ਸਮਾਜ ਵਿੱਚ ਨਸ਼ਿਆਂ ਦਾ ਜ਼ਹਿਰ ਫੈਲਾਅ ਰਹੇ ਅਨਸਰਾਂ ਦੀ ਜਾਣਕਾਰੀ ਹੈਲਪ ਲਾਈਨ ਨੰਬਰ `ਤੇ ਸਾਂਝੀ ਕੀਤੀ ਜਾਵੇ – ਡਿਪਟੀ ਕਮਿਸ਼ਨਰ
ਗੁਰਦਾਸਪੁਰ, 20 ਜੂਨ (ਸਰਬਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਮੁਕਤੀ ਅਭਿਆਨ ਤਹਿਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੇ ਨਵੀਂ ਪਹਿਲਕਦਮੀ ਕਰਦਿਆਂ ਨਸ਼ਿਆਂ ਦੀ ਅਲਾਮਤ ਨੂੰ ਨੱਥ ਪਾਉਣ ਅਤੇ ਇਸ ਬੁਰਾਈ ਨੂੰ ਜੜ੍ਹ ਤੋਂ ਖਤਮ ਕਰਨ ਲਈ ਠੋਸ ਕਦਮ ਚੁੱਕਦੇ ਹੋਏ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸੇਵਾ ਕੇਂਦਰ ਦੇ ਸਾਹਮਣੇ ਇੱਕ ‘ਨਸ਼ਾ ਮੁਕਤੀ ਕੇਂਦਰ’ ਸਥਾਪਤ ਕੀਤਾ ਹੈ। ਇਸ ਨਸ਼ਾ ਮੁਕਤੀ ਕੰਟਰੋਲ ਕੇਂਦਰ ਨੂੰ ਸਥਾਪਤ ਕਰਨ ਦੇ ਨਾਲ ਇਸਦਾ ਇੱਕ ਟੋਲ ਫਰੀ ਹੈਲਪ ਲਾਈਨ ਨੰਬਰ 1800-180-1852 ਜਾਰੀ ਕੀਤਾ ਗਿਆ ਹੈ ਜੋ 24 ਘੰਟੇ ਅਤੇ ਹਫ਼ਤੇ ਦੇ ਸਾਰੇ ਦਿਨ ਆਪਣੀਆਂ ਸੇਵਾਵਾਂ ਦੇ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਨਸ਼ਾ ਮੁਕਤੀ ਕੰਟਰੋਲ ਕੇਂਦਰ ਦੇ ਹੈਲਪ ਲਾਈਨ ਨੰਬਰ ਉੱਪਰ ਕੋਈ ਵੀ ਵਿਅਕਤੀ ਨਸ਼ਾ ਤਸਕਰਾਂ ਅਤੇ ਨਸ਼ਾ ਕਰਨ ਵਾਲੇ ਵਿਅਕਤੀਆਂ ਬਾਰੇ ਜਾਣਕਾਰੀ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਪੂਰੀ ਤਰਾਂ ਗੁਪਤ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਹੈਲਪ ਲਾਈਨ ਨੰਬਰ ’ਤੇ ਆਈ ਕਾਲ ਉੱਪਰ ਫੌਰੀ ਤੌਰ ’ਤੇ ਕਾਰਵਾਈ ਕੀਤੀ ਜਾਂਦੀ ਹੈ ਅਤੇ ਜੋ ਵੀ ਵਿਅਕਤੀ ਨਸ਼ੇ ਦੀ ਤਸਕਰੀ ਕਰਦਾ ਹੈ ਉਸ ਉੱਪਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਜਿਹੜੇ ਨਸ਼ਾ ਕਰਨ ਵਾਲੇ ਪੀੜ੍ਹਤਾਂ ਦੀ ਸੂਚਨਾ ਨਸ਼ਾ ਮੁਕਤੀ ਕੰਟਰੋਲ ਕੇਂਦਰ ਵਿਖੇ ਪ੍ਰਾਪਤ ਹੁੰਦੀ ਹੈ ਉਨ੍ਹਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਫ਼ਤ ਇਲਾਜ ਕਰਵਾਇਆ ਜਾਂਦਾ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਨਸ਼ਾ ਮੁਕਤੀ ਕੰਟਰੋਲ ਕੇਂਦਰ ਦੇ ਨੋਡਲ ਅਫ਼ਸਰ ਜ਼ਿਲ੍ਹਾ ਨਗਰ ਯੋਜਨਾਕਾਰ ਗੁਰਦਾਸਪੁਰ ਸੁਰਿੰਦਰ ਕੁਮਾਰ ਨੂੰ ਲਗਾਇਆ ਗਿਆ ਹੈ। ਇਸਦੇ ਨਾਲ ਹੀ 15 ਹੋਰ ਕਰਮਚਾਰੀਆਂ ਦੀਆਂ ਰੋਟੇਸ਼ਨਵਾਈਜ ਡਿਊਟੀਆਂ ਇਸ ਕੇਂਦਰ ਵਿੱਚ ਲਗਾਈਆਂ ਗਈਆਂ ਹਨ। ਇਹ ਅਧਿਕਾਰੀ ਤੇ ਕਰਮਚਾਰੀ ਕੰਟਰੋਲ ਰੂਮ ’ਤੇ ਪ੍ਰਾਪਤ ਹੁੰਦੀਆਂ ਕਾਲਾਂ/ਸ਼ਿਕਾਇਤਾਂ ਦੀ ਡਿਟੇਲ ਰਜਿਸਟਰ ਵਿੱਚ ਦਰਜ ਕਰਦੇ ਹਨ ਅਤੇ ਨਾਲ ਦੀ ਨਾਲ ਹੀ ਉਸ ਉੱਪਰ ਕਾਰਵਾਈ ਕਰਨ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਭੇਜ ਦਿੰਦੇ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਾ ਮੁਕਤੀ ਅਭਿਆਨ ਵਿੱਚ ਸਾਥ ਦਿੰਦੇ ਹੋਏ ਨਸ਼ਾ ਤਸਕਰਾਂ ਦੀ ਜਾਣਕਾਰੀ ਨਸ਼ਾ ਮੁਕਤੀ ਕੰਟਰੋਲ ਕੇਂਦਰ ਦੇ ਟੋਲ ਫਰੀ ਨੰਬਰ 1800-180-1852 ਉਪਰ ਸਾਂਝੀ ਕਰਨ ਤਾਂ ਜੋ ਸਮਾਜ ਵਿੱਚ ਨਸ਼ਿਆਂ ਦਾ ਜ਼ਹਿਰ ਫੈਲਾਅ ਰਹੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕੇ।