ਯੂ ਪੀ ਵਿੱਚ ਪੁਲਿਸ ਪ੍ਰਸ਼ਾਸਨ ਦੀਆਂ ਸਖ਼ਤ ਪਾਬੰਦੀਆਂ ਕਾਰਨ ਰੈੱਡ ਸਟਾਰ ਨੂੰ ਸੂਬਾਈ ਕਨਵੈਨਸ਼ਨ ਮੁਲਤਵੀ

ਮਾਲਵਾ

ਡਬਲ ਇੰਜਣ ਸਰਕਾਰ ਦਾ ਫਾਸ਼ੀਵਾਦੀ ਚਿਹਰਾ ਹੋਇਆ ਨੰਗਾ – ਲਾਭ ਅਕਲੀਆ

ਬਰਨਾਲਾ, ਗੁਰਦਾਸਪੁਰ, 14 ਜੁਲਾਈ (ਸਰਬਜੀਤ ਸਿੰਘ)– ਸੀ ਪੀ ਆਈ (ਐੱਮ ਐੱਲ) ਰੈੱਡ ਸਟਾਰ ਦੀ ਉੱਤਰ ਪ੍ਰਦੇਸ਼ ਸਟੇਟ ਕਮੇਟੀ ਵੱਲੋਂ ਆਪਣੀ ਚੌਥੀ ਸੂਬਾਈ ਕਨਵੈਨਸ਼ਨ 15-16 ਜੁਲਾਈ ਨੂੰ ਸ਼ਹੀਦ ਵਿਜੇ ਹਾਲ (ਜੈ ਪ੍ਰਕਾਸ਼ ਪਾਸਵਾਨ ਦੇ ਨਿੱਜੀ ਨਿਵਾਸ) ਮਨੀਅਰ (ਜ਼ਿਲ੍ਹਾ ਬਲੀਆ ) ਵਿਖੇ ਆਯੋਜਿਤ ਕੀਤੀ ਜਾਣੀ ਸੀ, ਜਿਸਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤੀ ਨਾਲ ਰੋਕ ਦਿੱਤਾ ਗਿਆ ਹੈ। ਸੀ ਪੀ ਆਈ (ਐੱਮ ਐੱਲ) ਰੈੱਡ ਸਟਾਰ ਪੰਜਾਬ ਇਕਾਈ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਸੂਬਾ ਕਮੇਟੀ ਮੈਂਬਰ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਯੋਗੀ ਸਰਕਾਰ ਦੇ ਇਸ ਫਾਸ਼ੀਵਾਦੀ ਕਦਮ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ। ਯੋਗੀ ਸਰਕਾਰ ਦਾ ਇਹ ਫਾਸ਼ੀਵਾਦੀ ਕਦਮ ਹੈ, ਜਿਹੜਾ ਜਮਹੂਰੀ ਕਦਰਾਂ ਕੀਮਤਾਂ ਦਾ ਘਾਣ ਕਰ ਰਿਹਾ ਹੈ ਅਤੇ ਜਨਤਾ ਦੇ ਸੰਵਿਧਾਨਕ ਹੱਕ ਖੋਹੇ ਜਾ ਰਹੇ ਹਨ। ਆਗੂਆਂ ਨੇ ਇਹ ਵੀ ਦੱਸਿਆ ਕਿ ਯੂ ਪੀ ਵਿਚਲੇ ਉਹਨਾਂ ਦੀ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਕਨ੍ਹਈਆ ਨੂੰ ਬਲੀਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਰ ਬਾਰ ਧਮਕੀਆਂ ਦਿੱਤੀਆਂ ਗਈਆਂ, ਕਿ ਕਨਵੈਨਸ਼ਨ ਰੱਦ ਕੀਤੀ ਜਾਵੇ। ਕਾਮਰੇਡ ਕਨ੍ਹਈਆ ਵੱਲੋਂ ਫਾਸ਼ੀਵਾਦੀ ਯੋਗੀ ਸਰਕਾਰ ਦੇ ਲੋਕ ਵਿਰੋਧੀ ਕਦਮਾਂ ਦਾ ਖੁਲਾਸਾ ਪਹਿਲਾਂ ਹੀ ਪ੍ਰੈਸ ਅਤੇ ਮੀਡਿਆ ਵਿੱਚ ਕੀਤਾ ਜਾ ਚੁੱਕਾ ਹੈ।

