ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਜ਼ਿਲ੍ਹੇ ’ਚ 123148 ਮੀਟ੍ਰਿਕ ਟਨ ਕਣਕ ਦੀ ਖਰੀਦ ਵੱਧ ਹੋਈ – ਡਿਪਟੀ ਕਮਿਸ਼ਨਰ

ਗੁਰਦਾਸਪੁਰ

ਜ਼ਿਲ੍ਹੇ ਵਿੱਚ ਕੁੱਲ 650312 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ

176214 ਮੀਟ੍ਰਿਕ ਟਨ ਕਣਕ ਦੀ ਖਰੀਦ ਕਰਕੇ ਪਨਗ੍ਰੇਨ ਖਰੀਦ ਏਜੰਸੀ ਮੋਹਰੀ ਰਹੀ

ਗੁਰਦਾਸਪੁਰ, 27 ਮਈ (ਸਰਬਜੀਤ ਸਿੰਘ)– ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਬੀਤੇ ਕੱਲ 25 ਮਈ ਨੂੰ ਕਣਕ ਦੀ ਖਰੀਦ ਦਾ ਸੀਜ਼ਨ ਮੁਕੰਮਲ ਹੋ ਗਿਆ ਹੈ। ਜ਼ਿਲ੍ਹੇ ਦੀਆਂ ਸਾਰੀਆਂ ਹੀ ਮੰਡੀਆਂ ਵਿੱਚ ਕਣਕ ਦੀ ਨਿਰਵਿਗਨ ਖਰੀਦ ਕੀਤੀ ਗਈ ਹੈ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਲ ਨਹੀਂ ਆਈ ਹੈ। ਇਸ ਵਾਰ ਜ਼ਿਲ੍ਹੇ ’ਚ ਪਿਛਲੇ ਸਾਲ ਦੇ ਮੁਕਾਬਲੇ 123148 ਮੀਟ੍ਰਿਕ ਟਨ ਕਣਕ ਦੀ ਖਰੀਦ ਵੱਧ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪਿਛਲੇ ਸਾਲ ਕਣਕ ਦੇ ਖਰੀਦ ਸੀਜ਼ਨ ਦੌਰਾਨ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 527164 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ ਜਦਕਿ ਇਸ ਵਾਰ 650312 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ ਜੋ ਕਿ ਪਿਛਲੇ ਸਾਲ ਨਾਲੋਂ 123148 ਮੀਟ੍ਰਿਕ ਟਨ ਜਿਆਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀਆਂ ਵਿਚ ਆਈ ਸਾਰੀ ਕਣਕ ਨੂੰ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸਭ ਤੋਂ ਵੱਧ 176214 ਮੀਟ੍ਰਿਕ ਟਨ ਕਣਕ ਦੀ ਖਰੀਦ ਕਰਕੇ ਪਨਗ੍ਰੇਨ ਖਰੀਦ ਏਜੰਸੀ ਬਾਕੀ ਖਰੀਦ ਏਜੰਸੀਆਂ ਵਿਚੋਂ ਮੋਹਰੀ ਰਹੀ ਹੈ, ਜਦਕਿ ਮਾਰਕਫੈਡ ਨੇ 154080, ਪਨਸਪ ਨੇ 155376, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 143990, ਕੇਂਦਰੀ ਖੁਰਾਕ ਨਿਗਮ ਨੇ 20652 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚੋਂ ਸਾਰੀ ਫਸਲ ਹੀ ਸਰਕਾਰੀ ਖਰੀਦੇ ਏਜੰਸੀਆਂ ਵੱਲੋਂ ਖਰੀਦੀ ਗਈ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਖਰੀਦੀ ਗਈ ਕਣਕ ਦੀ 96 ਫੀਸਦੀ ਲਿਫਟਿੰਗ ਮੁਕੰਮਲ ਕਰ ਲਈ ਗਈ ਹੈ ਅਤੇ ਬਕਾਇਆ ਲਿਫਟਿੰਗ ਵੀ ਅੱਜ-ਕੱਲ ਵਿੱਚ ਮੁਕੰਮਲ ਹੋ ਜਾਵੇਗੀ। ਉਨਾਂ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਖਰੀਦ ਦੇ 48 ਘੰਟੇ ਦੇ ਅੰਦਰ-ਅੰਦਰ ਅਦਾਇਗੀ ਨੂੰ ਯਕੀਨੀ ਬਣਾਇਆ ਗਿਆ ਹੈ।

ਇਸਦੇ ਨਾਲ ਹੀ ਮੰਡੀਆਂ ਵਿੱਚ ਕਣਕ ਦੀ ਨਿਰਵਿਗਨ ਹੋਈ ਖਰੀਦ ਲਈ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਪਿੰਡ ਹਰਪੁਰਾ ਦੇ ਕਿਸਾਨ ਸੁਖਦੇਵ ਸਿੰਘ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਕਿਹਾ ਕਿ ਉਸਦੀ ਫਸਲ ਓਸੇ ਦਿਨ ਹੀ ਪੂਰੀ ਭਾਅ ’ਤੇ ਵਿਕ ਗਈ ਸੀ ਅਤੇ ਉਸਨੂੰ ਪੇਮੈਂਟ ਵੀ 48 ਘੰਟੇ ਤੋਂ ਪਹਿਲਾਂ ਮਿਲ ਗਈ ਸੀ। ਕਿਸਾਨ ਇਸ ਵਾਰ ਖਰੀਦ ਪ੍ਰਬੰਧਾਂ ਤੋਂ ਪੂਰੇ ਸੰਤੁਸ਼ਟ ਹਨ।  

Leave a Reply

Your email address will not be published. Required fields are marked *