ਇਤਿਹਾਸਕ ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਫਿਲੌਰ ਵਿਖੇ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਕਰਵਾਇਆ- ਬਾਬਾ ਸੁਖਵਿੰਦਰ ਸਿੰਘ

ਮਾਲਵਾ

ਫਿਲੌਰ, ਗੁਰਦਾਸਪੁਰ, 6 ਜਨਵਰੀ ( ਸਰਬਜੀਤ ਸਿੰਘ)– ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈਕੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵਲੋਂ ਧਾਰਮਿਕ ਸਮਾਗਮ ਕਰਵਾਏ ਜਾ ਰਹੇ, ਤਖ਼ਤ ਸ੍ਰੀ ਪਟਨਾ ਸਾਹਿਬ ਤੇ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਪਾਉਣ ਉਪਰੰਤ ਮੰਜੀ ਹਾਲ ਵਿਖੇ ਦੀਵਾਨ ਸਜਾਏ ਗਏ, ਇਸੇ ਤਰ੍ਹਾਂ ਇਤਿਹਾਸਕ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਫਿਲੌਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਰੱਖੇਂ ਅਖੰਡ ਪਾਠਾਂ ਦੇ ਸੰਪੂਰਨ ਭੋਗ ਤੋਂ ਉਪਰੰਤ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿਚ ਪੰਥ ਦੇ ਨਾਮਵਰ ਕੀਰਤਨੀ ਜਥਿਆਂ ਨੇ ਕੀਰਤਨ ਦੀ ਹਾਜ਼ਰੀ ਲਵਾਈ ਤੇ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਰਾਹੀਂ ਨਿਹਾਲ ਕੀਤਾ ,ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਦੇ ਮੁੱਖੀ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਨੇ ਕਥਾ ਵਿਚਾਰ ਤੇ ਕੀਰਤਨ ਦੀ ਹਾਜ਼ਰੀ ਲਵਾਈ, ਸਮੂਹ ਧਾਰਮਿਕ ਬੁਲਾਰਿਆਂ ਤੇ ਹੋਰਾਂ ਦਾ ਗੁਰਦੁਆਰਾ ਸਾਹਿਬ ਦੇ ਮੈਨੇਜਰ ਤੇ ਸੰਤ ਸੁਖਵਿੰਦਰ ਸਿੰਘ ਆਲੋਵਾਲ ਤੇ ਹੈਂਡ ਗ੍ਰੰਥੀ ਵੱਲੋਂ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਸੰਤ ਸੁਖਵਿੰਦਰ ਸਿੰਘ ਜੀ ਨਾਲ ਗੱਲਬਾਤ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਦੱਸਿਆ ਕੀਰਤਨ ਦਰਬਾਰ ਸਬੰਧੀ ਗੁਰਦੁਆਰਾ ਬਾਉਲੀ ਸਾਹਿਬ ਫਿਲੌਰ ਵਿਖੇ ਪਰਸੋਂ ਦੇ ਰੋਜ਼ ਤੋਂ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ, ਜਿਨ੍ਹਾਂ ਦੇ ਅੱਜ ਸੰਪੂਰਨ ਭੋਗ ਅਰਦਾਸ ਤੇ ਪਾਵਨ ਪਵਿੱਤਰ ਹੁਕਮ ਨਾਮੇ ਤੋਂ ਉਪਰੰਤ ਕੀਰਤਨ ਦਰਬਾਰ ਦੀ ਅਰੰਭਤਾ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਕੀਰਤਨੀ ਜਥੇ ਦੇ ਰਸਭਿੰਨੇ ਸ਼ਬਦ ਗੁਰਬਾਣੀ ਕੀਰਤਨ ਤੋਂ ਉਪਰੰਤ ਸ਼ੁਰੂ ਹੋਈ ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀ ਜਥਿਆਂ ਨੇ ਹਾਜ਼ਰੀ ਲਵਾਈ ਤੇ ਸੰਗਤਾਂ ਨੂੰ ਸ਼ਬਦ ਗੁਰਬਾਣੀ ਕੀਰਤਨ ਨਾਲ ਜੋੜਿਆ, ਭਾਈ ਖਾਲਸਾ ਨੇ ਦੱਸਿਆ ਵਿਸ਼ੇਸ਼ ਤੌਰ ਤੇ ਪੁੱਜੇ ਸੰਤ ਸੁਖਵਿੰਦਰ ਸਿੰਘ ਜੀ ਨੇ ਜਿਥੇ ਕੀਰਤਨ ਦੀ ਹਾਜ਼ਰੀ ਲਵਾਈ ਉਥੇ ਉਨ੍ਹਾਂ ਨੇ ਕਥਾ ਵਿਚਾਰ ਰਾਹੀਂ ਦੱਸਿਆ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਕੌਮ ਲਈ ਜ਼ਾਲਮ ਹਕੂਮਤ ਨਾਲ ਕਈ ਜੰਗਾਂ ਕੀਤੀਆਂ ਤੇ ਆਪਣੀਆਂ ਫੌਜਾਂ ਸਮੇਤ ਆਪਣਾਂ ਸਾਰਾਂ ਕੁਝ ਦੇਸ਼ ਲਈ ਨਿਛਾਵਰ ਕਰ ਦਿੱਤਾ ,ਉਨ੍ਹਾਂ (ਬਾਬਾ ਸੁਖਵਿੰਦਰ ਸਿੰਘ) ਨੇ ਕਿਹਾ ਇਥੇ ਬੱਸ ਨਹੀਂ ਇਸ ਕਾਰਜ ਲਈ ਉਨ੍ਹਾਂ ਆਪਣੇ ਚਾਰ ਸਾਹਿਬਜ਼ਾਦੇ ਕੁਰਬਾਨ ਕਰਨ ਦੇ ਨਾਲ-ਨਾਲ ਸਾਰਾ ਸਰਬੰਸ ਹੀ ਵਾਰ ਦਿੱਤਾ, ਬਾਬਾ ਸੁਖਵਿੰਦਰ ਸਿੰਘ ਜੀ ਆਲੋਵਾਲ ਨੇ ਕਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਧਰਮੀ ਪਾਤਸ਼ਾਹ ਰਾਹੀਬਰ ਦੁਨੀਆਂ ਤੇ ਨਹੀਂ ਮਿਲ ਸਕਦਾ, ਉਨ੍ਹਾਂ ਕਿਹਾ ਸਰਸੇ ਨਦੀ ਨੂੰ ਪਾਰ ਕਰਨ ਤੋਂ ਪਹਿਲਾਂ ਉਨ੍ਹਾਂ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਭਾਵੇਂ ਇਥੇ ਗੁਰੂ ਸਾਹਿਬ ਜੀ ਦਾ ਪ੍ਰਵਾਰ ਵਿਛੋੜਾ ਪੈ ਗਿਆ ਪਰ ਆਪਣੇ ਸਿਖਾਂ ਨੂੰ ਅੰਮ੍ਰਿਤ ਵੇਲੇ ਦੇ ਮਹਾਤਮ ਨਾਲ ਜੋੜਨ ਵਾਸਤੇ ਆਪਣੀਆਂ ਫ਼ੌਜਾਂ ਤੇ ਕੀਮਤੀ ਗ੍ਰੰਥ ਸਰਸੇ ਨਦੀ ਨੂੰ ਭੇਟ ਕਰਨੇ ਪਏ, ਬਾਬਾ ਸੁਖਵਿੰਦਰ ਸਿੰਘ ਨੇ ਕਿਹਾ ਇਸ ਕਰਕੇ ਅੰਮ੍ਰਿਤ ਵੇਲੇ ਹਰ ਇੱਕ ਸਿੱਖ ਨੂੰ ਗੁਰਬਾਣੀ ਦੇ ਨਿੱਤਨਾਮ ਨਾਲ ਜੁੜਨਾ ਚਾਹੀਦਾ ਹੈ ਤਾਂ ਹੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ,ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ,ਸੰਤ ਸੁਖਵਿੰਦਰ ਸਿੰਘ ਜੀ ਆਲੋਵਾਲ ਤੇ ਹੈਂਡ ਗ੍ਰੰਥੀ ਬਾਉਲੀ ਸਾਹਿਬ ਤੋਂ ਇਲਾਵਾ ਜਥੇਦਾਰ ਗੁਰਮੀਤ ਸਿੰਘ ਸੈਕਟਰੀ ਤਰਨਾ ਦਲ,ਬਾਬਾ ਦਾਰਾ ਸਿੰਘ ਯੂ ਪੀ, ਭਾਈ ਹਰਜੀਤ ਸਿੰਘ ਜੀ, ਭਾਈ ਗੁਰਮੇਲ ਸਿੰਘ ,ਭਾਈ ਦਾਦੂ ਸਿੰਘ ਤੇ ਭਾਈ ਤੇਜਿੰਦਰ ਸਿੰਘ ਤੋਂ ਇਲਾਵਾ ਸੈਂਕੜੇ ਸਥਾਨਕ ਆਗੂ ਹਾਜਰ ਸਨ, ਇਸ ਮੌਕੇ ਤੇ ਸਮੂਹ ਸੰਗਤਾਂ ਨੂੰ ਗੁਰ ਮਰਯਾਦਾ ਅਨੁਸਾਰ ਲੰਗਰ ਦੀ ਪੰਗਤ ਵਿੱਚ ਪ੍ਰਸ਼ਾਦਾ ਛਕਾਇਆ ਗਿਆ ।।

Leave a Reply

Your email address will not be published. Required fields are marked *