ਮਸਲਾ ਦਿੱਲੀ ‘ਚ ਪਹਿਲਵਾਨ ਲੜਕੀਆਂ ਦੇ ਅਪਮਾਨ ਅਤੇ ਸੈਂਕੜੇ ਅੰਦੋਲਨਕਾਰੀਆਂ ਦੀਆਂ ਗ੍ਰਿਫ਼ਤਾਰੀਆਂ ਦਾ, ਜ਼ਿਲੇ ਵਿਚ ਜਗਾ ਜਗਾ ਫੂਕੇ ਗਏ ਮੋਦੀ ਦੇ ਪੁਤਲੇ

ਗੁਰਦਾਸਪੁਰ

ਬ੍ਰਿਜ ਭੂਸ਼ਨ ਦੀ ਗ੍ਰਿਫਤਾਰੀ ਤੱਕ ਪਹਿਲਵਾਨ ਲੜਕੀਆਂ ਦੇ ਸੰਘਰਸ਼ ਨਾਲ ਨਾਲ ਡੱਟ ਕੇ ਖੜਾਂਗੇ – ਲਿਬਰੇਸ਼ਨ

ਮਾਨਸਾ, ਗੁਰਦਾਸਪੁਰ, 30 ਮਈ (ਸਰਬਜੀਤ ਸਿੰਘ)–ਕੱਲ ਨਵੇਂ ਸੰਸਦ ਭਵਨ ਦੇ ਉਦਘਾਟਨ ਦੇ ਮੌਕੇ ਮੋਦੀ ਸਰਕਾਰ ਵਲੋਂ ਮਹਿਲਾ ਸਨਮਾਨ ਮਹਾਂ ਪੰਚਾਇਤ ਵਿਚ ਸ਼ਾਮਲ ਹੋਣ ਲਈ ਜਾ ਰਹੇ ਹਜ਼ਾਰਾਂ ਲੋਕਾਂ – ਜਿੰਨਾਂ ਵਿਚ ਵੱਡੀ ਗਿਣਤੀ ਔਰਤਾਂ ਦੀ ਸੀ – ਨੂੰ ਦਿੱਲੀ ‘ਚ ਦਾਖਲ ਹੋਣੋਂ ਭਾਰੀ ਨਾਕਾਬੰਦੀ ਕਰਕੇ ਰੋਕਣ, ਕਿਸਾਨ ਮਜ਼ਦੂਰ ਆਗੂਆਂ ਦੇ ਘਰੀਂ ਛਾਪੇ ਮਾਰਨ ਅਤੇ ਇਨਸਾਫ ਦੀ ਮੰਗ ਨੂੰ ਲੈ ਕੇ ਸਵਾ ਮਹੀਨੇ ਤੋਂ ਜੰਤਰ ਮੰਤਰ ਧਰਨੇ ਉਤੇ ਬੈਠੀਆਂ ਉਲੰਪਿਕ ਮੈਡਲ ਜੇਤੂ ਪਹਿਲਵਾਨ ਲੜਕੀਆਂ ਨੂੰ ਪੁਲਸ ਵਲੋਂ ਸੜਕਾਂ ‘ਤੇ ਘਸੀਟਣ, ਅਪਮਾਨਤ ਕਰਨ ਅਤੇ ਜੇਲਾਂ ਵਿਚ ਬੰਦ ਕਰਨ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਸੱਦੇ ‘ਤੇ ਅੱਜ ਜ਼ਿਲੇ ਵਿਚ ਵੱਖ ਵੱਖ ਥਾਵਾਂ ‘ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ ਅਤੇ ਰੋਸ ਰੈਲੀਆਂ ਕੀਤੀਆਂ ਗਈਆਂ।

ਇਥੇ ਪਾਰਟੀ ਹੈਡਕੁਆਰਟਰ ਬਾਬਾ ਬੂਝਾ ਸਿੰਘ ਭਵਨ ਤੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਹੈ ਕਿ ਮਾਨਸਾ ਸ਼ਹਿਰ ਵਿਚ ਵਾਰਡ ਨੰਬਰ 21-22 ਦੀ ਪਾਰਟੀ ਬਰਾਂਚ ਵਲੋਂ ਮਾਨਸਾ ਸੈਂਟਰਲ ਪਾਰਕ ਸਾਹਮਣੇ, ਸਿਟੀ ਕਮੇਟੀ ਵਲੋਂ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਵਿਚ, ਵਾਰਡ ਨੰਬਰ 7 ਵਿਚ, ਪਾਰਟੀ ਦੀ ਭੀਖੀ ਕਮੇਟੀ ਵਲੋਂ ਸ਼ਹਿਰ ਦੇ ਗੁਰਦੁਆਰਾ ਚੌਕ ਵਿਚ, ਸਰਦੂਲਗੜ੍ਹ ਤਹਿਸੀਲ ਕਮੇਟੀ ਵਲੋਂ ਝੁਨੀਰ ਮੇਨ ਰੋਡ ‘ਤੇ ਅਤੇ ਮਾਨਸਾ ਤਹਿਸੀਲ ਕਮੇਟੀ ਵਲੋਂ ਪਿੰਡ ਹੀਰੇਵਾਲਾ ਵਿਖੇ ਪ੍ਰਗਤੀਸ਼ੀਲ ਇਸਤਰੀ ਸਭਾ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਰੋਸ ਰੈਲੀਆਂ ਕਰਕੇ ਮੋਦੀ ਸਰਕਾਰ ਦੀਆਂ ਅਰਥੀਆ ਸਾੜੀਆਂ ਗਈਆਂ। ਵੱਖ ਵੱਖ ਸਥਾਨਾਂ ‘ਤੇ ਅਰਥੀਆਂ ਸਾੜਨ ਦੀ ਅਗਵਾਈ ਜਸਬੀਰ ਕੌਰ ਨੱਤ, ਹਰਭਗਵਾਨ ਭੀਖੀ, ਗੁਰਨਾਮ ਸਿੰਘ ਭੀਖੀ, ਬਲਵਿੰਦਰ ਕੌਰ ਖਾਰਾ, ਗੁਰਸੇਵਕ ਮਾਨ, ਦਰਸ਼ਨ ਸਿੰਘ ਦਾਨੇਵਾਲਾ, ਹਰਮੇਸ਼ ਸਿੰਘ ਭੰਮੇ, ਸੁਖਜੀਤ ਰਾਮਾਂਨੰਦੀ, ਸੁਰਿੰਦਰ ਪਾਲ ਸ਼ਰਮਾ, ਕ੍ਰਿਸ਼ਨਾ ਕੌਰ ਮਾਨਸਾ, ਸੁਰੇਸ਼ ਸਾਥੀ, ਕਮਲਪ੍ਰੀਤ ਕੌਰ ਝੁਨੀਰ, ਬਿੰਦਰ ਕੌਰ ਉੱਡਤ, ਸੁਖਚਰਨ ਦਾਨੇਵਾਲਾ, ਸਾਥੀ ਪਰਸ਼ੋਤਮ, ਬਲਦੇਵ ਸਿੰਘ ਹੀਰੇਵਾਲਾ, ਪਰਵਿੰਦਰ ਸਿੰਘ ਝੋਟਾ ਨੇ ਕੀਤੀ। ਇਸ ਮੌਕੇ ਭਰਾਤਰੀ ਸੰਗਠਨਾਂ ਵਲੋਂ ਮੇਜਰ ਸਿੰਘ ਦੂਲੋਵਾਲ, ਮਨਿੰਦਰ ਸਿੰਘ ਜਵਾਹਰਕੇ ਤੇ ਜਗਰਾਜ ਸਿੰਘ ਰੱਲਾ ਵੀ ਸ਼ਾਮਲ ਸਨ।

