ਸਿਹਤ ਵਿਭਾਗ ਨੇ ਬੇਟੀ ਬਚਾਓ, ਬੇਟੀ ਪੜਾਓ` ਮੁਹਿੰਮ ਤਹਿਤ ਜਾਗਰੂਕਤਾ ਸੈਮੀਨਾਰ ਕਰਵਾਇਆ
ਗੁਰਦਾਸਪੁਰ, 20 ਮਈ (ਸਰਬਜੀਤ ਸਿੰਘ)– ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਅੱਜ ਦਫ਼ਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ `ਬੇਟੀ ਬਚਾਓ, ਬੇਟੀ ਪੜਾਓ` ਮੁਹਿੰਮ ਤਹਿਤ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਕੀਤੀ ਗਈ।
ਸੈਮੀਨਾਰ ਦੌਰਾਨ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਧੀਆਂ ਤੋਂ ਬਿਨਾਂ ਮਨੁੱਖ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਲੜਕੀਆਂ ਨੇ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ ਅਤੇ ਅੱਜ ਹਰ ਖੇਤਰ ਵਿੱਚ ਲੜਕੀਆਂ ਲੜਕਿਆਂ ਨਾਲੋਂ ਅੱਗੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਲਗਾਤਾਰ ਯਤਨਾਂ ਸਦਕਾ ਸਮਾਜ ਵਿੱਚ ਲੜਕੀਆਂ ਪ੍ਰਤੀ ਸੋਚ ਵਿੱਚ ਵੱਡਾ ਬਦਲਾਅ ਆਇਆ ਹੈ ਅਤੇ ਸਮਾਜ ਵਿੱਚ ਲੜਕੀਆਂ ਨੂੰ ਅੱਗੇ ਵੱਧਣ ਦੇ ਮੌਕੇ ਮਿਲ ਰਹੇ ਹਨ। ਪਰ ਇਸਦੇ ਬਾਵਜੂਦ ਅਜੇ ਵੀ ਕੁਝ ਲੋਕ ਰੂੜੀਵਾਦੀ ਸੋਚ ਕਾਰਨ ਲੜਕੀਆਂ ਨੂੰ ਬਰਾਬਰ ਦੇ ਅਧਿਕਾਰ ਨਹੀਂ ਦਿੰਦੇ। ਇਸੇ ਕਾਰਨ ਕਰਕੇ ਕੁਝ ਲੋਕ ਅਤਿ ਘਿਨਾਉਣਾ ਕਾਰਾ ਕਰਦਿਆਂ ਧੀ ਨੂੰ ਕੁੱਖ ਵਿੱਚ ਹੀ ਕਤਲ ਕਰ ਦਿੰਦੇ ਹਨ ਜੋ ਕਿ ਨਾ-ਮੁਆਫ਼ੀਯੋਗ ਅਪਰਾਧ ਹੈ। ਉਨ੍ਹਾਂ ਕਿਹਾ ਸਰਕਾਰ ਵੱਲੋਂ ਜਿਥੇ ਸਮਾਜ ਵਿੱਚ ਬੇਟਾ ਬੇਟੀ ਇੱਕ ਸਮਾਨ ਦੇ ਨਾਅਰੇ ਨੂੰ ਬੁਲੰਦ ਕੀਤਾ ਜਾ ਰਿਹਾ ਹੈ ਓਥੇ ਭਰੂਣ ਹੱਤਿਆ ਵਰਗੀ ਲਾਹਨਤ ਨੂੰ ਖਤਮ ਕਰਨ ਲਈ ਵੀ ਸਖਤੀ ਕੀਤੀ ਜਾ ਰਹੀ ਹੈ।
ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਸਮਾਜ ਨੂੰ ਹੁਣ “ਬੇਟੀ ਬਚਾਓ, ਬੇਟੀ ਪੜ੍ਹਾਓ” ਮੁਹਿੰਮ ਦੇ ਨਾਲ ਬੇਟੀ ਵਸਾਓ `ਤੇ ਵੀ ਜ਼ੋਰ ਦੇਣਾ ਚਾਹੀਦਾ ਹੈ ਤਾਂ ਤਲਾਕਾਂ ਦੀ ਵਜ੍ਹਾ ਨਾਲ ਟੁੱਟ ਰਹੇ ਪਰਿਵਾਰਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਸਿਹਤ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਲਿੰਗ ਅਨੁਪਾਤ ਨੂੰ ਠੀਕ ਕਰਨ ਲਈ ਕਾਫੀ ਅੱਛੇ ਕਦਮ ਚੁੱਕੇ ਜਾ ਰਹੇ ਹਨ। ਇਸ ਮੌਕੇ ਤੇ ਉਨ੍ਹਾਂ ਦੱਸਿਆਂ ਕਿ ਇਕ ਐੱਮ.ਸੀ.ਐੱਚ 50 ਬੈਡ ਦਾ ਹਸਪਤਾਲ ਬਣਾਇਆ ਜਾ ਰਿਆ ਹੈ ਜਿਸ ਵਿਚ ਮਾਵਾਂ ਅਤੇ ਬੱਚਿਆਂ ਦਾ ਖਾਸ ਧਿਆਨ ਰੱਖਿਆ ਜਾਏਗਾ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਭਾਰਤ ਭੂਸ਼ਣ, ਡਿਪਟੀ ਮੈਡੀਕਲ ਕਮਿਸ਼ਨਰ ਡਾ ਰੋਮੀ ਰਾਜਾ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਤੇਜਿੰਦਰ ਕੌਰ, ਜਿਲ੍ਹਾ ਐਪੀਡਮੋਲੋਜਿਸਟ ਡਾ. ਪ੍ਰਭਜੋਤ ਕਲਸੀ, ਡੀ.ਡੀ.ਐੱਚ.ਓ ਡਾ. ਸ਼ੈਲਾ ਕੰਵਰ, ਜ਼ਿਲ੍ਹਾ ਟੀ.ਬੀ ਅਫਸਰ ਡਾ. ਰੋਮੇਸ਼, ਡਾ ਮਮਤਾ, ਮਾਸ ਮੀਡਿਆ ਅਫਸਰ ਗੁਰਿੰਦਰ ਕੌਰ,ਹੋਰ ਅਧਿਕਾਰੀ, ਕਰਮਚਾਰੀ ਅਤੇ ਏ.ਐੱਨ.ਐੱਮ ਸਕੂਲ ਦੇ ਵਿਦਿਆਰਥੀ ਮੌਜੂਦ ਰਹੇ।


