ਹਲਕਾ ਇੰਚਾਰਜ ਰਮਨ ਬਹਿਲ ਅਤੇ ਚੇਅਰਮੈਨ ਰਾਜੀਵ ਸ਼ਰਮਾ ਨੇ ਕੀਤਾ ਉਦਘਾਟਨ, ਸ਼ਹਿਰ ਵਾਸੀਆਂ ਨੂੰ ਦਿੱਤੀ ਵਧਾਈ
ਗੁਰਦਾਸਪੁਰ, 9 ਜੁਲਾਈ (ਸਰਬਜੀਤ ਸਿੰਘ)– ਮਾਨਯੋਗ ਮੁੱਖ ਮੰਤਰੀ ਪੰਜਾਬ. ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਨਗਰ ਸੁਧਾਰ ਟਰੱਸਟ, ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਾਜੀਵ ਸ਼ਰਮਾ ਦੇ ਵਿਸ਼ੇਸ਼ ਯਤਨਾਂ ਸਦਕਾ ਅੱਜ ਨਗਰ ਸੁਧਾਰ ਟਰੱਸਟ ਵੱਲੋਂ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੀ ਸੁੰਦਰ ਮੂਰਤੀ ਦੀ ਸਥਾਪਨਾ ਅਤੇ ਪਰਸ਼ੂਰਾਮ ਚੌਂਕ ਦੇ ਨਵੀਨੀਕਰਨ ਦਾ ਲੋਕ ਅਰਪਣ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਲਕਾ ਇੰਚਾਰਜ ਗੁਰਦਾਸਪੁਰ ਸ੍ਰੀ ਰਮਨ ਬਹਿਲ ਅਤੇ ਚੇਅਰਮੈਨ ਰਾਜੀਵ ਸ਼ਰਮਾ ਨੇ ਆਪਣੇ ਕਰ-ਕਮਲਾਂ ਨਾਲ ਚੌਂਕ ਦਾ ਉਦਘਾਟਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਰਮਨ ਬਹਿਲ ਨੇ ਕਿਹਾ ਕਿ ਅੱਜ ਗੁਰਦਾਸਪੁਰ ਸ਼ਹਿਰ ਲਈ ਬਹੁਤ ਹੀ ਖੁਸ਼ੀ ਅਤੇ ਮਾਣ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੇ ਨਾਮ ਨਾਲ ਪ੍ਰਸਿੱਧ ਇਸ ਚੌਂਕ ਦਾ ਆਧੁਨਿਕ ਢੰਗ ਨਾਲ ਨਵੀਨੀਕਰਨ ਕੀਤਾ ਗਿਆ ਹੈ। ਚੌਂਕ ਵਿੱਚ ਲੰਬੇ ਸਮੇਂ ਤੋਂ ਬੰਦ ਪਏ ਪਾਣੀ ਦੇ ਫੁਹਾਰਿਆਂ ਨੂੰ ਮੁੜ ਚਾਲੂ ਕੀਤਾ ਗਿਆ ਹੈ ਅਤੇ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੀ ਬਹੁਤ ਹੀ ਆਕਰਸ਼ਕ ਅਤੇ ਸ਼ਾਨਦਾਰ ਮੂਰਤੀ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸੁੰਦਰ ਚੌਂਕ ਗੁਰਦਾਸਪੁਰ ਦੇ ਸਮੂਹ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ ਹੈ।