ਬਿਆਨ ਵਿਚ ਕਿਹਾ ਗਿਆ ਹੈ ਕਿ ਇੰਨਾਂ ਰੈਲੀਆਂ ਦੌਰਾਨ ਸੰਸਦ ਭਵਨ ਦੇ ਉਦਘਾਟਨ ਲਈ ਰਾਸ਼ਟਰਪਤੀ ਨੂੰ ਨਾ ਬੁਲਾਉਣ, ਪ੍ਰਧਾਨ ਮੰਤਰੀ ਵਲੋਂ ਆਮ ਜਨਤਾ ਤੋਂ ਬੋਲਣ ਦੇ ਹੱਕ ਨੂੰ ਜਬਰ ਆਸਰੇ ਖੋਹਣ, ਮਨੂੰਵਾਦੀ ਪੁਜਾਰੀਆਂ ਦੀ ਫਾਲਤੂ ਭੀੜ ਇਕੱਠੀ ਕਰਨ ਅਤੇ ਰਾਜਾਸ਼ਾਹੀ ਦੇ ਚਿੰਨ ਸੰਗੋਲ ਨੂੰ ਲੇਟ ਕੇ ਮੱਥਾ ਟੇਕਣ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਗਿਆ ਕਿ ਇਹ ਸੰਸਦ ਭਵਨ ਨੂੰ ਮੰਦਰ ਬਣਾਉਣ ਅਤੇ ਦੇਸ਼ ਦੇ ਸੰਵਿਧਾਨਕ ਲੋਕਤੰਤਰ ਨੂੰ ਪਿਛਾਖੜੀ ਰਾਜਤੰਤਰ ‘ਚ ਬਦਲਣ ਦੀ ਬੀਜੇਪੀ-ਆਰਐੱਸਐਸ ਦੀ ਗਿਣਤੀ ਮਿਥੀ ਸਾਜ਼ਿਸ਼ ਹੈ, ਜਿਸ ਨੂੰ ਨਾਕਾਮ ਕਰਨ ਲਈ ਦੇਸ਼ ਦੀਆਂ ਸਮੂਹ ਅਗਾਂਹਵਧੂ ਜਮਹੂਰੀ ਤੇ ਫਾਸ਼ੀਵਾਦ ਵਿਰੋਧੀ ਸ਼ਕਤੀਆਂ ਨੂੰ ਇਕਜੁੱਟ ਹੋ ਕੇ ਲੜਨਾ ਪਵੇਗਾ। ਬੁਲਾਰਿਆਂ ਨੇ ਮੰਗ ਕੀਤੀ ਕਿ ਕੁਸ਼ਤੀ ਫੈਡਰੇਸ਼ਨ ਦੇ ਦੋਸ਼ੀ ਪ੍ਰਧਾਨ ਤੇ ਅਪਰਾਧੀ ਰਿਕਾਰਡ ਵਾਲੇ ਸੰਸਦ ਮੈਂਬਰ ਬ੍ਰਿਜ ਭੂਸ਼ਨ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਸ ਖਿਲਾਫ ਪੋਸਕੋ ਐਕਟ ਤਹਿਤ ਕੇਸ ਚਲਾਇਆ ਜਾਵੇ, ਪਹਿਲਵਾਨ ਲੜਕੇ ਲੜਕੀਆਂ ਖਿਲਾਫ ਦਰਜ ਕੇਸ ਤੁਰੰਤ ਵਾਪਸ ਲਏ ਜਾਣ ਅਤੇ ਉਨਾਂ ਖਿਲਾਫ਼ ਗੋਦੀ ਮੀਡੀਆ ਵਲੋਂ ਚਲਾਈ ਜਾ ਰਹੀ ਬਦਨਾਮ ਕਰੋ ਮੁਹਿੰਮ ਉਤੇ ਰੋਕ ਲਾਈ ਜਾਵੇ।

Leave a Reply

Your email address will not be published. Required fields are marked *