ਪਾਰਟੀ ਆਗੂਆਂ ਨੇ ਦੱਸਿਆ ਕਿ ਸੀ ਪੀ ਆਈ (ਐੱਮ ਐੱਲ) ਰੈੱਡ ਸਟਾਰ ਦੀ 13ਵੀਂ ਪਾਰਟੀ ਕਾਂਗਰਸ 16-20 ਸਤੰਬਰ ਨੂੰ ਕਰਨਾਟਕਾ ਵਿੱਚ ਆਯੋਜਿਤ ਕੀਤੀ ਜਾਵੇਗੀ, ਉਸ ਤੋ ਪਹਿਲਾਂ ਸੂਬਿਆਂ ਦੀਆਂ ਕਾਨਫਰੰਸਾਂ ਹੋਣੀਆਂ ਜ਼ਰੂਰੀ ਹਨ। ਪਾਰਟੀ ਆਗੂਆਂ ਨੇ ਇਹ ਵੀ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਤਿੰਨ ਸਾਲ ਬਾਅਦ ਪਾਰਟੀ ਆਪਣੇ ਸਮੇਲਨਾਂ ਅਤੇ ਆਪਣੀ ਕਾਰਗੁਜ਼ਾਰੀ ਬਾਰੇ ਚੋਣ ਕਮਿਸ਼ਨ ਨੂੰ ਸੂਚਿਤ ਕਰੇਗੀ। ਓਥੋਂ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੋਣ ਕਮਿਸ਼ਨ ਦੀ ਚਿੱਠੀ ਵੀ ਦਿਖਾਈ ਗਈ ਪਰ ਉੱਤਰ ਪ੍ਰਦੇਸ਼ ਅੰਦਰ ਅਦਿੱਤਿਆਨਾਥ ਯੋਗੀ ਸਰਕਾਰ ਫਾਸ਼ੀਵਾਦ ਦੀ ਪਟੜੀ ‘ਤੇ ਚੜ੍ਹ ਗਈ ਹੈ। ਜਿਹੜੀ ਹਰ ਤਰ੍ਹਾਂ ਦੇ ਵਿਰੋਧੀ ਵਿਚਾਰਾਂ ਨੂੰ ਖ਼ਤਮ ਕਰਨਾ ਚਹੁੰਦੀ ਹੈ। ਕੇਂਦਰ ਦੀ ਮੋਦੀ ਸਰਕਾਰ ਪਹਿਲਾਂ ਹੀ ਘੱਟ ਗਿਣਤੀਆਂ ਖ਼ਾਸ ਕਰਕੇ ਮੁਸਲਮਾਨਾਂ, ਈਸਾਈਆਂ, ਦਲਿਤਾਂ, ਆਦਿਵਾਸੀਆਂ, ਔਰਤਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ। ਜਿਨ੍ਹਾਂ ਸੂਬਿਆਂ ਵਿੱਚ ਡਬਲ ਇੰਜਣ ਦੀਆਂ ਸਰਕਾਰਾਂ ਹਨ, ਓਥੇ ਸਭ ਤੋਂ ਵੱਧ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ। ਲੋਕਾਂ ਵਿੱਚ ਧਾਰਮਿਕ ਅਤੇ ਫਿਰਕੂ ਵੰਡੀਆਂ ਪਾਕੇ ਹਿੰਦੂਤਵ ਦਾ ਪੱਤਾ ਖੇਡਿਆ ਜਾ ਰਿਹਾ ਹੈ ਅਤੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।
ਫਾਸ਼ੀਵਾਦੀ ਯੋਗੀ ਸਰਕਾਰ ਦੇ ਦਬਾਅ ਹੇਠ, ਮਨੀਅਰ ਪੁਲਿਸ ਸਟੇਸ਼ਨ ਦੇ ਮੁਖੀ ਨੇ ਬਿਨ੍ਹਾਂ ਕਿਸੇ ਸੰਵਿਧਾਨਕ ਜਾਂ ਕਾਨੂੰਨੀ ਕਾਰਨ ਦੱਸੇ ਪਾਰਟੀ ਦੀ ਸੂਬਾਈ ਕਨਵੈਨਸ਼ਨ ਨੂੰ ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਕਿਹਾ ਜਾ ਰਿਹਾ ਹੈ। ਇਹ ਸਾਬਤ ਹੋ ਗਿਆ ਹੈ, ਕਿ ਉੱਤਰ ਪ੍ਰਦੇਸ਼ ਵਿੱਚ ਸੰਵਿਧਾਨਕ ਸ਼ਾਸਨ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ ਅਤੇ ਫਾਸ਼ੀਵਾਦੀ ਬੁਲਡੋਜ਼ਰ ਰਾਜ ਸ਼ੁਰੂ ਹੋ ਗਿਆ ਹੈ।
ਇਸ ਲਈ, ਦਲਿਤਾਂ, ਦੱਬੇ-ਕੁਚਲੇ ਲੋਕਾਂ, ਔਰਤਾਂ, ਆਦਿਵਾਸੀਆਂ, ਘੱਟ ਗਿਣਤੀਆਂ, ਖ਼ਾਸ ਕਰਕੇ ਮੁਸਲਮਾਨਾਂ ਅਤੇ ਈਸਾਈਆਂ ਅਤੇ ਗ਼ਰੀਬ ਮਿਹਨਤਕਸ਼ ਲੋਕਾਂ ਦੇ ਹੱਕਾਂ ਲਈ ਲੜਨ ਵਾਲੀਆਂ ਖੱਬੇ ਪੱਖੀ ਤਾਕਤਾਂ ਅਤੇ ਜਮਹੂਰੀ ਜਥੇਬੰਦੀਆਂ ਨੂੰ ਹਰ ਕਦਮ ‘ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਅੱਗੇ ਵਧਣ ਤੋਂ ਰੋਕਿਆ ਜਾਂਦਾ ਹੈ। ਪਰ ਸੱਤਾ ਵਿੱਚ ਬੈਠੇ ਜ਼ਾਲਮ ਸ਼ਾਸਕ ਇਹ ਭੁੱਲ ਜਾਂਦੇ ਹਨ, ਕਿ ਦੁਨੀਆਂ ਦਾ ਇਤਿਹਾਸ ਗਵਾਹ ਹੈ ਕਿ ਅੰਤ ਵਿੱਚ ਸੱਚ ਦੀ ਹੀ ਜਿੱਤ ਹੁੰਦੀ ਹੈ। ਬਲੀਆ ਪੁਲਿਸ ਪ੍ਰਸ਼ਾਸਨ ਜੋਂ ਮਰਜ਼ੀ ਕੋਝੀ ਹਰਕਤ ਕਰੇ, ਪਾਰਟੀ ਨੂੰ ਸੂਬਾਈ ਸੰਮੇਲਨ ਕਰਨ ਤੋਂ ਨਹੀਂ ਰੋਕ ਸਕਦਾ।

Leave a Reply

Your email address will not be published. Required fields are marked *