ਅੰਨੇਵਾਹ ਲਾਠੀਚਾਰਜ ਕਰਨ ਵਾਲੇ ਡੀ. ਐੱਸ. ਪੀ ਸੰਜੀਵ ਸਿੰਗਲਾ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ – ਗੋਬਿੰਦ ਛਾਜਲੀ
ਮਾਨਸਾ, ਗੁਰਦਾਸਪੁਰ, 7 ਜੂਨ (ਸਰਬਜੀਤ ਸਿੰਘ)– ਸੀਪੀਆਈ (ਐਮ. ਐਲ) ਲਿਬਰੇਸ਼ਨ ਪਾਰਟੀ ਦੇ ਸੂਬਾਈ ਆਗੂ ਅਤੇ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੇ ਪਟਿਆਲਾ ਵਿਖੇ ਆਪਣੀਆਂ ਹੱਕੀ ਮੰਗਾਂ ਤੇ ਬੈਠੇ ਬੇਰੁਜ਼ਗਾਰ ਅਪਰੈਂਟਿਸ ਲਾਈਨਮੈਨਾਂ ’ਤੇ ਪੁਲਿਸ ਵੱਲੋਂ ਕੀਤੇ ਗਏ ਅੰਨੇਵਾਹ ਲਾਠੀਚਾਰਜ, ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਕਾਮਰੇਡ ਛਾਜਲੀ ਨੇ ਕਿਹਾ ਕਿ ਪੰਜਾਬ ਸਰਕਾਰ ਤੋ ਰੁਜ਼ਗਾਰ ਦੀ ਮੰਗ ਕਰ ਰਹੇ ਨੌਜਵਾਨਾਂ ਅਵਾਜ ਦਬਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਪਟਿਆਲਾ ਵਿਚ ਜੋ ਕੁਝ ਵਾਪਰਿਆ ਹੈ, ਉਹ ਲੋਕਤੰਤਰਿਕ ਕਦਰਾਂ-ਕੀਮਤਾਂ ਦੇ ਉਲਟ ਹੈ ਅਤੇ ਸ਼ਾਂਤਮਈ ਢੰਗ ਨਾਲ ਆਪਣੀ ਮੰਗ ਰੱਖ ਰਹੇ ਨੌਜਵਾਨਾਂ ’ਤੇ ਬਲ ਪ੍ਰਯੋਗ ਕਿਸੇ ਵੀ ਹਾਲਤ ਵਿਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਛਾਜਲੀ ਨੇ ਦੋਸ਼ ਲਾਇਆ ਕਿ ਪੁਲਿਸ ਦੇ ਡੀ ਐਸ ਪੀ ਸੰਜੀਵ ਸਿੰਗਲਾ ਵੱਲੋਂ ਖੁਦ ਮੌਕੇ ’ਤੇ ਅੱਗੇ ਹੋ ਕੇ ਨੌਜਵਾਨਾਂ ’ਤੇ ਲਾਠੀਚਾਰਜ ਕੀਤਾ ਗਿਆ, ਜਿਸ ਦੀ ਨਿਆਇਕ ਜਾਂਚ ਕਰਵਾ ਕੇ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ।
ਉੱਧਰ ਦੂਜੇ ਪਾਸੇ 6 ਜੂਨ ਨੂੰ ਸੁਨਾਮ ਵਿਖੇ ਸੇਵਾ ਕੇਂਦਰਾਂ ਦੇ ਕਾਮਿਆਂ ਸ਼ਾਂਤਮਈ ਢੰਗ ਨਾਲ ਆਪਣਾ ਪ੍ਰਦਰਸ਼ਨ ਕਰਕੇ ਮੰਗ ਪੱਤਰ ਦੇਣਾ ਸੀ ਦੇ ਤਹਿਤ ਆਗੂਆਂ ਨੂੰ ਪੁਲਿਸ ਨੇ ਗਿਰਫਤਾਰ ਕਰਕੇ ਵੱਖ ਵੱਖ ਥਾਣਿਆਂ ਵਿੱਚ ਬੰਦ ਕਰ ਦਿੱਤਾ ਸੀ। ਜਿਸ ਤੋਂ ਪੰਜਾਬ ਸਰਕਾਰ ਦਾ ਚਿਹਰਾ ਸਪੱਸ਼ਟ ਹੋ ਗਿਆ ਹੈ ਕਿ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆਂ ਕਰਵਾਉਣ ਦੀ ਬਜਾਏ ਉਨ੍ਹਾਂ ਤੇ ਜਬਰ ਕਰ ਰਹੀ ਹੈ। ਜੇਕਰ ਪੰਜਾਬ ਅਵਾਮ ਇੱਕ ਦਮ ਉੱਠ ਖੜੀ ਹੋਈ ਤਾਂ ਪੰਜਾਬ ਦਾ ਤਖਤਾਂ ਪਲਟ ਦੇਣਗੇ।