ਰਮਨ ਬਹਿਲ ਨੇ ਕਿਹਾ ਕਿ ਭਗਵਾਨ ਸ੍ਰੀ ਪਰਸ਼ੂਰਾਮ ਜੀ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਮੰਨੇ ਜਾਂਦੇ ਹਨ। ਉਨ੍ਹਾਂ ਦਾ ਜੀਵਨ ਧਰਮ ਦੀ ਰੱਖਿਆ, ਨਿਆਂ, ਸੱਚਾਈ ਅਤੇ ਸਮਾਜਿਕ ਬਰਾਬਰੀ ਦਾ ਪ੍ਰਤੀਕ ਹੈ। ਉਨ੍ਹਾਂ ਦੇ ਆਦਰਸ਼ ਅੱਜ ਵੀ ਸਮਾਜ ਨੂੰ ਸੱਚ ਅਤੇ ਧਰਮ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੰਦੇ ਹਨ।
ਉਨ੍ਹਾਂ ਇਸ ਉਪਰਾਲੇ ਲਈ ਨਗਰ ਸੁਧਾਰ ਟਰੱਸਟ, ਗੁਰਦਾਸਪੁਰ ਦੇ ਚੇਅਰਮੈਨ ਰਾਜੀਵ ਸ਼ਰਮਾ, ਟਰੱਸਟੀ ਰਘਬੀਰ ਸਿੰਘ ਖਾਲਸਾ, ਹਿਤੇਸ਼ ਮਹਾਜਨ, ਪੀਟਰ ਮੱਟੂ, ਵਾਰਡ ਨੰਬਰ 8 ਦੇ ਕੌਂਸਲਰ ਯੋਗੇਸ਼ ਸ਼ਰਮਾ, ਵਾਰਡ ਨੰਬਰ 20 ਦੇ ਇੰਚਾਰਜ ਕੁਲਵਿੰਦਰ ਜੀ, ਵਾਰਡ ਨੰਬਰ 7 ਦੇ ਨਰੇਸ਼ , ਸੋਨੂ ਅਤੇ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਅਤੇ ਸਾਂਝੇ ਯਤਨਾਂ ਨਾਲ ਇਸ ਚੌਂਕ ਨੂੰ ਨਵੀਂ ਦਿੱਖ ਦਿੱਤੀ ਗਈ ਹੈ।
ਇਸ ਮੌਕੇ ਨਗਰ ਸੁਧਾਰ ਟਰੱਸਟ, ਗੁਰਦਾਸਪੁਰ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਗੁਰਦਾਸਪੁਰ ਸ਼ਹਿਰ ਲਈ ਇਤਿਹਾਸਕ ਅਤੇ ਮਾਣ ਵਾਲਾ ਦਿਨ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਪਰਸ਼ੂਰਾਮ ਚੌਂਕ ਵਿੱਚ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਇਸ ਸਥਾਨ ਨੂੰ ਵੱਖ-ਵੱਖ ਨਾਵਾਂ ਨਾਲ ਜਾਣਦੇ ਸਨ, ਜਿਸ ਕਾਰਨ ਸਮਾਜ ਦੇ ਕਈ ਵਰਗਾਂ ਦੀਆਂ ਭਾਵਨਾਵਾਂ ਪ੍ਰਭਾਵਿਤ ਹੁੰਦੀਆਂ ਸਨ। ਹੁਣ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੀ ਮੂਰਤੀ ਦੀ ਸਥਾਪਨਾ ਨਾਲ ਇਸ ਚੌਂਕ ਨੂੰ ਇਸ ਦੀ ਅਸਲ ਪਛਾਣ ਮਿਲੀ ਹੈ ਅਤੇ ਇਹ ਸ਼ਹਿਰ ਦੀ ਧਾਰਮਿਕ, ਸੱਭਿਆਚਾਰਕ ਅਤੇ ਸਮਾਜਿਕ ਵਿਰਾਸਤ ਦਾ ਪ੍ਰਤੀਕ ਬਣੇਗਾ।
ਚੇਅਰਮੈਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਵੱਲੋਂ ਨਾ ਸਿਰਫ਼ ਚੌਂਕ ਦਾ ਨਵੀਨੀਕਰਨ ਕਰਵਾਇਆ ਗਿਆ ਹੈ, ਸਗੋਂ ਇਸ ਦੀ ਸਾਂਭ-ਸੰਭਾਲ, ਸਫ਼ਾਈ, ਰੌਸ਼ਨੀ ਅਤੇ ਬਿਜਲੀ ਦੇ ਬਿੱਲ ਦੀ ਜ਼ਿੰਮੇਵਾਰੀ ਵੀ ਟਰੱਸਟ ਵੱਲੋਂ ਹੀ ਨਿਭਾਈ ਜਾਵੇਗੀ, ਤਾਂ ਜੋ ਇਹ ਸਥਾਨ ਹਮੇਸ਼ਾ ਸੁੰਦਰ ਅਤੇ ਆਕਰਸ਼ਕ ਬਣਿਆ ਰਹੇ।


