ਗੁਰਦਾਸਪੁਰ, 26 ਫਰਵਰੀ ( ਸਰਬਜੀਤ ਸਿੰਘ)– ਪੂਰੇ ਪੰਜਾਬ ਦੇ 118 ਸਕੂਲ ਆਫ ਐਮੀਨੈਂਸ ਵਿੱਚ ਦਾਖਲਾ ਲੈਣ ਦੇ ਇੱਛਕ ਵਿਦਿਆਰਥੀਆਂ ਲਈ ਸਿੱਖਿਆ ਵਿਭਾਗ ਪੰਜਾਬ ਸਰਕਾਰ ਵਲੋਂ ਦਾਖਲਾ ਟੈਸਟ ਰਾਹੀਂ ਚੋਣ ਕਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਗਈ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਸ ਮੌਕੇ ਜਿਲਾ ਸਿੱਖਿਆ ਅਫਸਰ (ਸੈ:ਸਿੱ) ਸ: ਜਗਵਿੰਦਰ ਸਿੰਘ ਅਤੇ ਜਿਲਾ ਨੋਡਲ ਅਫਸਰ ਸਕੂਲ ਆਫ ਐਮੀਨੈਂਸ ਸ: ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਸਾਡੇ ਜਿਲੇ ਵਿੱਚ ਇਹਨਾਂ 03 ਸਕੂਲ ਆਫ ਐਮੀਨੈਂਸ ਗੁਰਦਾਸਪੁਰ, ਬਟਾਲਾ ਅਤੇ ਸ਼੍ਰੀਹਰਗੋਬਿੰਦਪੁਰ ਸਾਹਿਬ ਵਿੱਚ ਦਾਖਲਾ ਲੈ ਸਕਦੇ ਹਨ । ਉਨਾਂ ਦੱਸਿਆ ਕਿ ਵਿਭਾਗ ਵਲੋਂ ਇਹਨਾਂ ਸਕੂਲਾਂ ਵਿੱਚ 9ਵੀਂ ਅਤੇ 11ਵੀਂ ਜਮਾਤ ਦੇ ਦਾਖਲੇ ਲਈ ਅਪਲਾਈ ਕਰਨ ਲਈ ਮਿਤੀ 24-01-2025 ਤੋਂ ਸ਼ਰੂਆਤ ਕੀਤੀ ਗਈ ਸੀ ਅਤੇ ਹੁਣ 11ਵੀਂ ਜਮਾਤ ਦੇ ਦਾਖਲੇ ਲਈ ਅਪਲਾਈ ਕਰਨ ਦੀ ਆਖਰੀ ਮਿਤੀ 27-02-2025 ਹੈ । ਉਨਾਂ ਜਿਲੇ ਦੇ ਸਮੂਹ ਸਰਕਾਰੀ/ਅਰਧ ਸਰਕਾਰੀ/ ਪ੍ਰਾਈਵੇਟ ਸਕੂਲਾਂ ਦੇ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਹਨਾਂ ਸਕੂਲਾਂ ਵਿੱਚ ਦਾਖਲ ਹੋਣ ਲਈ ਉਤਸ਼ਾਹਿਤ ਕੀਤਾ ਜਾਵੇ । ਉਹਨਾਂ ਮਾਪਿਆਂ ਨੂੰ ਸਾਲਾਹ ਦਿੱਤੀ ਕਿ ਆਪਣੇ ਬੱਚਿਆਂ ਨੂੰ ਇਸ ਦਾਖਲਾ ਟੈਸਟ ਲਈ ਅਪਲਾਈ ਕਰਵਾ ਕੇ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲਿਆ ਜਾਵੇ, ਕਿਉਂਕਿ ਟੈਸਟ ਪਾਸ ਕਰਨ ਉਪਰੰਤ ਦਾਖਲ ਹੋਣ ਵਾਲੇ ਵਿਦਿਆਰਥੀਆਂ ਨੂੰ ਵਿਭਾਗ ਵਲੋਂ ਪ੍ਰਤੀ ਵਿਦਿਆਰਥੀ 4000 ਰੁਪਏ ਦੀ ਕੀਮਤ ਦੇ ਹਿਸਾਬ ਮੁਫਤ ਯੂਨੀਫਾਰਮ ਦਿੱਤੀ ਜਾਵੇਗੀ, ਜਿਸ ਵਿੱਚ ਬਲੇਜਰ, ਟਰੈਕ ਸੂਟ, ਪੈਂਟ, ਸ਼ਰਟ, ਟਾਈ ਬੈਲਟ, ਬੂਟ ਆਦਿ ਮੁੱਖ ਹਨ । ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਬੱਸ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ । ਉਨਾਂ ਦੱਸਿਆ ਕਿ ਵਿਦਿਆਰਥੀ ਚਾਰ ਵੱਖ ਵੱਖ ਸਟਰੀਮਾਂ ਵਿੱਚ ਸਾਇੰਸ ਮੈਡੀਕਲ, ਨਾਨ ਮੈਡੀਕਲ, ਕਾਮਰਸ ਅਤੇ ਆਰਟਸ ਵਿੱਚ ਦਾਖਲਾ ਲੈ ਸਕਦੇ ਹਨ ।ਉਨਾਂ ਦੱਸਿਆ ਕਿ 12 ਵੀੰ ਤੋਂ ਬਾਅਦ ਇਹਨਾਂ ਵਿਦਿਆਰਥੀਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਅੱਗੇ ਦਾਖਲਾ ਲੈਣ ਲਈ ਸਮਰ ਕੈਂਪ, ਵਿੰਟਰ ਕੈਂਪ ਲਗਾਏ ਜਾਂਦੇ ਹਨ ਅਤੇ ਨਾਮਵਾਰ ਸੰਸਥਾਵਾਂ ਦੇ ਸਿੱਖਿਆ ਮਾਹਿਰਾਂ ਵਲੌਂ ਮੁਫਤ ਕੋਚਿੰਗ ਦਿੱਤੀ ਜਾਂਦੀ ਹੈ , ਜਿਸ ਦਾ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ ।


