ਸ਼ਹੀਦ ਭਗਤ ਸਿੰਘ ਤੇ ਗੁਰੂ ਨਾਨਕ ਦੇਵ ਜੀ ਦੀ ਧਰਤੀ ਤੇ ਨਫ਼ਰਤ ਦੀ ਰਾਜਨੀਤੀ ਸਫਲ ਨਹੀਂ ਹੋਵੇਗੀ ਼਼ਲਿਬਰੇਸ਼ਨ
ਗੁਰਦਾਸਪੁਰ, 30 ਮਈ (ਸਰਬਜੀਤ ਸਿੰਘ)– ਮੋਦੀ ਸਰਕਾਰ ਵੱਲੋਂ ਲੋਕਤੰਤਰ ਨੂੰ ਰਾਜਾਸ਼ਾਹੀ ਵਿਚ ਬਦਲ ਦੇਣ ਫਿਰਕੂ ਸਾਜ਼ਿਸ਼ਾਂ ਅਤੇ ਦਿੱਲੀ ਵਿਚ ਔਰਤਾਂ ਖ਼ਿਲਾਫ਼ ਕੀਤੀ ਗਈ ਗੁੰਡਾਗਰਦੀ ਖ਼ਿਲਾਫ਼ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਦੇਸ਼ ਵਿਆਪੀ ਸੱਦੇ ਤਹਿਤ ਅੱਜ ਸਥਾਨਕ ਗੁਰਦੁਆਰਾ ਚੌਂਕ ਵਿੱਚ ਮੋਦੀ ਸਰਕਾਰ ਦੀ ਅਰਥੀ ਸਾੜਦਿਆਂ ਲਿਬਰੇਸ਼ਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਜ਼ੁਲਮ ਉਸ ਦੀ ਹਕੂਮਤ ਦੇ ਕਫਣ ਚ ਕਿੱਲ ਸਾਬਤ ਹੋਣਗੇ।
ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਗੁਰਨਾਮ ਭੀਖੀ ਤੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਸੂਬਾਈ ਆਗੂ ਹਰਭਗਵਾਨ ਭੀਖੀ ਨੇ ਕਿਹਾ ਕਿ ਜਦੋਂ ਮੋਦੀ ਸਰਕਾਰ ਨਵੇਂ ਸੰਸਦ ਭਵਨ ਵਿਚ ਰਾਜਾਸ਼ਾਹੀ ਦੇ ਚਿੰਨ ‘ਸੰਗੋਲ’ ਨੂੰ ਸਥਾਪਤ ਕਰਨ ਅਤੇ ਦਰਜਨਾਂ ਬ੍ਰਾਹਮਣ ਪੁਜਾਰੀਆਂ ਵਲੋਂ ਪੂਜਾ ਅਰਚਨਾ ਕਰਵਾ ਕੇ ਸਾਡੇ ਸੰਵਿਧਾਨਕ ਲੋਕਤੰਤਰ ਨੂੰ ਇਕ ਪਿਛਾਖੜੀ ਰਾਜਤੰਤਰ ਵਿਚ ਬਦਲਣ ਦੀਆਂ ਖਤਰਨਾਕ ਸਾਜ਼ਿਸ਼ਾਂ ਰਚ ਰਹੀ ਹੈ ਅਤੇ ਅਪਣੇ ਇਕ ਗੁੰਡੇ ਤੇ ਬਲਾਤਕਾਰੀ ਸੰਸਦ ਮੈਂਬਰ ਨੂੰ ਬਚਾਉਣ ਲਈ ਇਨਸਾਫ ਦੀ ਮੰਗ ਕਰ ਰਹੇ ਹਜ਼ਾਰਾਂ ਔਰਤਾਂ ਮਰਦਾਂ ਤੇ ਨੌਜਵਾਨਾਂ ਉਤੇ ਜ਼ੁਲਮ ਢਾਹ ਰਹੀ ਹੈ, ਤਾਂ ਦੇਸ਼ ਦੇ ਸਮੁੱਚੇ ਜਮਹੂਰੀਅਤ ਪਸੰਦ ਲੋਕਾਂ ਨੂੰ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਬੀਜੇਪੀ ਦੇ ਜਿਸ ਮੁਜਰਿਮ ਐਮਪੀ ਬ੍ਰਿਜ ਭੂਸ਼ਨ ਨੂੰ ਜੇਲ ‘ਚ ਬੰਦ ਹੋਣਾ ਚਾਹੀਦਾ ਸੀ, ਉਹ ਨਵੇਂ ਸੰਸਦ ਭਵਨ ਦੇ ਜਸ਼ਨਾਂ ‘ਚ ਸ਼ਾਮਲ ਹੈ, ਪਰ ਦੇਸ਼ ਦੀ ਜਨਤਾ ਵੇਖ ਰਹੀ ਹੈ ਕਿ ਉਹ ਉਲੰਪਿਕ ਮੈਡਲ ਜੇਤੂ ਪਹਿਲਵਾਨ ਲੜਕੀਆਂ ਜਿੰਨਾਂ ਨੂੰ ਇਸ ਮੌਕੇ ਵਿਸ਼ੇਸ਼ ਮਾਨ ਸਨਮਾਨ ਦਿੱਤਾ ਜਾਣਾ ਚਾਹੀਦਾ ਸੀ, ਉਨਾਂ ਨੂੰ ਮੋਦੀ ਦੇ ਹੁਕਮਾਂ ‘ਤੇ ਦਿੱਲੀ ਪੁਲਸ ਅਪਰਾਧੀਆਂ ਵਾਂਗ ਘਸੀਟ ਘਸੀਟ ਬੱਸਾਂ ਵਿਚ ਸੁੱਟ ਰਹੀ ਹੈ ਅਤੇ ਉਨਾਂ ਦੇ ਟੈਂਟ ਤੇ ਧਰਨੇ ਦਾ ਸਾਮਾਨ ਲੁੱਟ ਕੇ ਲਿਜਾ ਰਹੀ ਹੈ। ਪਰ ਕਿਸਾਨ ਅੰਦੋਲਨ ਵਾਂਗ ਦੇਸ਼ ਦੀ ਜਨਤਾ ਇਸ ਮਾਮਲੇ ਵਿਚ ਵੀ ਲਾਜ਼ਮੀ ਇਨਸਾਫ਼ ਤੇ ਜਿੱਤ ਹਾਸਲ ਕਰੇਗੀ ਅਤੇ ਮੋਦੀ ਤੇ ਬੀਜੇਪੀ ਨੂੰ ਛੇਤੀ ਹੀ ਅਪਣਾ ਥੁੱਕਿਆ ਹੋਇਆ ਖੁਦ ਚੱਟਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਕਿਹਾ ਆਜ਼ਾਦੀ ਘੋਲ ਦੇ ਗਦਾਰਾਂ ਸੰਘੀਆਂ ਨੂੰ ਸੌੜੇ ਤੇ ਫਿਰਕੂ ਮਨਸੂਬਿਆਂ ਨੂੰ ਸ਼ਹੀਦ ਭਗਤ ਸਿੰਘ ਤੇ ਗੁਰੂ ਨਾਨਕ ਦੇਵ ਜੀ ਦੀ ਧਰਤੀ ਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਸੁਖਾ ਪੰਡਤ ,ਬਿੰਦਰ ਬੋਘ ਕਾ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਲਖਵਿੰਦਰ ਲੱਖੀ ਝਾੜੋਂ, ਗੁਰਵਿੰਦਰ ਸਿੱਧੂ, ਡਾਕਟਰ ਗੁਰਸਾਗਰ,ਅਮਰੀਕ ਸਿੰਘ,ਆਦਿ ਨੇ ਵੀ ਸੰਬੋਧਨ ਕੀਤਾ।