ਸੱਚ ਅਖੰਡ ਹਰਮੰਦਿਰ ਅੰਮ੍ਰਿਤਸਰ ਦੇ ਨਜਦੀਕ ਹੋਏ ਬੰਬ ਧਮਾਕੇ ਵਿੱਚ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਜਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ

ਗੁਰਦਾਸਪੁਰ

ਦੋਸ਼ੀ ਦੇ ਭਰਾ ਨੂੰ ਪੁਲਸ ਵੱਲੋੰ ਪੁੱਛਗਿੱਛ ਲਈ ਲਿਆ ਹਿਰਾਸਤ ਚ, ਬਾਅਦ ਵਿੱਚ ਛੱਡਿਆ

ਗੁਰਦਾਸਪੁਰ, 12 ਮਈ (ਸਰਬਜੀਤ ਸਿੰਘ)-ਸੱਚ ਅਖੰਡ ਹਰਮੰਦਿਰ ਅੰਮ੍ਰਿਤਸਰ ਦੇ ਨਜਦੀਕ ਹੋਏ ਬੰਬ ਧਮਾਕੇ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਅਮਰੀਕ ਸਿੰਘ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਆਦੀਆਂ ਦਾ ਰਹਿਣ ਵਾਲਾ ਹੈ। ਬੇਟੇ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਅੱਗੇ ਆਏ ਹਨ। ਅਮਰੀਕ ਸਿੰਘ ਇਸ ਤੋਂ ਪਹਿਲਾਂ ਵੀ ਛੋਟੀਆਂ-ਮੋਟੀਆਂ ਚੋਰੀਆਂ ਕਰਦਾ ਸੀ ਅਤੇ ਮੌਜੂਦਾ ਸਮੇਂ ਵਿੱਚ ਉਸ ਖ਼ਿਲਾਫ਼ ਥਾਣਾ ਸਿਟੀ ਵਿੱਚ ਮੋਟਰਸਾਈਕਲ ਚੋਰੀ ਦਾ ਕੇਸ ਦਰਜ ਹੈ। ਜਿਸਦੇ ਖਿਲਾਫ ਐਫਆਈਆਰ ਨੰਬਰ 90/21, ਧਾਰਾ 379 ਤਹਿਤ ਮਾਮਲਾ ਦਰਜ ਹੈ। ਇਸ ਮਾਮਲੇ ‘ਚ ਪੁਲਸ ਉਸ ਦੀ ਭਾਲ ਕਰ ਰਹੀ ਸੀ। ਪਹਿਲਾਂ ਮੁਲਜ਼ਮ ਨੇ ਅੰਮ੍ਰਿਤ ਛਕਿਆ ਸੀ ਪਰ ਹੁਣ ਉਹ ਨਸ਼ੇ ਦਾ ਆਦੀ ਹੋ ਗਿਆ ਸੀ।

ਮੁਲਜ਼ਮ ਦੇ ਪਿਤਾ ਲਖਬੀਰ ਸਿੰਘ ਨੇ ਦੱਸਿਆ ਕਿ 8 ਜੂਨ 2022 ਨੂੰ ਅਮਰੀਕ ਸਿੰਘ ਦਾ ਮਨਦੀਪ ਕੌਰ ਵਾਸੀ ਪੁਰੇਵਾਲ ਅਰਾਈਆਂ ਨਾਲ ਪ੍ਰੇਮ ਵਿਆਹ ਹੋਇਆ ਸੀ। ਉਹ ਗੁਜਰਾਤ ਵਿੱਚ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਹੈ। ਉਹ ਆਖਰੀ ਵਾਰ ਫਰਵਰੀ ਮਹੀਨੇ ਘਰੋਂ ਨਿਕਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ। ਉਸ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਅਜਿਹੇ ਕੰਮ ਵਿਚ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਲੜਕਾ ਪੰਜ-ਛੇ ਸਾਲ ਤੱਕ ਅੰਮ੍ਰਿਤਧਾਰੀ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹ ਇੱਕ ਮਿਹਨਤੀ ਵਿਅਕਤੀ ਹੈ। ਜੇਕਰ ਉਨ੍ਹਾਂ ਦੇ ਲੜਕੇ ਦਾ ਨਾਮ ਅਜਿਹੀ ਘਟਨਾ ਵਿੱਚ ਸ਼ਾਮਲ ਹੈ ਤਾਂ ਇਹ ਬਹੁਤ ਹੀ ਮਾੜੀ ਘਟਨਾ ਹੈ। ਉਸ ਨੇ ਦੱਸਿਆ ਕਿ ਪੁਲਸ ਉਸ ਦੇ ਵੱਡੇ ਪੁੱਤਰ ਨੂੰ ਪੁੱਛਗਿੱਛ ਲਈ ਨਾਲ ਲੈ ਗਈ ਹੈ। ਜਿਸ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਪੁੱਤਰ ਗਲਤ ਹੈ ਤਾਂ ਉਸ ਨੂੰ ਵੀ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ।

ਪਿੰਡ ਦੇ ਸਮਾਜ ਸੇਵਕ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਜੰਮੂ ਗਿਆ ਹੋਇਆ ਸੀ। ਘਰ ਆ ਕੇ ਉਸ ਨੂੰ ਪਤਾ ਲੱਗਾ ਕਿ ਅਮਰੀਕ ਸਿੰਘ ਦਾ ਨਾਂ ਅੰਮ੍ਰਿਤਸਰ ਵਿਚ ਵਾਪਰੀ ਘਟਨਾ ਵਿਚ ਵੀ ਸ਼ਾਮਲ ਹੋਣ ਬਾਰੇ ਪਤਾ ਲੱਗਾ ਸੀ। ਉਨ੍ਹਾਂ ਕਿਹਾ ਕਿ ਅਮਰੀਕ ਸਿੰਘ ਨੂੰ ਅੰਮ੍ਰਿਤ ਛਕਾਇਆ ਗਿਆ। ਸਭ ਕੁਝ ਠੀਕ ਚੱਲ ਰਿਹਾ ਸੀ। ਪਰ ਬਾਅਦ ਵਿੱਚ ਅਮਰੀਕ ਸਿੰਘ ਨਸ਼ੇ ਦਾ ਆਦੀ ਹੋ ਗਿਆ। ਅਮਰੀਕ ਸਿੰਘ ਨੂੰ ਨਸ਼ਿਆਂ ਤੋਂ ਦੂਰ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਪਰ ਉਹ ਕਾਮਯਾਬ ਨਹੀਂ ਸਕੇ। ਇਹ ਘਟਨਾ ਬਹੁਤ ਹੀ ਦੁਖਦਾਈ ਘਟਨਾ ਹੈ।

Leave a Reply

Your email address will not be published. Required fields are marked *