੱਚ ਆਮ ਆਦਮੀ ਕਲੀਨਿਕਾਂ ਰਾਹੀਂ ਇਸ ਸਾਲ ਜਨਵਰੀ ਤੋਂ ਮਈ ਮਹੀਨੇ ਤੱਕ ਦਿੱਤੀਆਂ ਸਿਹਤ ਸੇਵਾਵਾਂ ਦੇ ਅੰਕੜੇ ਸਾਂਝੇ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਰੋਜ਼ਾਨਾਂ ਹਜ਼ਾਰਾਂ ਵਿਅਕਤੀ ਆਮ ਆਦਮੀ ਕਲੀਨਿਕਾਂ ਰਾਹੀਂ ਮੁਫ਼ਤ ਦਵਾਈਆਂ ਅਤੇ ਟੈਸਟ ਕਰਵਾਉਣ ਦੀ ਸਹੂਲਤ ਦਾ ਲਾਭ ਲੈ ਰਹੇ ਹਨ। ਸ੍ਰੀ ਬਹਿਲ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 35 ਆਮ ਆਦਮੀ ਕਲੀਨਿਕ ਸੇਵਾਵਾਂ ਨਿਭਾ ਰਹੇ ਹਨ ਜਿਨ੍ਹਾਂ ਵਿੱਚ ਇਸ ਸਾਲ ਜਨਵਰੀ ਤੋਂ ਮਈ ਮਹੀਨੇ ਤੱਕ 1,33,764 ਮਰੀਜ਼ਾਂ ਨੇ ਮੁਫ਼ਤ ਇਲਾਜ ਦੀ ਸਹੂਲਤ ਪ੍ਰਾਪਤ ਕੀਤੀ ਹੈ। ਇਸਦੇ ਨਾਲ ਹੀ ਇਸ ਅਰਸੇ ਦੌਰਾਨ 36,495 ਮਰੀਜ਼ਾਂ ਦੇ ਮੁਫ਼ਤ ਲੈਬ ਟੈਸਟ ਕੀਤੇ ਗਏ ਹਨ।

ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਮੁਫ਼ਤ ਮੁੱਢਲੀਆਂ ਸਿਹਤ ਸਹੂਲਤਾਂ, ਚੈਕਅੱਪ ਅਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ। ਜਿੱਥੇ ਹਜ਼ਾਰਾਂ ਮਰੀਜ਼ ਬਿਨਾਂ ਕਿਸੇ ਦਿੱਕਤ ਦੇ ਆਪਣੇ ਘਰਾਂ ਦੇ ਨੇੜੇ ਚੈਕਅੱਪ ਅਤੇ ਦਵਾਈ ਦੀ ਮੁੱਢਲੀ ਸਿਹਤ ਸਹੂਲਤਾਂ ਦਾ ਲਾਭ ਲੈ ਰਹੇ ਹਨ।

ਬਹਿਲ ਨੇ ਕਿਹਾ ਕਿ ਇਨ੍ਹਾਂ ਆਮ ਆਦਮੀ ਕਲੀਨਿਕਾਂ ਨੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਲੰਬਾ ਇੰਤਜ਼ਾਰ ਕਰਨ ਦੀ ਪਰੇਸ਼ਾਨੀ ਨੂੰ ਘਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਦੇ ਖੁੱਲ੍ਹਣ ਨਾਲ਼ ਸਰਕਾਰੀ ਹਸਪਤਾਲਾਂ ਵਿੱਚ ਓਪੀਡੀ ਦਾ ਦਬਾਅ ਪਹਿਲਾਂ ਤੋਂ ਘਟਿਆ ਹੈ, ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਫ਼ਤ ਦਵਾਈਆਂ ਅਤੇ ਚੈਕਅੱਪ ਦੀ ਸਹੂਲਤ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਵੀ ਹੁਣ ਓਪੀਡੀ ਦੇ ਬੋਝ ਤੋਂ ਕਾਫੀ ਹੱਦ ਤੱਕ ਮੁਕਤ ਹੋ ਰਹੇ ਹਨ ਅਤੇ ਮਾਹਿਰ ਡਾਕਟਰ ਅਤੇ ਮੈਡੀਕਲ ਸਟਾਫ਼ ਲਗਾਤਾਰ ਲੋੜਵੰਦ ਮਰੀਜ਼ਾਂ ਦਾ ਇਲਾਜ ਕਰ ਰਿਹਾ ਹੈ।    

Leave a Reply

Your email address will not be published. Required fields are marked *