ਚੇਅਰਮੈਨ ਰਮਨ ਬਹਿਲ ਨੇ ਪੌਦੇ ਲਗਾ ਕੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ
ਗੁਰਦਾਸਪੁਰ, 6 ਜੂਨ (ਸਰਬਜੀਤ ਸਿੰਘ)–ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਆਪਣੇ ਸਾਥੀਆਂ ਨਾਲ ਅੱਜ ਸਥਾਨਕ ਸ਼ਹੀਦ ਮੇਜਰ ਬਲਵਿੰਦਰ ਸਿੰਘ ਬਾਜਵਾ ਪਾਰਕ ਵਿਖੇ ਪੌਦੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ। ਇਸ ਮੌਕੇ ਹਾਜ਼ਰ ਸ਼ਹਿਰ ਵਾਸੀਆਂ ਨਾਲ ਗੱਲ ਕਰਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪ੍ਰਦੂਸ਼ਣ ਮੁਕਤ ਤੇ ਸਿਹਤਮੰਦ ਵਾਤਾਵਰਨ ਸਿਰਜਣ ਲਈ ਵੱਧ ਤੋਂ ਵੱਧ ਬੂਟੇ ਲਗਾ ਕੇ ਹਰਿਆ-ਭਰਿਆ ਚੌਗਿਰਦਾ ਬਣਾਉਣਾ ਹਰੇਕ ਇਨਸਾਨ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਚੁੱਕਾ ਹੈ ਕਿ ਅਸੀਂ ਸੰਜੀਦਗੀ ਨਾਲ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਈਏ ਅਤੇ ਆਪਣੀ ਧਰਤੀ ਮਾਂ ਤੇ ਵਾਤਾਵਰਣ ਦੀ ਸੰਭਾਲ ਲਈ ਨਿੱਜੀ ਅਤੇ ਸਮੂਹਿਕ ਉਪਰਾਲੇ ਕਰੀਏ। ਉਨ੍ਹਾਂ ਕਿਹਾ ਕਿ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਲਈ ਪਸ਼ੂ, ਪੰਛੀ, ਪਵਨ, ਪਾਣੀ ਤੇ ਧਰਤੀ ਦਾ ਸਤਿਕਾਰ ਅਤੇ ਸੰਭਾਲ ਬੇਹੱਦ ਜ਼ਰੂਰੀ ਹੈ।
ਚੇਅਰਮੈਨ ਰਮਨ ਬਹਿਲ ਨੇ ਅੱਗੇ ਕਿਹਾ ਕਿ ਸਾਨੂੰ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਇਹ ਅਹਿਦ ਲੈਣਾ ਚਾਹੀਦਾ ਹੈ ਕਿ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ, ਮੋਮੀ ਲਿਫ਼ਾਫ਼ਿਆਂ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ, ਮੋਟਰ-ਗੱਡੀਆਂ ’ਤੇ ਉੱਚੀ ਆਵਾਜ਼ ਵਾਲੇ ਹਾਰਨ ਨਹੀਂ ਲਗਾਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਜਿਸ ਵੀ ਕਾਰਨ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਉਸ ਦੀ ਰੋਕਥਾਮ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਆਪਣੇ ਵਾਤਾਵਰਨ ਦੀ ਸੰਭਾਲ ਲਈ ਹੁਣ ਤੋਂ ਹੀ ਜਾਗਰੂਕ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਚੌਗਿਰਦੇ ਨੂੰ ਹਰਿਆ-ਭਰਿਆ ਬਣਾਉਣ ਲਈ ਯਤਨ ਕੀਤੇ ਜਾਣ।