ਚਾਉਕੇ-ਰਾਮਪੁਰਾ , ਗੁਰਦਾਸਪੁਰ, 8 ਸਤੰਬਰ (ਸਰਬਜੀਤ ਸਿੰਘ)– ਅੱਜ ਇੱਥੋਂ ਨੇੜਲੇ ਪਿੰਡ ਬੱਲ੍ਹੋ ਵਿਖੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੀ ਅਗਵਾਈ ਹੇਠ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈਕੇ ਮੀਟਿੰਗ ਕੀਤੀ ਗਈ। ਜਿਸ ਦੀ ਸ਼ੁਰੂਆਤ ਅਜਮੇਰ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਆਗੂ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਕਿਹਾ ਕਿ ਪਿੰਡਾਂ ਅੰਦਰ ਮਜ਼ਦੂਰਾਂ ਦੀ ਹਾਲਤ ਲਗਾਤਾਰ ਤਰਸਯੋਗ ਬਣਦੀ ਜਾ ਰਹੀ ਹੈ। ਹਰ ਖੇਤਰ ਵਿੱਚ ਮਸ਼ੀਨ ਦੀ ਬੇਲੋੜੀ ਵਰਤੋਂ ਦੇ ਕਾਰਣ ਪਿੰਡਾਂ ਦੇ ਮਜ਼ਦੂਰ ਬੇਰੁਜ਼ਗਾਰੀ ਦੀ ਖ਼ਾਕ ਛਾਨਣ ਲਈ ਮਜਬੂਰ ਹਨ, ਜਿਨ੍ਹਾਂ ਦੀ ਆਰਥਿਕ ਹਾਲਤ ਬਦ ਤੋਂ ਬਦਤਰ ਬਣ ਗਈ ਹੈ। ਮਜ਼ਦੂਰਾਂ ਨੂੰ ਕਿਧਰੇ ਕੰਮ ਨਹੀਂ ਮਿਲ ਰਿਹਾ। ਮਨਰੇਗਾ ਕਾਨੂੰਨ ਬਣਨ ਨਾਲ ਮਜ਼ਦੂਰਾਂ ਨੂੰ ਆਸ ਬੱਝੀ ਸੀ ਕਿ ਇਸ ਨਾਲ ਮਜ਼ਦੂਰਾਂ ਨੂੰ ਕੰਮ ਮਿਲੇਗਾ ਅਤੇ ਗ਼ਰੀਬ ਲੋਕਾਂ ਦਾ ਚੁੱਲ੍ਹਾ ਤਪਦਾ ਹੋਵੇਗਾ ਪਰ ਮਨਰੇਗਾ ਦਾ ਕੰਮ ਵੀ ਸਿਆਸਤ ਦੀ ਭੇਂਟ ਚੜ੍ਹ ਗਿਆ ਹੈ। ਆਪ ਪਾਰਟੀ ਨੇ ਮਜ਼ਦੂਰ ਵਰਗ ਤੋਂ ਵੋਟਾਂ ਲੈਣ ਲਈ ਜੋ ਵਾਅਦੇ ਕੀਤੇ ਸਨ , ਸਭ ਝੂਠੇ ਸਾਬਤ ਹੋਏ ਹਨ। ਅੱਜ ਪਿੰਡਾਂ ਅੰਦਰ ਪੰਚਾਇਤੀ ਚੋਣਾਂ ਦੀ ਚਰਚਾ ਸ਼ੁਰੂ ਹੋਣ ਨਾਲ, ਆਪ ਪਾਰਟੀ ਦੇ ਅਖੌਤੀ ਲੀਡਰ ਗ਼ਰੀਬ ਵੋਟਰਾਂ ਨਾਲ਼ ਦੁਵਾਰਾ ਫਿਰ ਸਿਆਸੀ ਠੱਗੀ ਮਾਰਨ ਲਈ ਵੱਖ ਵੱਖ ਢੰਗਾਂ ਨਾਲ ਭਰਮਾਉਣ ਦਾ ਯਤਨ ਕਰ ਰਹੇ ਹਨ। ਆਗੂਆਂ ਨੇ ਮਜ਼ਦੂਰ ਵਰਗ ਨੂੰ ਸੁਚੇਤ ਕਰਦਿਆਂ ਕਿਹਾ ਕਿ ਆਉਂਦੀਆਂ ਚੋਣਾਂ ਵਿੱਚ ਆਪ ਪਾਰਟੀ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਜਾਵੇ ਤਾਂ ਕਿ ਅੱਗੇ ਤੋਂ ਝੂਠੀਆਂ ਗਰੰਟੀਆਂ ਨਾਂ ਕੀਤੀਆਂ ਜਾਣ। ਆਗੂਆਂ ਨੇ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਮਿਲੇ, 700 ਰੁਪਏ ਦਿਹਾੜੀ ਅਤੇ ਪ੍ਰੀਵਾਰ ਦੇ ਦੋ ਜੀਆਂ ਨੂੰ ਕੰਮ ਦੀ ਗਰੰਟੀ ਕੀਤੀ ਜਾਵੇ। ਇੱਕ ਹਜ਼ਾਰ ਰੁਪਏ ਬਕਾਏ ਸਮੇਤ ਹਰ ਔਰਤ ਦੇ ਖਾਤੇ ਵਿੱਚ ਪਾਏ ਜਾਣ। ਹਰਿਆਣਾ ਸਰਕਾਰ ਦੀ ਤਰਜ਼ ਤੇ ਗ਼ਰੀਬ ਲੋਕਾਂ ਨੂੰ 500 ਰੁਪਏ ਰਸੋਈ ਗੈਸ ਸਿਲੰਡਰ ਦਿੱਤਾ ਜਾਵੇ। ਰਾਸ਼ਨ ਡਿਪੂਆਂ ਤੋਂ ਦੋ ਰੁਪਏ ਕਿਲੋ ਵਾਲੀ ਕਣਕ ਬਕਾਏ ਸਮੇਤ ਹਰ ਗ਼ਰੀਬ ਪ੍ਰੀਵਾਰ ਨੂੰ ਦਿੱਤੀ ਜਾਵੇ। ਅੱਜ ਦੀ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੀ ਆਗੂ ਪਰਮਜੀਤ ਕੌਰ ਅਤੇ ਬੇਅੰਤ ਕੌਰ ਬੱਲ੍ਹੋ ਨੇ ਵੀ ਸੰਬੋਧਨ ਕੀਤਾ।