ਮਾਨਸਾ, ਗੁਰਦਾਸਪੁਰ 2 ਮਈ (ਸਰਬਜੀਤ ਸਿੰਘ)–ਅੱਜ ਸੀਪੀਆਈ (ਐਮ ਐੱਲ) ਲਿਬਰੇਸ਼ਨ ਦੀ ਅਗਵਾਈ ਵਿੱਚ ਇਥੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਪੰਜਾਬ ਕਿਸਾਨ ਯੂਨੀਅਨ, ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਪੰਜਾਬ, ਏਪਵਾ, ਇਨਕਲਾਬੀ ਨੌਜਵਾਨ ਸਭਾ, ਆਇਸਾ, ਦੋਧੀ ਯੂਨੀਅਨ, ਵਰਕਸ਼ਾਪ ਯੂਨੀਅਨ ਅਤੇ ਸਬਜ਼ੀ ਰੇਹੜੀ ਯੂਨੀਅਨ ਸਹਿਤ 9 ਜੱਥੇਬੰਦੀਆਂ ਵੱਲੋਂ 138 ਵਾਂ ਮਜ਼ਦੂਰ ਦਿਵਸ ‘ਨਸ਼ੇ ਨਹੀਂ, ਰੁਜਗਾਰ ਦਾ ਨਾਅਰਾ’ ਬੁਲੰਦ ਕਰਕੇ ਮਨਾਇਆ ਗਿਆ।
ਇਸ ਮੌਕੇ ਐਲਾਨ ਕੀਤਾ ਗਿਆ ਕਿ ਮਾਨਸਾ ਜ਼ਿਲ੍ਹੇ ਦੇ ਮੈਡੀਕਲ ਸਟੋਰਾਂ ‘ਤੇ ਸ਼ਰੇਆਮ ਵਿਕਦੇ ਨਸ਼ਿਆਂ ਖਿਲਾਫ਼ ਤਿਆਰੀ ਤੇ ਪ੍ਰਚਾਰ ਤੋਂ ਬਾਦ 8 ਮਈ ਨੂੰ ਮੋਰਚਾ ਖੋਲਿਆ ਜਾਵੇਗਾ ਅਤੇ ਥਾਣਾ ਸਿਟੀ ਦਾ ਘੇਰਾਓ ਕੀਤਾ ਜਾਵੇਗਾ। ਅਗਰ ਪੁਲਸ ਨਸ਼ੀਲੀਆਂ ਗੋਲੀਆਂ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਸ਼ੁਰੂ ਨਹੀਂ ਕਰਦੀ, ਤਾਂ ਲੋੜ ਪੈਣ ‘ਤੇ ਐਸਐਸਪੀ ਮਾਨਸਾ ਖਿਲਾਫ਼ ਵੀ ਮੋਰਚਾ ਖੋਲ੍ਹਿਆ ਜਾਵੇਗਾ।
ਇਸ ਮੌਕੇ ਤੇ ਵੱਖ ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਮੋਦੀ ਹਕੂਮਤ ਨੇ ਮਜ਼ਦੂਰਾਂ ਦੇ ਹੱਕ ਵਿੱਚ ਬਣੇ ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਚਾਰ ਕੋਡ ਬਿਲ ਪਾਸ ਕਰਕੇ ਦੇਸ਼ ਦੇ ਕਰੋੜਾਂ ਮਜਦੂਰਾਂ ਦੇ ਹੱਕਾਂ ‘ਤੇ ਡਾਕਾ ਮਾਰਿਆ ਹੈ । ਉਨ੍ਹਾਂ ਚਾਰ ਕੋਡ ਬਿਲਾਂ ਖਿਲਾਫ਼ ਦੇਸ਼ ਭਰ ਦੀਆਂ ਟ੍ਰੇਡ ਯੂਨੀਅਨਾਂ ਤੇ ਫੈਡਰੇਸ਼ਨਾਂ ਸੰਘਰਸ਼ ਕਰ ਰਹੀਆਂ ਹਨ। ਕੰਮ ਦੇ ਘੰਟੇ ਘਟਾਉਣ, ਰੁਜਗਾਰ ਗਾਰੰਟੀ ਕ਼ਾਨੂੰਨ ਪਾਸ ਕਰਵਾਉਣ, ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਜਾਲ ਵਿਚੋਂ ਕੱਢਣ ਲਈ ਸੂਬੇ ਅੰਦਰ ਜਨਤਕ ਸੰਘਰਸ਼ ਵਿਕਸਤ ਕਰਨਾ ਪਵੇਗਾ ਹੈ। ਬੁਲਾਰਿਆਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਹਰ ਪਰਿਵਾਰ ਨੂੰ ਸਰਕਾਰੀ ਨੌਕਰੀ, ਪੰਜਾਬ ਦੇ ਪੇਂਡੂ ਅਤੇ ਦਲਿਤ ਖ਼ੇਤ ਮਜਦੂਰਾਂ ਨੂੰ ਚੰਗੀਆਂ ਉਜਰਤਾਂ ਤੇ ਰੁਜ਼ਗਾਰ ਦੇ ਸਾਧਨ , ਸਮੂਹ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਸਹਾਇਤਾ ਦੇਣ ਦਾ ਵਾਦਾ ਕੀਤਾ ਗਿਆ ਸੀ। ਇਹਨਾਂ ਵਾਅਦਿਆਂ ਦੇ ਸਿਰ ‘ਤੇ ਆਪ ਨੇ 92 ਸੀਟਾਂ ਜਿੱਤ ਕੇ ਪੰਜਾਬ ਵਿੱਚ ਸਰਕਾਰ ਬਣਾਈ, ਪਰ ਅੱਜ ਪੰਜਾਬ ਦੇ ਪੇਂਡੂ ਅਤੇ ਦਲਿਤ ਖ਼ੇਤ ਮਜਦੂਰਾਂ ਨੂੰ ਨਾ ਉਨ੍ਹਾਂ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ ਦਿੱਤੀ ਜਾ ਰਹੀ ਹੈ, ਨਾ ਘਰ ਬਣਾਉਣ ਲਈ ਪਲਾਟ। ਸਾਰੇ ਪੀੜਤ ਮਜ਼ਦੂਰਾਂ ਨੂੰ ਨਰਮੇਂ ਅਤੇ ਕਣਕ ਦੀ ਮਾਰ ਦਾ ਮੁਆਵਜਾ ਵੀ ਜਾਰੀ ਨਹੀਂ ਕੀਤਾ ਜਾ ਰਿਹਾ। ਇਸ ਕਿਸਮ ਦੀਆਂ ਦੋਗਲੀਆਂ ਨੀਤੀਆਂ ਅਪਣਾਉਣ ਵਾਲੀ ਸਰਕਾਰ ਖਿਲਾਫ਼ ਡਟਵੇ ਸੰਘਰਸ਼ ਦੀ ਲੋੜ ਹੈ। ਫੈਕਟਰੀਆਂ ਕਾਰਖਾਨਿਆਂ, ਮਿੱਲਾਂ, ਭੱਠਿਆਂ ਉੱਪਰ ਮਜਦੂਰਾਂ ਦੀ ਖੁੱਲ੍ਹੀ ਲੁੱਟ ਹੋ ਰਹੀ ਹੈ ਇਸ ਲੁੱਟ ਖਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਪੰਜਾਬ ਅੰਦਰ ਆਪਸੀ ਭਾਈਚਾਰਕ ਸਾਂਝਾਂ ਮਜ਼ਬੂਤ ਕਰਦੇ ਹੋਏ ਬੀਜੇਪੀ ਆਰਐਸਐਸ ਦੇ ਫਿਰਕੂ ਨਫ਼ਰਤ ਫੈਲਾਉਣ ਦੇ ਏਜੰਡੇ ਖਿਲਾਫ਼ ਲਾਲ ਝੰਡੇ ਦੀ ਲੜਾਕੂ ਵਿਰਾਸਤ ਨੂੰ ਮਜ਼ਬੂਤ ਕੀਤਾ ਜਾਵੇਗਾ।
