ਬਰਨਾਲਾ, ਗੁਰਦਾਸਪੁਰ, 4 ਜੁਲਾਈ (ਸਰਬਜੀਤ ਸਿੰਘ)– ਅਯੁੱਧਿਆ ਵਿੱਚ ਰਾਮ ਦੇ ਨਾਂ ‘ਤੇ ਦੇਸ਼ ਦੇ ਲੋਕਾਂ ਤੋਂ ਇਕੱਠੇ ਕੀਤੇ ਕਰੋੜਾਂ-ਅਰਬਾਂ ਰੁਪਏ ਦਾਨ ਦੀ ਵੱਡੇ ਪੱਧਰ ‘ਤੇ ਹੋਈ ਲੁੱਟ ਅਤੇ ਦੁਰਵਰਤੋਂ ਦੇ ਦੋਸ਼ਾਂ ਨੇ ਪੂਰੇ ਦੇਸ਼ ਨੂੰ ਹਲਾ ਕੇ ਰੱਖ ਦਿੱਤਾ ਹੈ। ਸੀ ਪੀ ਆਈ (ਐੱਮ ਐੱਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਨਕਲੀ ਭਗਤਾਂ ਅਤੇ ਉਹਨਾਂ ਦੇ ਪਿੱਛੇ ਖੜ੍ਹੇ ਰਾਜਨੀਤਕ ਪੁਜਾਰੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਆਗੂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਦੀ ਵਿਸ਼ੇਸ਼ ਜਾਂਚ ਟੀਮ (SIT) ਦੁਆਰਾ ਜਾਂਚ ਤੋਂ ਬਾਅਦ ਅੱਠ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਦਾਨ ਦੀ ਗਿਣਤੀ ਅਤੇ ਪ੍ਰਬੰਧਨ ਵਿੱਚ ਗੰਭੀਰ ਕੋਤਾਹੀਆਂ ਦੇ ਦੋਸ਼ਾਂ ਨੇ ਮਾਮਲੇ ਦੀ ਗੰਭੀਰਤਾ ਨੂੰ ਉਜਾਗਰ ਕਰ ਦਿੱਤਾ ਹੈ। ਵੱਖ-ਵੱਖ ਰਿਪੋਰਟਾਂ ਦੇ ਅਨੁਸਾਰ, ਕਰੋੜਾਂ ਰੁਪਏ ਦੇ ਦਾਨ ਦੀ ਚੋਰੀ ਅਤੇ ਦੁਰਵਰਤੋਂ ਦੇ ਦੋਸ਼ ਸਾਹਮਣੇ ਆਏ ਹਨ, ਅਤੇ ਜਾਂਚ ਅਜੇ ਵੀ ਜਾਰੀ ਹੈ। ਲੱਖਾਂ ਰੁਪਏ ਨਕਦ ਪਹਿਲਾਂ ਹੀ ਜ਼ਬਤ ਕੀਤੇ ਜਾ ਚੁੱਕੇ ਹਨ। ਪੂਰੀ ਸੱਚਾਈ ਜਨਤਾ ਦੇ ਸਾਹਮਣੇ ਆਉਣੀ ਚਾਹੀਦੀ ਹੈ।
ਰਾਮ ਦੇ ਨਾਮ ਦਾ ਰਾਜਨੀਤੀਕਰਣ ਕਰਨ ਕਰਕੇ ਸੱਤਾ ਵਿੱਚ ਆਉਣ ਵਾਲੀ ਭਾਜਪਾ,ਆਰ ਐੱਸ ਐੱਸ ਅੱਜ ਰਾਮ ਭਗਤਾਂ ਦੇ ਦਾਨ ਦੀ ਰੱਖਿਆ ਕਰਨ ਵਿੱਚ ਵੀ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ। ਧਰਮ ਦੇ ਨਾਂ ‘ਤੇ ਦੇਸ਼ ਨੂੰ ਵੰਡਣ ਵਾਲਿਆਂ ਅਤੇ ਦੇਸ਼ ਭਗਤੀ ਦੀ ਆੜ ਵਿੱਚ ਇਸ ‘ਤੇ ਸਵਾਲ ਉਠਾਉਣ ਵਾਲਿਆਂ ਨੂੰ ਦੇਸ਼ਧ੍ਰੋਹੀ ਕਹਿਣ ਵਾਲਿਆਂ ਕੋਲ ਆਪਣੇ ਹੀ ਸ਼ਾਸਨ ਦੌਰਾਨ ਲਗਾਏ ਗਏ ਇਨ੍ਹਾਂ ਗੰਭੀਰ ਦੋਸ਼ਾਂ ਦਾ ਹੁਣ ਕੀ ਜਵਾਬ ਹੈ?
