ਨੀਵੇਂ ਇਲਾਕਿਆਂ ਵਿਚ ਕਣਕ ਦੀ ਫਸਲ ਵਾਲੇ ਖੇਤਾਂ ਵਿਚੋਂ ਵਾਧੂ ਪਾਣੀ ਬਾਹਰ ਕੱਢ ਦੇਣਾ ਚਾਹੀਦਾ : ਡਾ. ਅਮਰੀਕ ਸਿੰਘ

ਗੁਰਦਾਸਪੁਰ

ਬਹਾਰ ਰੁੱਤੇ ਗੰਨੇ ਦੀ ਫਸਲ ਹੇਠ ਰਕਬਾ ਵਧਾਉਣ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਲੀਲਕਲਾਂ ਵਿੱਚ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ

ਗੁਰਦਾਸਪੁਰ, 24 ਮਾਰਚ (ਸਰਬਜੀਤ ਸਿੰਘ)– ਬਹਾਰ ਰੁੱਤ ਦੇ ਗੰਨੇ ਦੀ ਬਿਜਾਈ ਦੀਆਂ ਨਵੀਨਤਮ ਕਾਸ਼ਤਕਾਰੀ ਤਕਨੀਕਾਂ ਅਤੇ ਗੰਨੇ ਦੀ ਫਸਲ ਹੇਠ ਰਕਬਾ ਵਧਾਉਣ ਨੂੰ ਉਤਸ਼ਾਹਿਤ ਕਰਨ ਲਈ ਗੰਨਾ ਸ਼ਾਖਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਬਲਾਕ ਕਾਦੀਆਂ ਦੇ ਪਿੰਡ ਲੀਲਕਲਾਂ ਵਿੱਚ ਕਿਸਾਨ ਜਾਗਰੁਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਐਗਰੀਕਲਚਰ ਟੈਕਨਾਲੋਜੀ ਪ੍ਰਬੰਧਨ ਏਜੰਸੀ (ਆਤਮਾ) ਤਹਿਤ ਲਗਾਏ ਗਏ ਇਸ ਕੈਂਪ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਜ਼ਿਲ੍ਹਾ ਸਿਖਲਾਈ ਅਫ਼ਸਰ ਨੇ ਕੀਤੀ। ਇਸ ਮੌਕੇ ਡਾ. ਹਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਦਿਲਰਾਜ ਸਿੰਘ, ਡਾ. ਮਿੱਤਰਮਾਨ ਸਿੰਘ ਖੇਤੀਬਾੜੀ ਵਿਕਾਸ ਅਫਸਰ (ਗੰਨਾ), ਕੁਲਦੀਪ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਮਨਪ੍ਰੀਤ ਸਿੰਘ, ਅਮਨਪ੍ਰੀਤ ਸਿੰਘ, ਲਵਲੀ ਮਾਸਟਰ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

ਕੈਂਪ ਵਿੱਚ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਮੌਸਮ ਦੇ ਬਦਲ ਰਹੇ ਮਿਜਾਜ ਨੂੰ ਮੱਦੇਨਜ਼ਰ ਰੱਖਦਿਆਂ ਹਾੜ੍ਹੀ ਦੀਆਂ ਫਸਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਉਨਾਂ ਕਿਹਾ ਕਿ  ਸਰੋਂ ਦੀ ਕਟਾਈ ਫਿਲਹਾਲ ਰੋਕ ਦੇਣੀ ਚਾਹੀਦੀ ਹੈ ਅਤੇ ਕਣਕ ਦੀ ਫਸਲ ਵਿਚ ਜੇਕਰ ਬਰਸਾਤ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਤਾਂ ਵਾਧੂ ਪਾਣੀ ਨੂੰ ਤੁਰੰਤ ਪ੍ਰਭਾਵ ਤੋਂ ਬਾਹਰ ਕੱਢ ਦੇਣਾ ਚਾਹੀਦਾ ਤਾਂ ਕਣਕ ਦੀ ਫਸਲ ਨੂੰ ਨੁਕਸਾਨ ਨਾਂ ਹੋਵੇ।ਉਨਾਂ ਕਿਹਾ ਕਿ ਗੰਨੇ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਅਤੇ ਖੰਡ ਦੀ ਰਿਕਵਰੀ ਵਧਾਉਣ ਲਈ ਜ਼ਰੂਰੀ ਹੈ ਕਿ ਗੰਨੇ ਦੀ ਫਸਲ ਤੋਂ ਖੇਤੀ ਲਾਗਤ ਖਰਚੇ ਘਟਾ ਕੇ ਵਧੇਰੇ ਪੈਦਾਵਾਰ  ਲੈਣ ਲਈ ਨਵੀਨਤਮ ਕਾਸਤਕਾਰੀ ਤਕਨੀਕਾਂ ਅਪਨਾਈਆਂ ਜਾਣ। ਉਨਾਂ ਕਿਹਾ ਕਿ ਭਵਿੱਖ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦਿਆਂ ਗੰਨੇ ਦੇ ਬੀਜ ਵਾਲੀ ਫਸਲ ਵੱਖਰੇ ਖੇਤ ਵਿੱਚ ਬੀਜਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਕਟਾਈ ਸਮੇਂ ਅੱਗ ਲੱਗਣ ਦੀਆਂ ਦੁਰਘਟਨਾਵਾਂ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਦਾ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਰਹਿੰਦੇ ਬਿਜਲੀ ਦੀਆਂ ਢਿੱਲੀਆਂ ਤਾਰਾਂ ਨੂੰ ਕਸਵਾ ਲੈਣਾ ਚਾਹੀਦਾ।

