ਗੁਰਦਾਸਪੁਰ, 2 ਮਈ (ਸਰਬਜੀਤ ਸਿੰਘ)– ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਅੰਦਰ ਕਣਕ ਦੀ ਖਰੀਦ ਦਾ ਕੰਮ ਨਿਰਵਿਘਨ ਅਤੇ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ। ਮੰਡੀਆਂ ਅੰਦਰ ਕਿਸਾਨਾਂ ਵੱਲੋਂ ਵੇਚਣ ਲਈ ਲਿਆਂਦੀ ਜਾ ਰਹੀ ਕਣਕ ਨੂੰ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਨਾਲੋ-ਨਾਲ ਖਰੀਦਿਆ ਜਾ ਰਿਹਾ ਹੈ ਜਿਸ ਤੋਂ ਕਿਸਾਨ ਬਹੁਤ ਖੁਸ਼ ਹਨ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲੇ ਅੰਦਰ 515982 ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਖਰੀਦ ਏਜੰਸੀਆਂ ਵੱਲੋਂ 508935 ਮੀਟਰਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਖਰੀਦ ਕੀਤੀ ਕਣਕ ਦੀ ਮਿੱਥੇ ਸਮੇਂ ਅੰਦਰ ਲਿਫਟਿੰਗ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ, ਤਾਂ ਜੋ ਕਿਸਾਨਾਂ ਨੂੰ ਮੰਡੀਆਂ ਅੰਦਰ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੀਦੀ ਗਈ ਕਣਕ ਵਿੱਚੋਂ ਪਨਗ੍ਰੇਨ ਵੱਲੋਂ 145600 ਮੀਟਰਕ ਟਨ, ਮਾਰਕਫੈੱਡ ਵੱਲੋਂ 122267 ਮੀਟਰਕ ਟਨ, ਪਨਸਪ ਵੱਲੋਂ 118952 ਮੀਟਰਕ ਟਨ, ਵੇਅਰ ਹਾਊਸ ਵੱਲੋਂ 108096 ਮੀਟਰਕ ਟਨ, ਐੱਫ.ਸੀ.ਆਈ ਵੱਲੋਂ 14020 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਵਿਚ ਖਰੀਦੀ ਗਈ ਕਣਕ ਵਿੱਚੋਂ 244469 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਦਾ ਬਹੁਤਾ ਕੰਮ ਸਫਲਤਾ ਨਾਲ ਮੁਕੰਮਲ ਕਰ ਲਿਆ ਗਿਆ ਹੈ ਅਤੇ ਹੁਣ ਖਰੀਦੀ ਗਈ ਕਣਕ ਦੀ ਲਿਫਟਿੰਗ ਨੂੰ ਤੇਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਨਾਲ ਦੀ ਨਾਲ ਖਰੀਦਣ ਦੇ ਉਸਦੀ ਪੇਮੈਂਟ ਵੀ 48 ਘੰਟੇ ਦੇ ਅੰਦਰ ਕੀਤੀ ਜਾ ਰਹੀ ਹੈ।