ਭਾਜਪਾ-ਆਰ ਐੱਸ ਐੱਸ ਦਾ ਅਸਲੀ ਚਿਹਰਾ – ਜਿਨ੍ਹਾਂ ਨੇ ਲੋਕਾਂ ਦੀ ਰੋਜ਼ੀ-ਰੋਟੀ, ਕਿਸਾਨਾਂ-ਮਜਦੂਰਾਂ ਦੀਆਂ ਖੁਦਕੁਸ਼ੀਆਂ, ਬੇਰੁਜ਼ਗਾਰੀ, ਮਹਿੰਗਾਈ ਅਤੇ ਮਜ਼ਦੂਰਾਂ ਦੇ ਸ਼ੋਸ਼ਣ ਵਰਗੇ ਗੰਭੀਰ ਮੁੱਦਿਆਂ ਨੂੰ ਛੁਪਾਉਣ ਲਈ “ਜੈ ਸ਼੍ਰੀ ਰਾਮ” ਦੇ ਨਾਅਰੇ ਨੂੰ ਰਾਜਨੀਤਿਕ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ – ਅੱਜ ਉਹ ਬੇਨਕਾਬ ਹੋ ਗਿਆ ਹੈ। ਇੱਕ ਪਾਸੇ, ਉਹ ਸੱਤਾ ਹਾਸਲ ਕਰਨ ਲਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਂਦੇ ਹਨ; ਦੂਜੇ ਪਾਸੇ, ਉਸੇ ਧਰਮ ਦੇ ਨਾਂ ‘ਤੇ ਪ੍ਰਾਪਤ ਕੀਤੇ ਗਏ ਦਾਨ ਦੀ ਸੁਰੱਖਿਆ ਨੂੰ ਲੈਕੇ ਗੰਭੀਰ ਦੋਸ਼ ਜੱਗ ਜ਼ਾਹਰ ਹੋ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਜਿਹੜੇ ਰਾਮ ਮੰਦਿਰ ਦੀ ਉਸਾਰੀ ‘ਤੋਂ ਲੈਕੇ ਉਦਘਾਟਨ ਕਰਨ ਤੱਕ ਖ਼ੁਦ ਅਗਵਾਈ ਕਰਦੇ ਰਹੇ, ਅੱਜ ਉਹ ਲੋਕਾਂ ਦੇ ਸ਼ਰਧਾ ਨਾਲ ਚੜ੍ਹਾਏ ਦਾਨ ਦੀ ਸੁਰੱਖਿਆ ਨਹੀਂ ਕਰ ਸਕੇ। ਕੇਂਦਰ ਸਰਕਾਰ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਇਸ ਮਾਮਲੇ ਵਿੱਚ ਦੇਸ਼ ਦੇ ਲੋਕਾਂ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ। ਜੋ ਵੀ ਦੋਸ਼ੀ ਪਾਇਆ ਜਾਂਦਾ ਹੈ, ਉਸ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ । ਪੂਰੀ ਜਾਂਚ ਆਮ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ। ਇਸ ਬੁਝਦਿਲਾਨਾ ਕਾਰਵਾਈ ਨੂੰ ਕਿਸੇ ਵੀ ਰਾਜਨੀਤਿਕ ਜਾਂ ਪ੍ਰਸ਼ਾਸਨਿਕ ਪ੍ਰਭਾਵ ਤੋਂ ਪ੍ਰਭਾਵਿਤ ਨਹੀਂ ਹੋਣ ਦੇਣਾ ਚਾਹੀਦਾ।
ਜਿਹੜੇ ਲੋਕ ਆਪਣੇ ਰਾਜਨੀਤਿਕ ਅਤੇ ਕਾਰਪੋਰੇਟ ਫ਼ਾਇਦੇ ਲਈ ਧਰਮ ਦੀ ਵਰਤੋਂ ਕਰਦੇ ਹਨ, ਆਮ ਜਨਤਾ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਧਰਮ ਦੇ ਨਾਂ ‘ਤੇ ਰਾਜਨੀਤਕ ਖੇਡ ,ਖੇਡ ਰਹੇ ਹਨ। ਜਿਹੜੇ ਅਧਰਮੀ ਲੋਕ ਜਨਤਾ ਨੂੰ ਮੂਰਖ਼ ਬਣਾਕੇ ਅਤੇ ਧਰਮ ਨੂੰ ਪੌੜੀ ਬਣਾ ਕੇ ਸੱਤ੍ਹਾ ਦੇ ਗਿਲਾਰੇਆਂ ਤੱਕ ਪਹੁੰਚਦੇ ਹਨ ਅਤੇ ਲੋਕਾਂ ਨੂੰ ਆਪਸ ਵਿੱਚ ਵੰਡਦੇ ਹਨ, ਜਨਤਾ ਨੂੰ ਉਨ੍ਹਾਂ ‘ਤੋਂ ਸਵਾਲ ਪੁੱਛਣੇ ਚਾਹੀਦੇ ਹਨ। ਆਓ! ਕਾਰਪੋਰੇਟ ਪੂੰਜੀ, ਧਾਰਮਿਕ ਰਾਜਨੀਤੀ ਅਤੇ ਫਾਸ਼ੀਵਾਦੀ ਗੱਠਜੋੜ ਦੇ ਖ਼ਿਲਾਫ਼ ਮਿਹਨਤਕਸ਼ ਲੋਕਾਂ ਦੀ ਅਗਵਾਈ ਹੇਠ ਜਮਹੂਰੀ ਅਤੇ ਲੋਕ-ਪੱਖੀ ਲਹਿਰ ਉਸਾਰੀਏ ਅਤੇ ਵਧ ਫੁੱਲ ਰਹੇ ਕਾਰਪੋਰੇਟੀਕਰਣ ਅਤੇ ਫਾਸ਼ੀਵਾਦ ਦਾ ਮੂੰਹ ਤੋੜ ਜਵਾਬ ਦੇਈਏ।


