ਸਾਉਣੀਆਂ ਦੀ ਫਸਲਾਂ ਦੀ ਬਿਜਾਈ ਤੋਂ ਪਹਿਲਾਂ ਕਿਸਾਨ ਆਪਣੇ ਖੇਤਾਂ ਦੀ ਮਿੱਟੀ ਟੈਸਟ ਜਰੂਰ ਕਰਵਾਉਣ
ਗੁਰਦਾਸਪੁਰ, 27 ਮਈ (ਸਰਬਜੀਤ ਸਿੰਘ)–ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ. ਕ੍ਰਿਪਾਲ ਸਿੰਘ ਢਿਲੋਂ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਖੇਤਾਂ ਵਿੱਚ ਲੋੜ ਅਨੁਸਾਰ ਹੀ ਖਾਦਾਂ ਅਤੇ ਕੀਟ ਨਾਸ਼ਕਾਂ ਦੀ ਵਰਤੋਂ ਕਰਨ। ਉਨਾਂ ਕਿਹਾ ਕਿ ਕਿਸਾਨਾਂ ਨੂੰ ਅਪਾਣੇ ਖੇਤਾਂ ਦੀ ਮਿੱਟੀ ਦੀ ਪਰਖ ਜਰੂਰ ਕਰਾਉਣੀ ਚਾਹੀਦੀ ਹੈ ਤਾਂ ਜੋ ਉਨਾਂ ਨੂੰ ਆਪਣੇ ਖੇਤਾਂ ਦੀ ਮਿੱਟੀ ਵਿੱਚ ਕਿਹੜੇ ਤੱਤਾਂ ਦੀ ਕਮੀ ਹੈ ਦਾ ਪਤਾ ਲੱਗ ਸਕੇ। ਉਨਾਂ ਕਿਹਾ ਕਿ ਜੋ ਤੱਤ ਘੱਟ ਹੋਣ ਸਿਰਫ ਉਨਾਂ ਦੀ ਪੂਰਤੀ ਲਈ ਹੀ ਖਾਦਾਂ ਪਾਉਣੀਆਂ ਚਾਹੀਦੀਆਂ ਹਨ ਨਾ ਕਿ ਦੇਖਾ-ਦੇਖੀ। ਉਨਾਂ ਕਿਸਾਨਾਂ ਨੂੰ ਕਿਹਾ ਕਿ ਖਾਦਾਂ ਪਾਉਣ ਲਈ ਪੱਤਾ ਚਾਰਟ ਦੀ ਵਰਤੋਂ ਵੀ ਜਰੂਰ ਕਰਨੀ ਚਾਹੀਦੀ ਹੈ ਤਾਂ ਜੋ ਖਾਦ ਸਹੀ ਮਿਕਦਾਰ ਵਿੱਚ ਪਾਈ ਜਾ ਸਕੇ।
ਮੁੱਖ ਖੇਤੀਬਾੜੀ ਅਫ਼ਸਰ ਡਾ. ਕ੍ਰਿਪਾਲ ਸਿੰਘ ਢਿਲੋਂ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਟਾਲਾ ਅਤੇ ਗੁਰਦਾਸਪੁਰ ਵਿਖੇ ਦੋ ਭੌਂ ਪਰਖ ਲਬਾਰਟੀਆਂ ਚੱਲ ਰਹੀਆਂ ਹਨ ਜਿਥੇ ਕਿਸਾਨ ਭਰਾ ਆਪਣੇ ਖੇਤਾਂ ਦੀ ਮਿੱਟੀ ਲਿਆ ਕੇ ਟੈਸਟ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ 1036 ਮਿੱਟੀ ਪਰਖ ਟੈਸਟ ਕੀਤੇ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਾਊਣੀਆਂ ਦੀਆਂ ਫਸਲਾਂ ਦੀ ਕਾਸ਼ਤ ਕਰਨ ਤੋਂ ਪਹਿਲਾਂ ਆਪਣੇ ਖੇਤਾਂ ਦੀ ਮਿੱਟੀ ਜਰੂਰ ਟੈਸਟ ਕਰਵਾਉਣ।
ਮੁੱਖ ਖੇਤੀਬਾੜੀ ਅਧਿਕਾਰੀ ਨੇ ਅੱਗੇ ਦੱਸਿਆ ਕਿ ਵਿਭਾਗ ਵਲੋਂ ਖਾਦਾਂ, ਬੀਜ਼ਾਂ ਅਤੇ ਕੀੜੇਮਾਰ ਦਵਾਈਆਂ ਵਾਲੀਆਂ ਦੁਕਾਨਾਂ ’ਤੇ ਅਚਨਚੇਤ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਨਕਲੀ ਖਾਦਾਂ, ਬੀਜ਼ਾਂ ਤੇ ਕੀਟਨਾਸ਼ਕ ਵੇਚਣ ਵਾਲੇ ਡੀਲਰਾਂ ਖਿਲਾਫ਼ ਕਾਰਵਾਈ ਕੀਤੀ ਜਾ ਸਕੇ। ਉਨਾਂ ਕਿਹਾ ਕਿ ਜ਼ਿਲ੍ਹੇ ਅੰਦਰ ਗੈਰ ਮਿਆਰੀ ਖਾਦਾਂ, ਦਵਾਈਆਂ ਅਤੇ ਬੀਜ਼ਾਂ ਦੀ ਸੇਲ ਬਿਲਕੁਲ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਜੇਕਰ ਚੈਕਿੰਗ ਦੌਰਾਨ ਕਿਸੇ ਵੀ ਡੀਲਰ ਦਾ ਸੇਲ ਸਬੰਧੀ ਦਸਤਾਵੇਜ ਜਾਂ ਰਿਕਾਰਡ ਦਰੁਸਤ ਨਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।