ਡਾ.ਹਰਮਨਦੀਪ ਸਿੰਘ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਦਾਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਕਿਹਾ ਕਿ ਗਰਮੀ ਰੁੱਤ ਦੇ ਮਾਹਾਂ ਦੀ ਬਿਜਾਈ ਅੱਧ ਅਪ੍ਰੈਲ ਤੱਕ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਤੀ ਏਕੜ 20 ਕਿਲੋ ਮਾਹਾਂ ਦੇ ਬੀਜ ਨੂੰ ਡਰਿੱਲ ਨਾਲ ਕੇਰ ਦੇਣਾ ਚਾਹੀਦਾ ਹੈ।

ਡਾ. ਮਿੱਤਰਮਾਨ ਸਿੰਘ ਨੇ ਕਿਹਾ ਕਿ  ਗੰਨੇ ਦੀਆਂ ਦੋ ਕਤਾਰਾਂ ਵਿਚਕਾਰ ਦਾਲਾਂ (ਗਰਮੀ ਰੁੱਤ ਦੇ ਮਾਂਹ ਜਾਂ ਮੂੰਗੀ) ਦੀਆਂ ਦੋ ਕਤਾਰਾਂ ਦੀ ਕਾਸਤ ਕਰਕੇ ਵਾਧੂ ਆਮਦਨ ਦੇ ਨਾਲ-ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਤੀ ਏਕੜ ਭਾਰੇ ਅਤੇ ਵਧੇਰੇ ਗੰਨੇ ਪ੍ਰਾਪਤ ਕਰਨ ਲਈ ਦੋ ਕਤਾਰੀ ਖ਼ਾਲੀ ਵਿਧੀ ਅਪਨਾਈ ਜਾਣੀ ਚਾਹੀਦੀ ਹੈ। ਉਨਾਂ ਕਿਹਾ ਕਿ ਇਸ ਵਿਧੀ ਰਾਹੀਂ ਬਿਜਾਈ ਕਰਨ ਨਾਲ ਸਿੰਚਾਈ ਵਾਲੇ ਪਾਣੀ ਦੀ ਬੱਚਤ, ਫ਼ਸਲ ਦੀ ਸੌਖੀ ਬੰਨਾਈ ਅਤੇ ਝਾੜ ਵਿੱਚ ਵਾਧਾ ਹੁੰਦਾ ਹੈ।

ਡਾ. ਦਿਲਰਾਜ ਸਿੰਘ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧਿ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਨ੍ਹਾਂ ਲਾਭਪਾਤਰੀਆਂ ਦੀ ਕਿਸ਼ਤ ਰੁਕੀ ਹੈ,ਉਨ੍ਹਾਂ ਨੂੰ ਈ, ਕੇ ਵਾਈ ਸੀ ਕਰਵਾ ਲੈਣੀ ਚਾਹੀਦੀ ਹੈ।ਸ੍ਰੀ ਕੁਲਦੀਪ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਨੇ ਕਿਹਾ ਕਿ ਜ਼ਿਲਾ ਗੁਰਦਾਸਪੁਰ ਵਿੱਚ ਬਾਸਮਤੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਹਰੇਕ ਦੋ ਪਿਡਾਂ ਪਿੱਛੇ ਕਿਸਾਨ ਮਿੱਤਰ ਨਿਯੁਕਤ ਕੀਤੇ ਜਾ ਰਹੇ ਹਨ ।ਡਾ. ਪਰਮਬੀਰ ਸਿੰਘ  ਕਾਹਲੋਂ ਖੇਤੀਬਾੜੀ ਵਿਕਾਸ ਅਫਸਰ ਨੇ ਸਟੇਜ ਸਕੱਤਰ ਦੇ ਫਰਜ ਬਾਖੂਬੀ ਨਿਭਾਏ।    

Leave a Reply

Your email address will not be published. Required fields are marked *