ਇਸ ਇੱਕਠ ਨੂੰ ਨਸ਼ਾ ਵਿਰੋਧੀ ਮੁਹਿੰਮ ਦੇ ਆਗੂ ਨੌਜਵਾਨਾਂ ਪਰਮਿੰਦਰ ਸਿੰਘ ਝੋਟਾ, ਐਡਵੋਕੇਟ ਲਖਵਿੰਦਰ ਸਿੰਘ ਲੱਖਣਪਾਲ, ਜਗਦੀਪ ਸਿੰਘ ਗੁੱਲੂ ਨੇ ਵੀ ਸੰਬੋਧਨ ਕੀਤਾ ਅਤੇ ਨਸ਼ੇ ਦੇ ਮਾਰੂ ਜਾਲ ‘ਚ ਫਸੇ ਨੌਜਵਾਨਾਂ ਤੇ ਉਨਾਂ ਦੇ ਪੀੜਤ ਮਾਪਿਆਂ ਸਮੇਤ ਆਮ ਜਨਤਾ ਦੇ ਸਮਰਥਨ ਨਾਲ ਸ਼ਹਿਰ ਵਿਚ ਖੁੱਲੇਆਮ ਨਸ਼ੇ ਵੇਚਣ ਵਾਲੀਆਂ ਦਵਾਈਆਂ ਦੀਆਂ ਦੁਕਾਨਾਂ – ਖਾਸ ਕਰਕੇ ਪੁਰਾਣੀ ਗਊਸਾਲਾ ਨੇੜਲੇ ਮੈਡੀਕਲ ਸਟੋਰਾਂ ਖ਼ਿਲਾਫ਼ ਪੁਲਸ ਪ੍ਰਸ਼ਾਸਨ ਵਲੋਂ ਸਖਤ ਕਾਰਵਾਈ ਕੀਤੇ ਜਾਣ ਅਤੇ ਉਨਾਂ ਵਲੋਂ ਡਰੱਗ ਮਨੀ ਨਾਲ ਬਣਾਈਆਂ ਜਾਇਦਾਦਾਂ ਜਬਤ ਕਰਨ ਦੀ ਮੰਗ ਨੂੰ ਲੈ ਕੇ ਇਸ ਅੰਦੋਲਨ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ।ਸਮਾਗਮ ਨੂੰ ਆਇਸਾ ਦੇ ਸੂਬਾ ਆਗੂ ਸੁਖਜੀਤ ਰਾਮਾਂਨੰਦੀ, ਇਨਕਲਾਬੀ ਨੌਜਵਾਨ ਸਭਾ ਦੇ ਰਾਜਦੀਪ ਗੇਹਲੇ ਤੇ ਹਰਦਮ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਤੇ ਸੀਪੀਆਈ (ਐਮ ਐੱਲ) ਲਿਬਰੇਸ਼ਨ ਦੇ ਕੇਦਰੀ ਆਗੂ ਰਾਜਵਿੰਦਰ ਸਿੰਘ ਰਾਣਾ, ਗੁਰਜੰਟ ਸਿੰਘ ਮਾਨਸਾ, ਸੁਖਦਰਸ਼ਨ ਸਿੰਘ ਨੱਤ , ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੀਤ ਸਿੰਘ ਬੋਹਾ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਨੰਦਗੜ, ਜ਼ਿਲਾ ਸਕੱਤਰ ਵਿਜੈ ਕੁਮਾਰ ਭੀਖੀ, ਜਸਬੀਰ ਕੌਰ ਨੱਤ, ਕਮਲਪ੍ਰੀਤ ਕੌਰ ਝੁਨੀਰ, ਦਰਸ਼ਨ ਸਿੰਘ ਦਾਨੇਵਾਲਾ, ਸਤਪਾਲ ਸਿੰਘ ਦੋਧੀ ਯੂਨੀਅਨ, ਟਰਾਲੀ ਯੂਨੀਅਨ ਤੋਂ ਪਰਦੀਪ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਭੋਲ਼ਾ ਸਿੰਘ ਸਮਾਓਂ, ਹਰਜਿੰਦਰ ਮਾਨਸਾਹੀਆਂ, ਗੁਰਵਿੰਦਰ ਸਿੰਘ ਨੰਦਗੜ੍ਹ ਤੇ ਸੁਖਚਰਨ ਦਾਨੇਵਾਲੀਆ ਸਮੇਤ ਸਹਿਤ ਸੈਂਕੜੇ ਆਗੂ ਤੇ ਵਰਕਰ ਹਾਜ਼ਰ ਹਨ।