ਗੜ੍ਹਸ਼ੰਕਰ, ਗੁਰਦਾਸਪੁਰ, 24 ਨਵੰਬਰ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 26 ਨਵੰਬਰ ਨੂੰ ਚੰਡੀਗੜ੍ਹ ਵਿਖੇ ਮਨਾਏ ਜਾ ਰਹੇ ਫਤਿਹ ਦਿਵਸ ਦੀ ਤਿਆਰੀ ਲਈ ਕਿਰਤੀ ਕਿਸਾਨ ਯੂਨੀਅਨ ਗੜ੍ਹਸ਼ੰਕਰ ਵੱਲੋਂ ਪਿੰਡ ਸਕੰਦਰਪੁਰ, ਰਸੂਲਪੁਰ ਅਤੇ ਚਾਹਲ ਪੁਰ ਵਿੱਚ ਕਿਸਾਨਾ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਜਿਸ ਵਿੱਚ ਸਮੂਹ ਕਿਸਾਨਾ ਨੂੰ ਚੰਡੀਗੜ੍ਹ ਪੁੱਜਣ ਦੀ ਅਪੀਲ ਕੀਤੀ ਗਈ।
ਕਿਸਾਨਾ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ, ਜਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਚਾਹਲ ਅਤੇ ਕੁਲਵੰਤ ਸਿੰਘ ਗੋਲੇਵਾਲ ਨੇ ਕਿਹਾ ਕੇਂਦਰ ਸਰਕਾਰ ਅਸਿੱਧੇ ਢੰਗ ਨਾਲ ਬਿਜਲੀ ਬਿਲ 2020 ਲਾਗੂ ਕਰਨ ਤੇ ਤੁਲੀ ਹੋਈ ਹੈ । ਜਿਸ ਨਾਲ ਬਿਜਲੀ ਦਾ ਪ੍ਰਬੰਧ ਸਿੱਧੇ ਤੌਰ ਤੇ ਭਾਰਤ ਸਰਕਾਰ ਦੇ ਅਧੀਨ ਆ ਜਾਵੇਗਾ ਅਤੇ ਚਿਪ ਵਾਲੇ ਮੀਟਰ ਲਾ ਕੇ ਕਿਸਾਨਾ ਅਤੇ ਘਰੇਲੂ ਖਪਤਕਾਰਾਂ ਨੂੰ ਮਿਲਦੀ ਮੁਫਤ ਬਿਜਲੀ ਦੀ ਸਹੂਲਤ ਨੂੰ ਖਤਮ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕੇ ਪਹਿਲਾ ਭਾਖੜਾ ਡੈਮ ਅਤੇ ਹੁਣ ਪੰਜਾਬ ਯੂਨਿਵਰਸਿਟੀ ਚੰਡੀਗੜ੍ਹ ਵਿੱਚ ਪੰਜਾਬ ਦਾ ਹਕ ਖਤਮ ਕਰਨ ਦੀ ਕੋਸਿਸ਼ ਕੀਤੀ ਜਾ ਰਹੀ ਹੈ । ਹੜ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਥਾਂਹ ਸਿਰਫ ਲਾਰੇ ਲਾਏ ਜਾ ਰਹੇ ਹਨ ।ਗੰਨਾ ਮਿੱਲਾਂ ਨੂੰ ਚਾਲੂ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਗੰਨੇ ਦੇ ਰੇਟ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਇਸ ਕਰਕੇ ਕਿਸਾਨਾ ਨੂੰ ਲਾਮਬੰਦ ਹੋਣ ਦੀ ਲੋਡ ਹੈ। ਮੀਟਿੰਗਾਂ ਵਿੱਚ ਜਥੇਬੰਦੀ ਦੇ ਬਲਾਕ ਆਗੂ ਸੰਦੀਪ ਸਿੰਘ ਮਿੰਟੂ ਸਕੰਦਰਪੁਰ ਅਮਰੀਕ ਸਿੰਘ ਗੁਰਮੁਖ ਸਿੰਘ ਸੰਤੋਖ ਸਿੰਘ ਰਸੂਲਪੁਰ ਗੁਰਦੀਪ ਸਿੰਘ ਚਾਹਲ ਪੁਰ ਤਰਸੇਮ ਸਿੰਘ ਅਤੇ ਲਖਵੀਰ ਸਿੰਘ ਹਾਜਰ ਸਨ


